ਜਨਵਰੀ ਤੋਂ ਸ਼ੁਰੂ ਹੋਵੇਗੀ ਪੱਕੀ ਭਰਤੀ, 143 ਕਰੋੜ ਦਾ ਟੈਂਡਰ ਸਹਿਮਤੀ ਨਾਲ ਹੋਵੇਗਾ ਓਪਨ, ਇਕ ਹਫ਼ਤੇ ਬਾਅਦ ਯੂਨੀਅਨਾਂ ਦੀ ਹੜਤਾਲ ਖ਼ਤਮ

ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਗਰਣ, ਜਲੰਧਰ : ਸਾਲਿਡ ਵੈਸਟ ਮੈਨੇਜਮੈਂਟ ਪ੍ਰੋਜੈਕਟ ਤੇ 1196 ਕਰਮਚਾਰੀਆਂ ਦੀ ਪੱਕੀ ਭਰਤੀ ਦੀ ਮੰਗ ਨੂੰ ਲੈ ਕੇ ਪਿਛਲੇ ਵੀਰਵਾਰ ਤੋਂ ਚੱਲ ਰਹੀ ਨਗਰ ਨਿਗਮ ਯੂਨੀਅਨਾਂ ਦੀ ਹੜਤਾਲ ਬੁੱਧਵਾਰ ਨੂੰ ਖ਼ਤਮ ਹੋ ਗਈ। ਮੇਅਰ ਵਨੀਤ ਧੀਰ ਨੇ 1196 ਸਫਾਈ ਸੇਵਕਾਂ ਦੀ ਭਰਤੀ ਜਨਵਰੀ ਤੋਂ ਸ਼ੁਰੂ ਕਰਨ ਦਾ ਭਰੋਸਾ ਦਿਵਾਇਆ ਹੈ। ਸਾਲਿਡ ਵੈਸਟ ਮੈਨੇਜਮੈਂਟ ਪ੍ਰੋਜੈਕਟ ’ਤੇ ਸਰਕਾਰ ਨਾਲ ਗੱਲਬਾਤ ਹੋਵੇਗੀ ਤੇ ਯੂਨੀਅਨ ਦੀ ਸਹਿਮਤੀ ਨਾਲ ਹੀ ਇਸ ਪ੍ਰੋਜੈਕਟ ਦਾ ਟੈਂਡਰ ਖੋਲ੍ਹਿਆ ਜਾਵੇਗਾ। ਮੇਅਰ ਵਨੀਤ ਧੀਰ ਨੇ ਯੂਨੀਅਨ ਆਗੂਆਂ ਨੂੰ ਯਕੀਨ ਦਿਵਾਇਆ ਕਿ ਪਹਿਲੀ ਜਨਵਰੀ 2026 ਤੋਂ ਭਰਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਲਈ ਇਸ਼ਤਿਹਾਰ ਜਾਰੀ ਕਰਕੇ ਅਰਜ਼ੀਆਂ ਮੰਗੀਆਂ ਜਾਣਗੀਆਂ। ਇਹ ਭਰਤੀ ਪੰਜਾਬ ਸਰਕਾਰ ਪਹਿਲਾਂ ਹੀ ਮਨਜ਼ੂਰ ਕਰ ਚੁੱਕੀ ਹੈ। ਭਰਤੀ ਪੰਜਾਬ ਪੱਧਰ ’ਤੇ ਹੋਣੀ ਸੀ ਪਰ ਯੂਨੀਅਨਾਂ ਦੀ ਮੰਗ ’ਤੇ ਇਸਨੂੰ ਜਲੰਧਰ ਨਗਰ ਨਿਗਮ ਦੇ ਇਲਾਕੇ ਤੱਕ ਸੀਮਿਤ ਕੀਤਾ ਜਾ ਸਕਦਾ ਹੈ। ਕੱਚੇ ਮਾਲੀਆਂ ਤੇ ਬੇਲਦਾਰਾਂ ਨੂੰ ਪੱਕਾ ਕਰਨ ਦੀ ਮੰਗ ਨੂੰ ਵੀ ਨਵੀਂ ਭਰਤੀ ਨਾਲ ਜੋੜਿਆ ਜਾ ਸਕਦਾ ਹੈ। ਜਲੰਧਰ ਕੈਂਟ ’ਚ ਕੰਮ ਕਰ ਰਹੇ ਕਰਮਚਾਰੀਆਂ ਦੀ ਸੈਲਰੀ ਦਾ ਮਾਮਲਾ ਵੀ ਸੁਲਝ ਗਿਆ ਹੈ ਤੇ ਨਿਗਮ ਇਨ੍ਹਾਂ ਕਰਮਚਾਰੀਆਂ ਨੂੰ ਜਲਦੀ ਤਨਖਾਹ ਜਾਰੀ ਕਰੇਗਾ। ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਨੇ ਯੂਨੀਅਨ ਨੇਤਾਵਾਂ ਨਾਲ ਲਗਪਗ ਦੋ ਘੰਟਿਆਂ ਤੱਕ ਮੀਟਿੰਗ ਕੀਤੀ। ਕਈ ਮੰਗਾਂ ’ਤੇ ਸਹਿਮਤੀ ਤੋਂ ਬਾਅਦ ਯੂਨੀਅਨਾਂ ਨੇ ਹੜਤਾਲ ਖ਼ਤਮ ਕਰਨ ਦਾ ਐਲਾਨ ਕੀਤਾ। ਪੰਜਾਬ ਸਰਕਾਰ ਨੇ ਜਲੰਧਰ ’ਚ ਕੂੜਾ ਲਿਫਟਿੰਗ ਲਈ 143 ਕਰੋੜ ਦਾ ਟੈਂਡਰ ਲਗਾਇਆ ਹੈ, ਜਿਸ ਦਾ ਸਾਰੀਆਂ ਯੂਨੀਅਨਾਂ ਵਿਰੋਧ ਕਰ ਰਹੀਆਂ ਹਨ। ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਵੀ ਇਸ ਦੇ ਵਿਰੋਧ ’ਚ ਮੇਅਰ-ਕਮਿਸ਼ਨਰ ਹਾਊਸ ਦਾ ਘਿਰਾਓ ਕਰ ਚੁੱਕੀ ਹੈ। ਯੂਨੀਅਨ ਆਗੂ ਬੰਟੂ ਸੱਭਰਵਾਲ ਤੇ ਸ਼ੰਮੀ ਲੂਥਰ ਦੀ ਅਗਵਾਈ ’ਚ ਸੋਮਵਾਰ ਤੋਂ ਸ਼ਹਿਰ ’ਚ ਕੂੜਾ ਲਿਫਟਿੰਗ ਬੰਦ ਕਰ ਦਿੱਤੀ ਗਈ ਸੀ। ਨਿਗਮ ਯੂਨੀਅਨਾਂ ਦਾ ਦੂਜੀ ਧਿਰ ਕੂੜਾ ਲਿਫਟਿੰਗ ਕਰ ਰਹੀ ਸੀ ਜਿਸ ਨਾਲ ਮੈਨ ਡੰਪ ਤਾਂ ਸਾਫ਼ ਹੋ ਰਹੇ ਸਨ ਪਰ ਪੁਰਾਣੇ ਇਲਾਕਿਆਂ ਤੇ ਬਾਜ਼ਾਰਾਂ ’ਚ ਕੂੜੇ ਦੇ ਢੇਰ ਲੱਗਣ ਸ਼ੁਰੂ ਹੋ ਗਏ ਸਨ। ਮੰਗਲਵਾਰ ਨੂੰ ਮੇਅਰ ਦੇ ਨਿਰਦੇਸ਼ ’ਤੇ ਹੜਤਾਲ ਕਰ ਰਹੇ ਕਰਮਚਾਰੀਆਂ ਨੂੰ ਡੀਜ਼ਲ ਸਪਲਾਈ ਰੋਕ ਦਿੱਤੀ ਗਈ ਸੀ। ਮੇਅਰ ਨੇ ਕੁਝ ਯੂਨੀਅਨ ਨੇਤਾਵਾਂ ਨਾਲ ਗੱਲਬਾਤ ਵੀ ਕੀਤੀ ਤੇ ਹੜਤਾਲ ਖਤਮ ਕਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਸੀ। ਬੁੱਧਵਾਰ ਨੂੰ ਵੀ ਯੂਨੀਅਨ ਨੇ ਦੋ ਘੰਟੇ ਦਾ ਧਰਨਾ ਲਗਾਇਆ। ਧਰਨੇ ’ਚ ਰਿੰਪੀ ਕਲਿਆਣ, ਰਾਜਨ ਕਲਿਆਣ, ਮਨੀਸ਼ ਬਾਬਾ, ਵਿਨੋਦ ਗਿੱਲ, ਵਿਕਰਮ ਕਲਿਆਣ, ਹਿਤੇਸ਼ ਨਾਹਰ, ਨਿਤੀਸ਼ ਨਾਹਰ, ਸਿਕੰਦਰ ਖੋਸਲਾ, ਸੋਨੂ ਸੁਪਰਵਾਈਜ਼ਰ, ਵਿਪਨ ਸੱਭਰਵਾਲ, ਅਸ਼ੋਕ ਵਾਲਮੀਕਿ, ਸੁਨੀਲ ਦੱਤ ਬਾਬੀ, ਹਰਦੇਵ ਨਾਹਰ, ਸੋਮਨਾਥ ਥਾਪਰ, ਗੌਰਵ, ਹੈਪੀ ਥਾਪਰ, ਰਾਹੁਲ ਥਾਪਰ, ਰਿੱਕੀ ਸੱਭਰਵਾਲ, ਸਨੀ ਖੋਸਲਾ, ਅਮਿਤ ਗਿੱਲ, ਅਨੂਪ ਥਾਪਰ ਆਦਿ ਮੌਜੂਦ ਰਹੇ।
-------------------
ਹੜਤਾਲ ਕਾਰਨ ਨਗਰ ਨਿਗਮ ਦਾ ਰੈਵਿਨਿਊ 30 ਫੀਸਦੀ ਘਟਿਆ
ਨਗਰ ਨਿਗਮ ਯੂਨੀਅਨਾਂ ਦੀ ਹੜਤਾਲ ਕਾਰਨ ਨਿਗਮ ਦਫਤਰ ਇਕ ਹਫ਼ਤੇ ਤੱਕ ਅੱਧਾ ਦਿਨ ਬੰਦ ਰਿਹਾ। ਇਸ ਨਾਲ ਪ੍ਰਾਪਰਟੀ ਟੈਕਸ, ਵਾਟਰ–ਸੀਵਰੇਜ ਬਿਲ, ਬਿਲਡਿੰਗ ਬ੍ਰਾਂਚ, ਤਹਿਬਾਜ਼ਾਰੀ ਤੇ ਹੋਰ ਕੰਮਾਂ ਲਈ ਆਉਣ ਵਾਲੇ ਲੋਕਾਂ ਨੂੰ ਬਿਨਾ ਕੰਮ ਕਰਵਾਏ ਵਾਪਸ ਜਾਣਾ ਪਿਆ। ਪਿਛਲੇ ਇਕ ਹਫ਼ਤੇ ’ਚ ਨਿਗਮ ਨੂੰ ਲਗਪਗ 30 ਫੀਸਦੀ ਘੱਟ ਰੈਵਿਨਿਊ ਪ੍ਰਾਪਤ ਹੋਇਆ ਹੈ। ਪ੍ਰਾਪਰਟੀ ਟੈਕਸ ਤੋਂ ਨਿਗਮ ਨੂੰ ਰੋਜ਼ਾਨਾ ਕਰੀਬ 10 ਲੱਖ ਰੁਪਏ ਮਿਲ ਰਹੇ ਸਨ ਪਰ ਦਫ਼ਤਰ ਬੰਦ ਰਹਿਣ ਕਾਰਨ ਇਸ ’ਚ ਬਹੁਤ ਕਮੀ ਆਈ। ਇਹ ਘਾਟਾ ਪੂਰਾ ਕਰਨ ਲਈ ਨਿਗਮ ਨੇ ਫੀਲਡ ’ਚ ਕੰਮ ਕੀਤਾ ਪਰ ਫਿਰ ਵੀ ਰੈਵਿਨਿਊ ਘੱਟ ਰਿਹਾ। ਇਸੇ ਤਰ੍ਹਾਂ ਪਾਣੀ ਤੇ ਸੀਵਰੇਜ ਦੇ ਬਿਲ ਵੀ ਘੱਟ ਜਮ੍ਹਾਂ ਹੋਏ। ਬਿਲਡਿੰਗ ਬ੍ਰਾਂਚ ਨਾਲ ਸਬੰਧਤ ਕੰਮ ਬਹੁਤ ਪ੍ਰਭਾਵਿਤ ਹੋਇਆ। ਤਹਿਬਾਜ਼ਾਰੀ ਬ੍ਰਾਂਚ, ਅਕਾਊਂਟਸ ਬ੍ਰਾਂਚ ਦਾ ਕੰਮ ਵੀ ਰੁਕਿਆ ਤੇ ਅੱਧਾ ਦਿਨ ਦਫ਼ਤਰ ਬੰਦ ਰਹਿਣ ਨਾਲ ਕਈ ਕੰਮ ਬਕਾਇਆ ਹੋ ਗਏ। ਹਾਲਾਂਕਿ ਜਨਮ ਤੇ ਮੌਤ ਸਰਟੀਫਿਕੇਟ ਦਾ ਕੰਮ ਜਾਰੀ ਰਿਹਾ ਤੇ ਯੂਨੀਅਨ ਨੇ ਇਸ ਸੇਵਾ ’ਚ ਕੋਈ ਰੁਕਾਵਟ ਨਹੀਂ ਪਾਈ।