ਗੰਦਗੀ ਨੇ ਰੋਜ਼ਾਨਾ ਤਹਿਸੀਲ ਆਉਣ ਵਾਲਿਆਂ ਦੇ ਨੱਕ ’ਚ ਕੀਤਾ ਦਮ
ਤਹਿਸੀਲ ਫਿਲੌਰ ’ਚ ਪਬਲਿਕ ਟਾਇਲਟਾਂ ਦੀ ਬੇਹਾਲ ਹਾਲਤ ਕਾਰਨ ਲੋਕ ਪ੍ਰੇਸ਼ਾਨ, ਸਫਾਈ ਨਾ ਹੋਣ ਨਾਲ ਫੈਲੀ ਗੰਦਗੀ ਤੇ ਬਦਬੂ
Publish Date: Sat, 22 Nov 2025 06:58 PM (IST)
Updated Date: Sat, 22 Nov 2025 06:58 PM (IST)

--ਸਾਫ-ਸਫਾਈ ਨਾ ਹੋਣ ਕਾਰਨ ਸਾਰੇ ਪਾਸੇ ਫੈਲੀ ਰਹਿੰਦੀ ਹੈ ਬਦਬੂ --ਆਸ-ਪਾਸ ਦੇ ਪਿੰਡਾਂ ਤੋਂ ਹਜ਼ਾਰਾਂ ਲੋਕ ਆਉਂਦੇ ਹਨ ਕੰਮ ਕਰਵਾਉਣ ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਸਵੱਛ ਭਾਰਤ ਮੁਹਿੰਮ ਕਿੰਨੀ ਸਫਲਤਾ ਨਾਲ ਚੱਲ ਰਹੀ ਹੈ, ਇਸ ਦਾ ਅੰਦਾਜ਼ਾ ਤਹਿਸੀਲ ਵਿਚਲੇ ਗੰਦਗੀ ਨਾਲ ਭਰੇ ਤੇ ਬਦਬੂ ਮਾਰਦੇ ਜਨਤਕ ਪਖਾਨਿਆਂ ਨੂੰ ਦੇਖ ਕੇ ਭਲੀ-ਭਾਂਤ ਲਾਇਆ ਜਾ ਸਕਦਾ ਹੈ। ਇਨ੍ਹਾਂ ਪਖਾਨਿਆਂ ਦੀ ਸਾਫ-ਸਫਾਈ ਨਾ ਹੋਣ ਕਾਰਨ ਅੰਦਰ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜਿਸ ਕਾਰਨ ਇਨ੍ਹਾਂ ਦੀ ਬਦਬੂ ਸਾਰੇ ਕੰਪਲੈਕਸ ’ਚ ਫੈਲੀ ਰਹਿੰਦੀ ਹੈ। ਇਸ ਬਦਬੂ ਕਾਰਨ ਕੋਈ ਵੀ ਅੰਦਰ ਜਾਣ ਦੀ ਹਿੰਮਤ ਨਹੀਂ ਕਰਦਾ। ਦੱਸਣਯੋਗ ਹੈ ਕਿ ਰੋਜ਼ਾਨਾ ਤਕਰੀਬਨ ਇਕ ਹਜ਼ਾਰ ਮਰਦ ਤੇ ਔਰਤਾਂ ਤਹਿਸੀਲ ’ਚ ਕੰਮ ਕਰਵਾਉਣ ਲਈ ਦੂਰ-ਦੂਰੋਂ ਆਉਂਦੇ ਹਨ ਪਰ ਪਖਾਨਿਆਂ ਦੀ ਬਦਬੂ ਤੇ ਗੰਦਗੀ ਕਾਰਨ ਉਨ੍ਹਾਂ ਨੂੰ ਪਿਸ਼ਾਬ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਅਕਸਰ ਹੀ ਪ੍ਰਸ਼ਾਸਨ ਪ੍ਰਤੀ ਗਹਿਰੀ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਜ਼ਿੰਮੇਵਾਰ ਅਧਿਕਾਰੀਆ ਨੂੰ ਕੋਸਦੇ ਰਹਿੰਦੇ ਹਨ। ਦੱਸਣਯੋਗ ਹੈ ਕਿ ਇਹ ਪਖਾਨੇ ਲਗਭਗ 20-25 ਸਾਲ ਪਹਿਲਾਂ ਬਣੇ ਸਨ ਤੇ ਪਿਛਲੇ 10 ਸਾਲਾਂ ਤੋਂ ਸਫਾਈ ਦਾ ਵੀ ਕੋਈ ਢੁੱਕਵਾਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਪਹਿਲਾਂ ਇੱਥੇ ਕੰਮ ਕਰਨ ਵਾਲੇ ਟਾਈਪਿਸਟ ਤੇ ਹੋਰ ਲੋਕ ਪੱਲਿਓਂ ਪੈਸੇ ਇਕੱਠੇ ਕਰਕੇ ਸਫਾਈ ਕਰਵਾਉਂਦੇ ਰਹੇ ਪਰ ਚੋਰਾਂ ਵੱਲੋਂ ਟੂਟੀਆਂ ਚੋਰੀ ਕੀਤੇ ਜਾਣ ਕਾਰਨ ਹੁਣ ਨਾ ਸਫਾਈ ਹੋ ਰਹੀ ਹੈ ਤੇ ਨਾ ਪਾਣੀ ਦੀ ਸਹੂਲਤ। ਕਾਂਗਰਸੀ ਆਗੂ ਰਜਿੰਦਰ ਸੰਧੂ, ਸਰਪੰਚ ਬਲਵੀਰ ਸਿੰਘ ਅੱਟੀ, ਸਾਬਕਾ ਸਰਪੰਚ ਅਮਰੀਕ ਸਿੰਘ ਥਲਾ, ਜਸਵੰਤ ਅੱਟੀ ਤੇ ਹੋਰ ਲੋਕਾਂ ਨੇ ਕਿਹਾ ਕਿ ਉਹ ਕਈ ਵਾਰ ਇਹ ਸਮੱਸਿਆ ਅਧਿਕਾਰੀਆ ਸਾਹਮਣੇ ਚੁੱਕ ਚੁੱਕੇ ਹਨ ਪਰ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਤਹਿਸੀਲ ਦਾ ਦੌਰਾ ਕਰਕੇ ਜਲਦ ਕੰਮ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਸੀ ਪਰ ਅੱਜ ਤੱਕ ਕੋਈ ਸੁਧਾਰ ਨਾ ਹੋਣ ਕਾਰਨ ਲੋਕ ਨਿਰਾਸ਼ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਸਬੰਧਤ ਵਿਭਾਗ ਜਲਦ ਤੋਂ ਜਲਦ ਨਵੇਂ ਪਖਾਨੇ ਬਣਾਉਣ ਦਾ ਕੰਮ ਸ਼ੁਰੂ ਕਰੇ, ਤਾਂ ਜੋ ਤਹਿਸੀਲ ਆਉਣ ਵਾਲੇ ਲੋਕ ਸਰਕਾਰੀ ਸਹੂਲਤਾਂ ਦਾ ਲਾਭ ਲੈ ਸਕਣ। ਤਹਿਸੀਲ ਦੇ ਪ੍ਰਬੰਧ ਦੇਖਣ ਵਾਲੇ ਮੁਲਾਜ਼ਮ ਰਾਜਨ ਚੌਹਾਨ ਨੇ ਕਿਹਾ ਕਿ ਤਹਿਸੀਲ ਬਣਨ ਦੇ ਸਮੇਂ ਤਕਰੀਬਨ 30 ਪਖਾਨੇ ਮਰਦਾਂ ਤੇ ਔਰਤਾਂ ਲਈ ਬਣੇ ਸਨ। ਗੰਦਗੀ ਤੇ ਬਦਬੂ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਈਓ ਨੂੰ ਸਫਾਈ ਲਈ ਫੋਨ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਦੋਂ ਪੀਡਬਲਯੂਡੀ ਫਿਲੌਰ ਦੇ ਜੇਈ ਮੁਨੀਸ਼ ਸੇਠ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਪਖਾਨਿਆਂ ਦੀ ਖਰਾਬ ਹਾਲਤ ਨੂੰ ਦੇਖਦਿਆਂ 10 ਲੱਖ ਰੁਪਏ ਦਾ ਨਵਾਂ ਐਸਟੀਮੇਟ ਬਣਾਕੇ ਭੇਜਿਆ ਗਿਆ ਹੈ। ਗ੍ਰਾਂਟ ਜਾਰੀ ਹੋਣ ’ਤੇ ਨਵੇਂ ਪਖਾਨਿਆਂ ਦਾ ਨਿਰਮਾਣ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ।