ਮਜ਼ਬੂਤ ਇੱਛਾ ਸ਼ਕਤੀ ਨਾਲ ਮਰੀਜ਼ ਲੜ ਰਹੇ ਨੇ ਏਡਜ਼ ਨਾਲ ਲੜਾਈ
ਮਜ਼ਬੂਤ ਇੱਛਾ ਸ਼ਕਤੀ ਨਾਲ ਮਰੀਜ਼ ਲੜ ਰਹੇ ਨੇ ਏਡਜ਼ ਤੋਂ ਲੜਾਈ
Publish Date: Sun, 30 Nov 2025 07:57 PM (IST)
Updated Date: Mon, 01 Dec 2025 04:11 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਆਈਵੀ ਏਡਜ਼ ਇਕ ਅਜਿਹੀ ਲਾਇਲਾਜ ਬਿਮਾਰੀ ਹੈ ਜਿਸ ਦਾ ਨਾਮ ਸੁਣਦੇ ਹੀ ਲੋਕ ਮਰੀਜ਼ਾਂ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਣ ਲੱਗ ਪੈਂਦੇ ਹਨ। ਦੂਜੇ ਪਾਸੇ ਇਲਾਜ ’ਚ ਲਾਪਰਵਾਹੀ ਮਰੀਜ਼ ਨੂੰ ਮੌਤ ਦੇ ਮੂੰਹ ਤੱਕ ਲੈ ਜਾਂਦੀ ਹੈ। ਮੌਜੂਦਾ ਸਮੇਂ ’ਚ ਆਧੁਨਿਕ ਤਕਨੀਕ ਨਾਲ ਦਵਾਈਆਂ ਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਤਿਆਰ ਕੀਤਾ ਜਾਲ ਮਰੀਜ਼ਾਂ ਦੇ ਇਲਾਜ ’ਚ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਬਿਮਾਰੀ ਨਾਲ ਜੂਝ ਰਹੇ ਬਹੁਤ ਸਾਰੇ ਮਰੀਜ਼ ਮਜ਼ਬੂਤ ਮਨੋਬਲ ਨਾਲ ਇਸ ਨਾਲ ਲੜਦੇ ਹੋਏ ਸਾਧਾਰਨ ਜ਼ਿੰਦਗੀ ਜੀਅ ਰਹੇ ਹਨ। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਐਡੀਸ਼ਨਲ ਪ੍ਰਾਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ ਮੁਤਾਬਕ ਸਹੀ ਇਲਾਜ ਤੇ ਖੁਰਾਕ ਮਰੀਜ਼ਾਂ ਲਈ ਵਰਦਾਨ ਸਾਬਤ ਹੁੰਦੀ ਹੈ। 2006 ’ਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਪਹਿਲਾ ਏਆਰਟੀ ਸੈਂਟਰ ਸ਼ੁਰੂ ਕੀਤਾ ਗਿਆ ਸੀ। 2006 ਤੋਂ 2008 ਤੱਕ ਐੱਚਆਈਵੀ ਪਾਜ਼ੇਟਿਵ ਮਿਲੇ ਮਰੀਜ਼ਾਂ ’ਚੋਂ 471 ਮਰੀਜ਼ ਅੱਜ ਵੀ ਸਾਧਾਰਨ ਲੋਕਾਂ ਵਾਂਗ ਜ਼ਿੰਦਗੀ ਜੀਅ ਰਹੇ ਹਨ। 2006-07 ਤੋਂ ਮਾਰਚ 2025 ਤੱਕ ਸੂਬੇ ’ਚ 63,000 ਤੇ ਅਕਤੂਬਰ 2025 ਤੱਕ 68,700 ਮਰੀਜ਼ ਐੱਚਆਈਵੀ ਨਾਲ ਜੀਵਨ ਬਿਤਾ ਰਹੇ ਹਨ। ਇਨ੍ਹਾਂ ’ਚ 70 ਫੀਸਦੀ ਮਰਦ, 30 ਫੀਸਦੀ ਔਰਤਾਂ ਤੇ ਲਗਭਗ 1 ਫੀਸਦੀ ਹੋਰ ਵਰਗ ਦੇ ਲੋਕ ਸ਼ਾਮਲ ਹਨ। --------------------- ਬਿਮਾਰੀ ਦਾ ਪਤਾ ਲੱਗਿਆ ਤਾਂ ਆਪਣੇ ਨਾਲ ਪਰਿਵਾਰ ਨੂੰ ਵੀ ਸੰਭਾਲਿਆ 2006 ’ਚ ਵਿਆਹ ਮਗਰੋਂ ਸੀਮਾ (ਕਾਲਪਨਿਕ ਨਾਮ) ਕਪੂਰਥਲਾ ਵਿਖੇ ਸਹੁਰਾ ਪਰਿਵਾਰ ’ਚ ਸੁਖੀ ਜੀਵਨ ਬਿਤਾ ਰਹੀ ਸੀ। ਗਰਭਵਤੀ ਹੋਣ ’ਤੇ ਜਦੋਂ ਉਹ ਸਰਕਾਰੀ ਹਸਪਤਾਲ ਗਈ ਤਾਂ ਉਸ ਦਾ ਐੱਚਆਈਵੀ ਟੈਸਟ ਵੀ ਕੀਤਾ ਗਿਆ। ਰਿਪੋਰਟ ਲੈਣ ’ਤੇ ਸਟਾਫ ਨੇ ਉਸ ਨੂੰ ਅਲੱਗ ਕਮਰੇ ’ਚ ਬੁਲਾ ਕੇ ਦੱਸਿਆ ਕਿ ਉਹ ਐੱਚਆਈਵੀ ਪਾਜ਼ੇਟਿਵ ਹੈ। ਇਹ ਸੁਣ ਕੇ ਉਸ ਦੇ ਪੈਰ ਹੇਠੋਂ ਧਰਤੀ ਖਿਸਕ ਗਈ ਤੇ ਉਹ ਰੋਣ ਲੱਗ ਪਈ। ਸਟਾਫ ਨੇ ਹੌਸਲਾ ਦਿੱਤਾ। ਫਿਰ ਉਸ ਨੇ ਨਿੱਜੀ ਲੈਬ ਤੋਂ ਟੈਸਟ ਕਰਵਾਇਆ ਜੋ ਦੁਬਾਰਾ ਪਾਜ਼ੇਟਿਵ ਆਇਆ। ਡਰੀ-ਸਹਿਮੀ ਉਸ ਨੇ ਹਿੰਮਤ ਕਰ ਕੇ ਆਪਣੇ ਪਤੀ ਨਾਲ ਗੱਲ ਕੀਤੀ। ਪਰ ਪਰਿਵਾਰ ਦੇ ਮੈਂਬਰ ਉਸ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਣ ਲੱਗ ਪਏ। ਹਸਪਤਾਲ ਸਟਾਫ ਨੇ ਪਤੀ ਦਾ ਟੈਸਟ ਕਰ ਕੇ ਉਸਦੇ ਵੀ ਐੱਚਆਈਵੀ ਪਾਜ਼ੇਟਿਵ ਹੋਣ ਦੀ ਪੁਸ਼ਟੀ ਕੀਤੀ। ਇਸ ਨਾਲ ਸੀਮਾ ਨੂੰ ਪਤਾ ਲੱਗਿਆ ਕਿ ਉਸ ਨੂੰ ਇਹ ਇਨਫੈਕਸ਼ਨ ਪਤੀ ਵੱਲੋਂ ਹੋਇਆ ਹੈ। ਪਰਿਵਾਰ ’ਚ ਤਾਅਨੇ ਕੱਸੇ ਜਾਣ ਲੱਗੇ। ਕੁਝ ਮਹੀਨਿਆਂ ਬਾਅਦ ਉਸ ਨੇ ਪੁੱਤਰ ਨੂੰ ਜਨਮ ਦਿੱਤਾ। ਘਰ ’ਚ ਖੁਸ਼ੀ ਤਾਂ ਸੀ ਪਰ ਬੱਚੇ ਦੇ ਐੱਚਆਈਵੀ ਪਾਜ਼ੇਟਿਵ ਹੋਣ ਦਾ ਡਰ ਵੀ। ਹਾਲਾਂਕਿ ਹਸਪਤਾਲ ਟੀਮ ਨੇ ਗਰਭ ਸਮੇਂ ਦੌਰਾਨ ਤੇ ਜਨਮ ਤੋਂ ਬਾਅਦ ਲਾਜ਼ਮੀ ਦਵਾਈਆਂ ਦਿੱਤੀਆਂ। ਰੱਬ ਦੀ ਮੇਹਰ ਨਾਲ ਬੱਚੇ ਦੀ ਰਿਪੋਰਟ ਨੈਗੇਟਿਵ ਆਈ। ਕੁਝ ਸਮੇਂ ਬਾਅਦ ਪਤੀ ਦੀ ਮੌਤ ਹੋ ਗਈ ਤੇ ਸਹੁਰਾ ਪਰਿਵਾਰ ਦਾ ਵਤੀਰਾ ਵੀ ਬਦਲ ਗਿਆ। ਸੀਮਾ ਨੇ ਘਰ ਚਲਾਉਣ ਲਈ ਨੌਕਰੀ ਕਰ ਲਈ ਤੇ ਬਜ਼ੁਰਗ ਸੱਸ-ਸਹੁਰੇ ਨੂੰ ਨਾਲ ਲੈ ਕੇ ਜਲੰਧਰ ਰਹਿ ਰਹੀ ਹੈ। ਇਲਾਜ ਤੇ ਮਜ਼ਬੂਤ ਇੱਛਾ-ਸ਼ਕਤੀ ਨਾਲ ਉਹ ਕਈ ਸਾਲਾਂ ਤੋਂ ਬਿਮਾਰੀ ਦੇ ਬਾਵਜੂਦ ਸਧਾਰਣ ਜੀਵਨ ਜੀ ਰਹੀ ਹੈ। ------------------------- ਹਾਈ ਰਿਸਕ ਲੋਕਾਂ ਲਈ ਸੂਬੇ ’ਚ ਬਣਾਏ ਤਿੰਨ ਐੱਸਐੱਸਕੇ ਪੰਜਾਬ ਸਟੇਟ ਐਡਜ਼ ਕੰਟਰੋਲ ਸੋਸਾਇਟੀ ਵੱਲੋਂ ਰਾਜ ’ਚ ਸੰਪੂਰਨ ਸੁਰੱਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ। ਡਾ. ਗਰਗ ਦੇ ਅਨੁਸਾਰ ਇਹ ਸੈਂਟਰ ਹਾਈ ਰਿਸਕ ਇਲਾਕਿਆਂ ’ਚ ਬਣਾਏ ਗਏ ਹਨ ਹੁਸ਼ਿਆਰਪੁਰ, ਮੋਗਾ ਤੇ ਸੰਗਰੂਰ ’ਚ। ਇੱਥੋਂ ਦੀਆਂ ਟੀਮਾਂ ਛੇ-ਛੇ ਮਹੀਨੇ ਤੱਕ ਸੈਕਸ ਵਰਕਰਾਂ ਤੇ ਹੋਰ ਹਾਈ ਰਿਸਕ ਗਰੁੱਪਾਂ ਦੀ ਮਾਨੀਟਰਿੰਗ ਕਰਦੀਆਂ ਹਨ। ਇਸ ਦੌਰਾਨ ਉਨ੍ਹਾਂ ਦੇ ਟੈਸਟ, ਜਾਗਰੂਕਤਾ ਤੇ ਬਚਾਅ ਬਾਰੇ ਸਿੱਖਿਆ ਦਿੱਤੀ ਜਾਂਦੀ ਹੈ। ਡਰੱਗ ਪੀੜਤਾਂ ਲਈ ਸਿਰਿੰਜ ਐਕਸਚੇਂਜ ਪ੍ਰੋਗਰਾਮ ਵੀ ਚੱਲ ਰਿਹਾ ਹੈ। ਪੁਰਾਣੀਆਂ ਸਿਰਿੰਜਾਂ ਲੈ ਕੇ ਨਵੀਆਂ ਦੇਣ ਦਾ ਕੰਮ ਟੀਮਾਂ ਤੇ ਸੇਵੀ ਸੰਗਠਨਾਂ ਵੱਲੋਂ ਕੀਤਾ ਜਾ ਰਿਹਾ ਹੈ। -------------------------- 25 ਏਆਰਟੀ ਸੈਂਟਰ ਤੇ 109 ਆਈਸੀਟੀਸੀ ਸੈਂਟਰਾਂ ’ਚ ਜਾਂਚ ਤੇ ਇਲਾਜ ਡਾ. ਗਰਗ ਅਨੁਸਾਰ ਸਰਵੈਲੈਂਸ ਵਧਣ ਨਾਲ ਮਰੀਜ਼ਾਂ ਦੀ ਗਿਣਤੀ ਵੀ ਵਧ ਰਹੀ ਹੈ। ਸੂਬੇ ’ਚ 25 ਐਂਟੀ ਰਿਟਰੋਵਾਇਰਲ ਥੈਰੇਪੀ ਸੈਂਟਰ ਚੱਲ ਰਹੇ ਹਨ 19 ਸਰਕਾਰੀ ਤੇ 6 ਨਿੱਜੀ। ਜਾਂਚ ਲਈ 109 ਇੰਟੀਗ੍ਰੇਟਿਡ ਕੌਂਸਲਿੰਗ ਐਂਡ ਟੈਸਟਿੰਗ ਸੈਂਟਰ ਬਣਾਏ ਗਏ ਹਨ। ਓਪੀਡੀ ਮਰੀਜ਼ਾਂ, ਟੀਬੀ ਮਰੀਜ਼ਾਂ, ਗਰਭਵਤੀ ਔਰਤਾਂ ਤੇ ਹਾਈ ਰਿਸਕ ਲੋਕਾਂ ਦੀ ਜਾਂਚ ਦਰ ’ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਲੋਕਾਂ ਨੂੰ ਜਾਗਰੂਕ ਕਰਨ ਲਈ ਲਗਭਗ 5 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। -------------------- ਸਾਲ ਮਰੀਜ਼ 2017–18 6730 2018–19 8133 2019–20 10587 2020–21 7636 2021–22 8464 2022–23 10858 2023–24 8463 2024–25 (ਅਕਤੂਬਰ ਤੱਕ) 8005