6 ਡਿਗਰੀ ਸੈਲਸੀਅਸ ਤਾਪਮਾਨ ਤੇ ਸਿਵਲ ਹਸਪਤਾਲ ’ਚ 1150 ਕੰਬਲ ਹੋਣ ਦੇ ਬਾਵਜੂਦ ਮਰੀਜ਼ ਤਰਸੇ

-ਸਿਵਲ ਹਸਪਤਾਲ ’ਚ ਪਿਛਲੇ ਦੋ ਸਾਲਾਂ ਦੌਰਾਨ ਦਾਨੀਆਂ ਵੱਲੋਂ ਦਿੱਤੇ ਗਏ ਲਗਭਗ 1150 ਕੰਬਲ
-ਵਾਰਡਾਂ ’ਚ ਇਲਾਜ ਕਰਵਾ ਰਹੇ ਮਰੀਜ਼ ਘਰੋਂ ਕੰਬਲ ਲਿਆਂਦੇ ਪਏ ਹਨ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਤਾਪਮਾਨ ’ਚ ਗਿਰਾਵਟ ਕਾਰਨ ਘੱਟੋ-ਘੱਟ ਤਾਪਮਾਨ 6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ ਤੇ ਠੰਢ ਪੈਣੀ ਸ਼ੁਰੂ ਹੋ ਗਈ ਹੈ। ਸਿਵਲ ਹਸਪਤਾਲ ਦੀ ਹਾਲਤ ਇਹ ਹੈ ਕਿ ਲਗਭਗ 1150 ਕੰਬਲ ਹੋਣ ਦੇ ਬਾਵਜੂਦ ਮਰੀਜ਼ਾਂ ਨੂੰ ਨਹੀਂ ਮਿਲ ਰਹੇ। ਹਸਪਤਾਲ ਦੇ ਕੰਬਲ ਅਲਮਾਰੀਆਂ ’ਚ ਬੰਦ ਪਏ ਹਨ ਤੇ ਮਰੀਜ਼ ਠੰਢ ਨਾਲ ਪਰੇਸ਼ਾਨ ਹਨ। ਮਰੀਜ਼ ਤੇ ਉਨ੍ਹਾਂ ਦੇ ਸਾਥੀ ਠੰਢ ਤੋਂ ਬਚਾਅ ਲਈ ਘਰ ਤੋਂ ਹੀ ਕੰਬਲ ਲਿਆ ਕੇ ਆ ਰਹੇ ਹਨ। ਮਰੀਜ਼ਾਂ ਦੀ ਇਸ ਸਮੱਸਿਆ ਬਾਰੇ ਹਸਪਤਾਲ ਪ੍ਰਸ਼ਾਸਨ ਨੂੰ ਕੋਈ ਜਾਣਕਾਰੀ ਨਹੀਂ। ਹਸਪਤਾਲ ਸਟਾਫ ਕੰਬਲ ਮਰੀਜ਼ ਲੈ ਜਾਣ ਦੀ ਗੱਲ ਦੱਸ ਕੇ ਪੱਲਾ ਝਾੜ ਲੈਂਦਾ ਹੈ।
ਸਿਵਲ ਹਸਪਤਾਲ ’ਚ ਸਾਲ 2024 ਤੇ 2025 ’ਚ ਲਗਭਗ 1150 ਕੰਬਲ ਦਾਨੀਆਂ ਵੱਲੋਂ ਦਿੱਤੇ ਗਏ ਸਨ। ਕੁਝ ਕੰਬਲ ਵਾਰਡਾਂ ’ਚ ਵੰਡੇ ਵੀ ਗਏ ਪਰ ਸਟਾਫ ਦਾਖ਼ਲ ਮਰੀਜ਼ਾਂ ਨੂੰ ਕੰਬਲ ਦੇਣ ਦੀ ਜ਼ਿੰਮੇਵਾਰੀ ਨਹੀਂ ਨਿਭਾਅ ਰਿਹਾ। ਸਰਦੀ ਸਿੱਖਰ ’ਤੇ ਹੈ ਪਰ ਹਸਪਤਾਲ ਪ੍ਰਸ਼ਾਸਨ ਵੱਲੋਂ ਵਾਰਡਾਂ ਦਾ ਦੌਰਾ ਕਰਕੇ ਮਰੀਜ਼ਾਂ ਦੀ ਹਾਲਤ ਜਾਣਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ। ਸਿਵਲ ਹਸਪਤਾਲ ਦੀ ਬੈੱਡ ਸਮਰੱਥਾ ਲਗਭਗ 550 ਹੈ ਤੇ ਤਕਰੀਬਨ 300 ਬੈੱਡ ਹਰ ਵੇਲੇ ਭਰੇ ਰਹਿੰਦੇ ਹਨ। ਕੰਬਲਾਂ ਦੀ ਢੁੱਕਵੀਂ ਉਪਲੱਬਧਤਾ ਦੇ ਬਾਵਜੂਦ ਮਰੀਜ਼ ਕੰਬਲ ਨੂੰ ਤਰਸ ਰਹੇ ਹਨ।
