ਫਲਾਈਓਵਰ ਦੀਆਂ ਬੰਦ ਲਾਈਟਾਂ ਖ਼ਿਲਾਫ਼ ਲੋਕਾਂ ਵੱਲੋਂ ਮੋਮਬੱਤੀ ਪ੍ਰਦਰਸ਼ਨ
ਲੱਧੇਵਾਲੀ ਫਲਾਈਓਵਰ ਦੀਆਂ ਬੰਦ ਲਾਈਟਾਂ ਖ਼ਿਲਾਫ਼ ਲੋਕਾਂ ਵੱਲੋਂ ਮੋਮਬੱਤੀ ਪ੍ਰਦਰਸ਼ਨ
Publish Date: Wed, 24 Dec 2025 08:09 PM (IST)
Updated Date: Wed, 24 Dec 2025 08:10 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਲੱਧੇਵਾਲੀ ਫਲਾਈਓਵਰ ’ਤੇ ਪਿਛਲੇ ਕਈ ਮਹੀਨਿਆਂ ਤੋਂ ਬੰਦ ਪਈਆਂ ਸਟ੍ਰੀਟ ਲਾਈਟਾਂ ਤੇ ਪ੍ਰਸ਼ਾਸਨ ਦੀ ਬੇਪਰਵਾਹੀ ਦੇ ਖ਼ਿਲਾਫ਼ ਆਲੇ-ਦੁਆਲੇ ਦੇ ਮੁਹੱਲਿਆਂ ਤੇ ਕਾਲੋਨੀਆਂ ਦੇ ਵਸਨੀਕਾਂ ਵੱਲੋਂ ਸ਼ੁੱਕਰਵਾਰ ਨੂੰ ਮੋਮਬੱਤੀਆਂ ਜਗਾ ਕੇ ਪ੍ਰਦਰਸ਼ਨ ਕੀਤਾ ਗਿਆ। ਲੋਕਾਂ ਨੇ ਇਹ ਪ੍ਰਦਰਸ਼ਨ ਕਰ ਕੇ ਮੇਅਰ ਤੇ ਪ੍ਰਸ਼ਾਸਨ ਦਾ ਧਿਆਨ ਇਸ ਗੰਭੀਰ ਸਮੱਸਿਆ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਸਾਬਕਾ ਵਿਧਾਇਕ ਰਾਜਿੰਦਰ ਬੇਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪਿਛਲੀ ਕਾਂਗਰਸ ਸਰਕਾਰ ਦੇ ਸਮੇਂ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੰਭਾਲ ਕਰਨ ’ਚ ਵੀ ਅਸਫ਼ਲ ਸਾਬਤ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਲੱਧੇਵਾਲੀ ਫਲਾਈਓਵਰ ਦੀਆਂ ਲਾਈਟਾਂ ਲਗਪਗ ਤਿੰਨ ਮਹੀਨਿਆਂ ਤੋਂ ਬੰਦ ਪਈਆਂ ਹਨ ਪਰ ਪ੍ਰਸ਼ਾਸਨ ਵੱਲੋਂ ਕੋਈ ਸੁਧ ਨਹੀਂ ਲਈ ਜਾ ਰਹੀ। ਉਨ੍ਹਾਂ ਕਿਹਾ ਕਿ ਜਦੋਂ ਕੀਤੇ ਹੋਏ ਕੰਮਾਂ ਦੀ ਹੀ ਸੰਭਾਲ ਨਹੀਂ ਹੋ ਰਹੀ ਤਾਂ ਲੋਕ ਨਵੇਂ ਕੰਮਾਂ ਦੀ ਉਮੀਦ ਕਿਵੇਂ ਕਰ ਸਕਦੇ ਹਨ। ਬੇਰੀ ਨੇ ਕਿਹਾ ਕਿ ਹਾਲ ਹੀ ’ਚ ਫਲਾਈਓਵਰ ਤੋਂ ਪੱਥਰ ਹਟਾਏ ਜਾਣ ਨਾਲ ਇਲਾਕਾ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ, ਜਿਸ ਦੀ ਮੌਜੂਦ ਲੋਕਾਂ ਵੱਲੋਂ ਪੁਰਜ਼ੋਰ ਸ਼ਲਾਘਾ ਕੀਤੀ ਗਈ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਜਲਦ ਹੀ ਬਿਜਲੀ ਦੀਆਂ ਤਾਰਾਂ ਤੇ ਲਾਈਟਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਇਸ ਮਾਮਲੇ ਨੂੰ ਲੈ ਕੇ ਵੱਡੇ ਪੱਧਰ ’ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਰਣਜੀਤ ਸਿੰਘ (ਮਾਰਕੀਟ ਕਮੇਟੀ ਪ੍ਰਧਾਨ), ਕੁਲਵਿੰਦਰ ਕੁਮਾਰ, ਅਰਜਿੰਦਰ ਸਿੰਘ (ਪ੍ਰਧਾਨ, ਗੁਲਮਰਗ ਐਵੀਨਿਊ), ਗੁਰਮੀਤ ਚੰਦ ਦੁੱਗਲ, ਜਤਿੰਦਰ ਜੋਨੀ, ਹਰਪ੍ਰੀਤ ਹੈਪੀ, ਸੁਖਵਿੰਦਰ ਸੁੱਚੀ, ਤਿਲਕ ਰਾਜ, ਅਸ਼ਵਨੀ ਸ਼ਰਮਾ, ਕਿਸ਼ੋਰੀ ਲਾਲ, ਹੁਸਨ ਲਾਲ, ਰਾਜੂ ਪਹਿਲਵਾਨ, ਬੇਅੰਤ ਸਿੰਘ ਪਹਿਲਵਾਨ, ਹਰੀ ਦਾਸ, ਰਵਿੰਦਰ ਲਾਡੀ, ਰਜਿੰਦਰ ਸਹਿਗਲ, ਰਾਜੇਸ਼ ਜਿੰਦਲ, ਹਰਜੋਧ ਸਿੰਘ ਜੋਧਾ ਸਮੇਤ ਵੱਡੀ ਗਿਣਤੀ ’ਚ ਇਲਾਕਾ ਵਾਸੀ ਹਾਜ਼ਰ ਸਨ।