ਪੀਸੀਆਰ ਨੇ ਗਸ਼ਤ ਦੌਰਾਨ ਬਰਾਮਦ ਕੀਤੀ ਸ਼ੱਕੀ ਬਾਈਕ
ਟਰਾਂਸਪੋਰਟ ਨਗਰ ਤੋਂ ਪੀਸੀਆਰ ਨੇ ਗਸ਼ਤ ਦੌਰਾਨ ਸ਼ੱਕੀ ਬਾਈਕ ਬਰਾਮਦ ਕੀਤੀ
Publish Date: Mon, 15 Dec 2025 10:40 PM (IST)
Updated Date: Mon, 15 Dec 2025 10:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਸੀਆਰ-16 ਦੀ ਟੀਮ ਨੇ ਟਰਾਂਸਪੋਰਟ ਨਗਰ ਖੇਤਰ ’ਚ ਗਸ਼ਤ ਦੌਰਾਨ ਇਕ ਸ਼ੱਕੀ ਮੋਟਰਸਾਈਕਲ ਲਾਵਾਰਸ ਹਾਲਤ ’ਚ ਖੜ੍ਹੀ ਹੋਈ ਬਰਾਮਦ ਕੀਤੀ ਹੈ। ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਪੀਸੀਆਰ-16 ’ਚ ਤਾਇਨਾਤ ਏਐੱਸਆਈ ਗੁਰਨਾਮ ਸਿੰਘ ਨੇ ਦੱਸਿਆ ਕਿ ਉਹ ਆਪਣੇ ਸਾਥੀ ਏਐੱਸਆਈ ਅਵਤਾਰ ਸਿੰਘ ਨਾਲ ਟਰਾਂਸਪੋਰਟ ਨਗਰ ਇਲਾਕੇ ’ਚ ਗਸ਼ਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਨੂੰ ਇਕ ਸ਼ੱਕੀ ਮੋਟਰਸਾਈਕਲ ਨਜ਼ਰ ਆਈ। ਪੁਲਿਸ ਵੱਲੋਂ ਆਲੇ-ਦੁਆਲੇ ਮੌਜੂਦ ਲੋਕਾਂ ਤੋਂ ਮੋਟਰਸਾਈਕਲ ਸਬੰਧੀ ਪੁੱਛਗਿੱਛ ਕੀਤੀ ਗਈ ਪਰ ਕੋਈ ਵੀ ਵਿਅਕਤੀ ਇਸ ਦਾ ਮਾਲਕ ਹੋਣ ਦਾ ਦਾਅਵਾ ਨਹੀਂ ਕਰ ਸਕਿਆ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੋਟਰਸਾਈਕਲ ਨੂੰ ਆਪਣੇ ਕਬਜ਼ੇ ’ਚ ਲੈ ਕੇ ਅੱਗੇ ਦੀ ਜਾਂਚ ਲਈ ਥਾਣਾ ਡਵੀਜ਼ਨ ਨੰਬਰ-8 ਦੀ ਪੁਲਿਸ ਦੇ ਹਵਾਲੇ ਕਰ ਦਿੱਤਾ। ਥਾਣਾ ਪੁਲਿਸ ਵੱਲੋਂ ਮੋਟਰਸਾਈਕਲ ਦੇ ਮਾਲਕ ਤੇ ਇਸ ਦੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।