ਮੈਡੀਕਲ ਵਾਰਡ ’ਚ ਦਾਖ਼ਲ ਇਕ ਮਰੀਜ਼ ਦੇ ਸਾਥੀ ਰਣਜੀਤ ਕੌਰ ਨੇ ਦੱਸਿਆ ਕਿ ਚਾਰ ਦਿਨ ਪਹਿਲਾਂ ਉਹ ਆਪਣੇ ਪਤੀ ਦੀ ਤਬੀਅਤ ਠੀਕ ਨਾ ਹੋਣ ’ਤੇ ਨਕੋਦਰ ਦੇ ਨੇੜਲੇ ਪਿੰਡ ਤੋਂ ਜਲੰਧਰ ਸਿਵਲ ਹਸਪਤਾਲ ਆਏ ਸਨ। ਉਹ ਘਰੋਂ ਕੇਵਲ ਇਕ ਹੀ ਕੰਬਲ ਲਿਆਏ ਸਨ। ਹਸਪਤਾਲ ਤੋਂ ਕੰਬਲ ਨਹੀਂ ਮਿਲਿਆ। ਸਟਾਫ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਵੀ ਟਾਲਮਟੋਲ ਕਰ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਜਲੰਧਰ ’ਚ ਰਹਿੰਦੇ ਰਿਸ਼ਤੇਦਾਰ ਤੋਂ ਕੰਬਲ ਮੰਗਵਾ ਕੇ ਠੰਢ ਤੋਂ ਬਚਾਅ ਕੀਤਾ। ਵਾਰਡ ’ਚ ਤਾਇਨਾਤ ਇਕ ਸਟਾਫ ਮੈਂਬਰ ਨੇ ਦੱਸਿਆ ਕਿ ਮਰੀਜ਼ਾਂ ਨੂੰ ਕੰਬਲ ਦੇਣ ਤੋਂ ਬਾਅਦ ਉਹ ਵਾਪਸ ਨਹੀਂ ਕਰਦੇ ਤੇ ਅਕਸਰ ਉਨ੍ਹਾਂ ਨੂੰ ਆਪਣੇ ਸਾਮਾਨ ’ਚ ਲਪੇਟ ਕੇ ਘਰ ਲੈ ਜਾਂਦੇ ਹਨ। ਇਸ ਕਾਰਨ ਕੰਬਲਾਂ ਦੀ ਗਿਣਤੀ ਘਟ ਜਾਣ ਦੇ ਡਰ ਨਾਲ ਸਟਾਫ ਕੰਬਲ ਜਾਰੀ ਕਰਨ ਤੋਂ ਕਤਰਾਉਂਦਾ ਹੈ।
ਹਸਪਤਾਲ ’ਚ ਤਾਇਨਾਤ ਮੈਟਰਨ ਜਸਬੀਰ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ’ਤੇ ਧਿਆਨ ਨਹੀਂ ਦਿੱਤਾ ਸੀ। ਉਹ ਵਾਰਡਾਂ ਦਾ ਦੌਰਾ ਕਰਕੇ ਜਾਂਚ ਕਰਨਗੀ ਤੇ ਸਟਾਫ ਨੂੰ ਕਹਿਣਗੇ ਕਿ ਮਰੀਜ਼ਾਂ ਨੂੰ ਕੰਬਲ ਜਾਰੀ ਕਰ ਕੇ ਉਸਦੀ ਪਾਇਲ ’ਤੇ ਐਂਟਰੀ ਕਰਨ ਤਾਂ ਜੋ ਛੁੱਟੀ ਸਮੇਂ ਕੰਬਲ ਵਾਪਸ ਲਏ ਜਾ ਸਕਣ। ਉੱਧਰ, ਹਸਪਤਾਲ ਦੀ ਕਾਰਜਕਾਰੀ ਐੱਮਐੱਸ ਡਾ. ਵਰਿੰਦਰ ਕੌਰ ਥਿੰਦ ਨੇ ਕਿਹਾ ਕਿ ਮਾਮਲਾ ਗੰਭੀਰ ਹੈ। ਉਹ ਸਬੰਧਤ ਐੱਸਐੱਮਓ ਨੂੰ ਵਾਰਡਾਂ ਦਾ ਦੌਰਾ ਕਰਕੇ ਜਾਂਚ ਕਰਨ ਤੇ ਮਰੀਜ਼ਾਂ ਨੂੰ ਕੰਬਲ ਮੁਹੱਈਆ ਕਰਨ ਲਈ ਕਹਿਣਗੇ। ਹਸਪਤਾਲ ਪ੍ਰਸ਼ਾਸਨ ਕੋਲ ਕੰਬਲਾਂ ਦਾ ਪੂਰਾ ਸਟਾਕ ਮੌਜੂਦ ਹੈ।