ਹਾਦਸਾਗ੍ਰਸਤ ਕਾਰ ਨੇ ਕਈ ਸਵਾਲ ਖੜ੍ਹੇ ਕੀਤੇ
ਤੇਜ਼ ਰਫਤਾਰੀ, ਅਣਗਹਿਲੀ ਜਾਂ ਧੁੰਦ ਦਾ ਕਹਿਰ ਨਾਲ ਕਾਰ ਹੋਈ ਹਾਦਸੇ ਦਾ ਸ਼ਿਕਾਰ, ਲੋਕਾਂ ’ਚ ਰਹੀ ਚਰਚਾ
Publish Date: Sat, 20 Dec 2025 10:30 PM (IST)
Updated Date: Sat, 20 Dec 2025 10:31 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਨਵੀਂ ਸਬਜ਼ੀ ਮੰਡੀ ਮਕਸੂਦਾਂ ਤੋਂ ਡੀਏਵੀ ਕਾਲਜ ਪੁਲ ਵੱਲ ਜਾਂਦਿਆਂ ਕਾਰ ਡੀਏਵੀ ਕਾਲਜ ਦੇ ਫਲਾਈ ਓਵਰ ਦੀ ਰੇਲਿੰਗ ’ਤੇ ਚੜ੍ਹ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਉਪਰੰਤ ਕਾਰ ਦੇ ਖੁੱਲ੍ਹੇ ਦੋਵੇਂ ਏਅਰ ਬੈਗ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਾਰ ਦੀ ਰਫ਼ਤਾਰ ਬਹੁਤ ਜ਼ਿਆਦਾ ਹੋਵੇਗੀ। ਤੜਕਸਾਰ ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਦੇਰ ਰਾਤ ਵਾਪਰਿਆ ਹੋਵੇਗਾ ਜਾਂ ਤੜਕਸਾਰ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ। ਲੋਕਾਂ ਵੱਲੋਂ ਇਹ ਵੀ ਚਰਚਾ ਕੀਤੀ ਜਾ ਰਹੀ ਸੀ ਕਿ ਇਹ ਹਾਦਸਾ ਤੇਜ਼ ਰਫਤਾਰੀ, ਅਣਗਹਿਲੀ ਜਾਂ ਧੁੰਦ ਕਰਕੇ ਵਾਪਰਿਆ ਹੋਵੇਗਾ। ਹਾਦਸਾ ਵਾਪਰਨ ਵੇਲੇ ਕਾਰ ’ਚ ਕੌਣ ਤੇ ਕਿੰਨੇ ਲੋਕ ਸਵਾਰ ਸਨ ਤੇ ਉਨਾਂ ਦੀ ਹਾਲਤ ਬਾਰੇ ਵੀ ਕੋਈ ਵੀ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ। ਜ਼ਿਕਰਯੋਗ ਹੈ ਕਿ ਭਾਵੇਂ ਹਾਦਸਾ ਗ੍ਰਸਤ ਕਾਰ ਦੁਪਹਿਰ ਤੱਕ ਉਥੇ ਸੀ ਖੜ੍ਹੀ ਰਹੀ ਪਰ ਸਬੰਧਤ ਥਾਣੇ ਦੀ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਸੂਚਨਾ ਪ੍ਰਾਪਤ ਨਹੀਂ ਹੋਈ। ਜਦਕਿ ਦੁਪਹਿਰ ਬਾਅਦ ਕਾਰ ਦੇ ਮਾਲਕ ਆਪਣੇ-ਆਪ ਕਾਰ ਨੂੰ ਉਥੋਂ ਲੈ ਗਏ। ਹੈਰਾਨੀ ਦੀ ਗੱਲ ਹੈ ਕਿ ਭਾਵੇਂ ਸਰਕਾਰ ਵੱਲੋਂ ਹਰ ਇਕ ਵਾਹਨ ਲਈ ਹਾਈ ਸਕਿਊਰਿਟੀ ਨੰਬਰ ਪਲੇਟ ਲਾਗੂ ਕੀਤੀ ਹੋਈ ਹੈ ਪਰ ਹਾਦਸਾਗ੍ਰਸਤ ਕਾਰ ਦੇ ਅਗਲੇ ਤੇ ਪਿਛਲੇ ਪਾਸੇ ਕੋਈ ਵੀ ਨੰਬਰ ਪਲੇਟ ਮੌਜੂਦ ਨਹੀਂ ਸੀ। ਮੌਕੇ ’ਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਕਾਰ ਚਾਲਕ ਕਾਰ ਦੀ ਪਛਾਣ ਛਪਾਉਣ ਲਈ ਕਾਰ ਤੋਂ ਨੰਬਰ ਪਲੇਟ ਉਤਾਰ ਕੇ ਲੈ ਗਏ ਹੋਣ।