ਰਾਸ਼ਟਰੀ ਖਪਤਕਾਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਹੋਣ ਦਾ ਦਿੱਤਾ ਸੱਦਾ
ਰਾਸ਼ਟਰੀ ਖਪਤਕਾਰ ਦਿਵਸ ਮੌਕੇ ਲੋਕਾਂ ਨੂੰ ਜਾਗਰੂਕ ਹੋਣ ਦਾ ਦਿੱਤਾ ਸੱਦਾ
Publish Date: Wed, 24 Dec 2025 07:06 PM (IST)
Updated Date: Wed, 24 Dec 2025 07:07 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਬ ਡਵੀਜ਼ਨ ਸ਼ਾਹਕੋਟ ਵਿਖੇ ਰਾਸ਼ਟਰੀ ਖਪਤਕਾਰ ਦਿਵਸ ਮੌਕੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਡੀਐੱਫਐੱਸਓ ਜਲੰਧਰ ਅਮਿਤ ਭੱਟੀ ਤੇ ਏਐੱਫਐੱਸਓ ਸ਼ਾਹਕੋਟ ਅਰੁਣ ਕਪੂਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਤੇ ਹਾਜ਼ਰ ਲੋਕਾਂ ਨੂੰ ਖਪਤਕਾਰਾਂ ਦੇ ਅਧਿਕਾਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਸੰਬੋਧਨ ਕਰਦਿਆਂ ਡੀਐੱਫਐੱਸਓ ਅਮਿਤ ਭੱਟੀ ਨੇ ਕਿਹਾ ਕਿ ਹਰ ਨਾਗਰਿਕ ਨੂੰ ਇਕ ਸੁਚੇਤ ਖਪਤਕਾਰ ਬਣਨਾ ਚਾਹੀਦਾ ਹੈ। ਪੈਟਰੋਲ ਪੰਪਾਂ ਤੋਂ ਤੇਲ ਭਰਵਾਉਣ ਸਮੇਂ ਤੇ ਗੈਸ ਸਿਲੰਡਰ ਖਰੀਦਣ ਸਮੇਂ ਸਹੀ ਮਿਕਦਾਰ ਤੇ ਵਜਨ ਦੀ ਚੰਗੀ ਤਰ੍ਹਾਂ ਪੜਤਾਲ ਕਰਨੀ ਚਾਹੀਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਵਸਤੂ ਖਰੀਦਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹਾਸਲ ਕਰਨਾ ਖਪਤਕਾਰ ਦਾ ਮੁੱਢਲਾ ਅਧਿਕਾਰ ਹੈ। ਏਐੱਫਐੱਸਓ ਅਰੁਣ ਕਪੂਰ ਨੇ ਲੋਕਾਂ ਨੂੰ ਝੂਠੇ ਤੇ ਨਕਲੀ ਇਸ਼ਤਿਹਾਰਾਂ ਤੋਂ ਬਚਣ ਦੀ ਸਲਾਹ ਦਿੱਤੀ। ਖਰੀਦਦਾਰੀ ਕਰਨ ਸਮੇਂ ਹਮੇਸ਼ਾ ਪੱਕੀ ਰਸੀਦ ਜ਼ਰੂਰ ਲਵੋ ਤੇ ਗਾਰੰਟੀ/ਵਾਰੰਟੀ ਕਾਰਡ ਬਣਵਾਉਣਾ ਨਾ ਭੁੱਲੋ। ਖਪਤਕਾਰਾਂ ਨੂੰ ਵਸਤੂਆਂ ਦੀ ਮਿਆਦ ਦੀ ਜਾਂਚ ਕਰਨ ਲਈ ਵੀ ਪ੍ਰੇਰਿਤ ਕੀਤਾ ਗਿਆ। ਬਿਜਲੀ ਦਾ ਸਮਾਨ ਖਰੀਦਣ ਵੇਲੇ ਆਈਐੱਸਆਈ ਮਾਰਕਾ ਤੇ ਖਾਣ-ਪੀਣ ਵਾਲੀਆਂ ਵਸਤੂਆਂ ‘ਤੇ ਐਗਮਾਰਕ ਦਾ ਨਿਸ਼ਾਨ ਜ਼ਰੂਰ ਦੇਖਣਾ ਚਾਹੀਦਾ ਹੈ। ਇਸ ਮੌਕੇ ਇੰਸਪੈਕਟਰ ਬਲਕਾਰ ਸਿੰਘ ਤੇ ਇੰਸਪੈਕਟਰ ਪਰਦੀਪ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਖਪਤਕਾਰ ਨਾਲ ਕੋਈ ਧੋਖਾਧੜੀ ਹੁੰਦੀ ਹੈ ਤਾਂ ਉਹ ਤੁਰੰਤ ਖਪਤਕਾਰ ਫੋਰਮ ਤੱਕ ਪਹੁੰਚ ਕਰਨ। ਇਸ ਮੌਕੇ ਡਿਪੂ ਹੋਲਡਰ ਯੋਗਰਾਜ, ਪਰਦੀਪ ਕੁਮਾਰ, ਲਹਿੰਬਰ ਸਿੰਘ, ਹਰਬਿੰਦਰ ਸਿੰਘ, ਸ਼ਿਵ ਕੁਮਾਰ ਤੇ ਹਰਪ੍ਰੀਤ ਰਾਮ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।