ਪੀਏਪੀ ਜਲੰਧਰ ’ਚ ਬੈਚ–182 ਦੀ ਪਾਸਿੰਗ ਆਊਟ ਪਰੇਡ
ਪੀਏਪੀ ਜਲੰਧਰ ’ਚ ਬੈਚ–182 ਦੀ ਪਾਸਿੰਗ ਆਉਟ ਪਰੇਡ
Publish Date: Thu, 20 Nov 2025 08:56 PM (IST)
Updated Date: Thu, 20 Nov 2025 08:58 PM (IST)

--313 ਰਿਕਰੂਟ ਇੰਟੈਲੀਜੈਂਸ ਅਸਿਸਟੈਂਟ ਤਾਲੀਮ ਪਾਸ ਕਰਕੇ ਬਣੇ ਪਾਸ ਆਉਟ --ਮੁੱਖ ਮਹਿਮਾਨ ਕਮਾਂਡੈਂਟ ਕੁਲਜੀਤ ਸਿੰਘ ਪੀਪੀਐੱਸ ਨੇ ਲਈ ਸਲਾਮੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੀਏਪੀ ਟ੍ਰੇਨਿੰਗ ਸੈਂਟਰ, ਜਲੰਧਰ ਕੈਂਟ ’ਚ ਬੁੱਧਵਾਰ ਨੂੰ ਰਿਕਰੂਟ ਇੰਟੈਲੀਜੈਂਸ ਅਸਿਸਟੈਂਟ ਬੈਚ ਨੰਬਰ 182 ਦੀ ਗ੍ਰੈਂਡ ਪਾਸਿੰਗ ਆਉਟ ਪਰੇਡ ਕਰਵਾਈ ਗਈ। ਪਰੇਡ ’ਚ ਕੁੱਲ 313 ਰਿਕਰੂਟ ਇੰਟੈਲੀਜੈਂਸ ਅਸਿਸਟੈਂਟ, ਜਿਨ੍ਹਾਂ ’ਚ 205 ਮੁੰਡੇ ਤੇ 108 ਕੁੜੀਆਂ ਸ਼ਾਮਲ ਸਨ, ਨੇ ਬੁਨਿਆਦੀ ਤਾਲੀਮ ਪੂਰੀ ਕਰਕੇ ਵਿਭਾਗ ’ਚ ਕਦਮ ਰੱਖਿਆ। ਇਹ ਸਮਾਗਮ ਕਮਾਂਡੈਂਟ (ਟ੍ਰੇਨਿੰਗ) ਕੁਲਜੀਤ ਸਿੰਘ ਪੀਪੀਐੱਸ ਦੀ ਦੇਖ–ਰੇਖ ’ਚ ਸੰਪੰਨ ਹੋਇਆ। ਕਾਰਜਕ੍ਰਮ ਦੀ ਸ਼ੁਰੂਆਤ ’ਚ ਮੁੱਖ ਮਹਿਮਾਨ ਕੁਲਜੀਤ ਸਿੰਘ ਨੇ ਆਕਰਸ਼ਕ ਪਾਸਿੰਗ ਆਉਟ ਪਰੇਡ ਦੀ ਸਲਾਮੀ ਲਈ ਤੇ ਪਰੇਡ ਦਾ ਨਰੀਖਣ ਕੀਤਾ। ਉਨ੍ਹਾਂ ਨੇ ਤਾਲੀਮ ਪੂਰੀ ਕਰਨ ਵਾਲੇ ਸਾਰੇ ਰਿਕਰੂਟਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੁਫੀਆ ਵਿਭਾਗ ਦਾ ਪੁਲਿਸ ਪ੍ਰਣਾਲੀ ’ਚ ਮਹੱਤਵਪੂਰਨ ਯੋਗਦਾਨ ਹੈ ਤੇ ਨਵੇਂ ਜਵਾਨਾਂ ਤੋਂ ਉਮੀਦ ਹੈ ਕਿ ਉਹ ਅਨੁਸ਼ਾਸਨ, ਨਿਸ਼ਠਾ ਤੇ ਨਿਰਪੱਖਤਾ ਨਾਲ ਸਮਾਜ ਦੀ ਸੇਵਾ ਕਰਨਗੇ। ਉਨ੍ਹਾਂ ਨੇ ਕਿਹਾ ਕਿ ਤਾਲੀਮ ਪ੍ਰਾਪਤ ਕਰਕੇ ਪਾਸ ਆਉਟ ਹੋਏ ਇਹ ਜਵਾਨ ਆਪਣੇ ਪੇਸ਼ਾਵਰ ਵਿਹਾਰ ਨਾਲ ਵਿਭਾਗ ਦੇ ਮਾਣ–ਸਤਿਕਾਰ ਨੂੰ ਹੋਰ ਉੱਚਾ ਚੁੱਕਣਗੇ। ਸਮਾਗਮ ਦੌਰਾਨ ਮੁੱਖ ਮਹਿਮਾਨ ਨੇ ਤਾਲੀਮ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜਵਾਨਾਂ ਨੂੰ ਸਨਮਾਨਿਤ ਵੀ ਕੀਤਾ। ਰਿਕਰੂਟ ਆਈਏ ਭੁਪਿੰਦਰ ਸਿੰਘ ਨੂੰ ਆਊਟਡੋਰ ’ਚ ਪਹਿਲਾ ਸਥਾਨ ਪ੍ਰਾਪਤ ਕਰਨ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਮਹਿਲਾ ਰਿਕਰੂਟ ਆਈਏ ਅੰਜੂ ਭਾਟੀਆ ਇੰਡੋਰ ਵਿਸ਼ਿਆਂ ’ਚ ਪਹਿਲੇ ਸਥਾਨ ’ਤੇ ਰਹੀ। ਰਿਕਰੂਟ ਆਈਏ ਬਲਜੀਤ ਸਿੰਘ ਨੂੰ ਦੂਜਾ ਪਰੇਡ ਕਮਾਂਡਰ ਐਲਾਨਿਆ ਗਿਆ। ਪਰੇਡ ਦੇ ਬਾਅਦ ਸਮੂਹਿਕ ਪੀਟੀ ਸ਼ੋਅ, ਬੈਂਡ ਪ੍ਰਦਰਸ਼ਨ, ਰਵਾਇਤੀ ਭੰਗੜਾ ਤੇ ਗਿੱਧਾ ਦੀਆਂ ਆਕਰਸ਼ਕ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਰੰਗ ਬਖ਼ਸ਼ੇ। ਇਸ ਮੌਕੇ ’ਤੇ ਵੱਖ–ਵੱਖ ਯੂਨਿਟਾਂ ਦੇ ਗਜ਼ਟਿਡ ਅਫ਼ਸਰ, ਟ੍ਰੇਨਿੰਗ ਸਟਾਫ ਤੇ ਜਵਾਨਾਂ ਦੇ ਪਰਿਵਾਰਕ ਮੈਂਬਰ ਵੱਡੀ ਗਿਣਤੀ ’ਚ ਮੌਜੂਦ ਸਨ।