ਪ੍ਰਕਾਸ਼ ਪੁਰਬ ਖਾਲਸਾ ਕਾਲਜ ਢੰਡੋਵਾਲ ਵਿਖੇ ਸ਼ਰਧਾ ਨਾਲ ਮਨਾਇਆ
ਖਾਲਸਾ ਕਾਲਜ ਢੰਡੋਵਾਲ ਵਿਖੇ ਮਨਾਇਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ
Publish Date: Mon, 17 Nov 2025 07:00 PM (IST)
Updated Date: Tue, 18 Nov 2025 04:13 AM (IST)

ਸੰਸਥਾ ਦੀ ਤਰੱਕੀ ਲਈ ਇਲਾਕਾ ਨਿਵਾਸੀ ਸਹਿਯੋਗ ਦੇਣ : ਚੱਠਾ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਤਾ ਸਾਹਿਬ ਕੌਰ ਖਾਲਸਾ ਕਾਲਜ ਤੇ ਸੀਨੀਅਰ ਸੈਕੰਡਰੀ ਸਕੂਲ ਢੰਡੋਵਾਲ (ਸ਼ਾਹਕੋਟ) ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ-ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰੇ ਕਾਲਜ ‘ਚ ਬਣੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਿਕ ਦੀਵਾਨ ਸਜਾਇਆ ਗਿਆ। ਵਿਦਿਆਰਥਣਾਂ ਵੱਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ। ਉਪਰੰਤ ਗੁਰਦੁਆਰਾ ਗੁਰੂ ਨਾਨਕ ਨਿਵਾਸ ਦੇ ਹੈੱਡ ਗ੍ਰੰਥੀ ਤੇ ਪ੍ਰਸਿੱਧ ਕਥਾਵਾਚਕ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਕਥਾ ਰਾਹੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਤੇ ਮਨੁੱਖਤਾ ਲਈ ਕੀਤੇ ਮਹਾਨ ਯੋਗਦਾਨਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ। ਉਨ੍ਹਾ ਕਿਹਾ ਕਿ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਨੂੰ ਆਪਸੀ ਭਾਈਚਾਰਾ, ਸੱਚ ਦੇ ਰਾਹ ‘ਤੇ ਚੱਲਣ ਅਤੇ ਨਿਰਭਉ ਜੀਵਨ ਜੀਊਣ ਦਾ ਮਾਰਗ ਦੱਸਦੀਆਂ ਹਨ। ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਗੁਰੂ ਜੀ ਨੇ ਲੋਕਾਈ ਨੂੰ ਵਹਿਮਾਂ ਭਰਮਾਂ ਤੇ ਕਰਮ ਕਾਂਡ ਤੋਂ ਮੁਕਤ ਕੀਤਾ। ਇਸਤਰੀ ਜਾਤੀ ਨੂੰ ਉੱਚਾ ਦਰਜਾ ਦਿੱਤਾ ਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦਾ ਉਪਦੇਸ਼ ਦਿੱਤਾ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮੁੱਚੀ ਮਨੁੱਖਤਾ ਨੂੰ ਸਮਾਨਤਾ ਅਤੇ ਭਾਈਚਾਰੇ ਦੀ ਸਿੱਖਿਆ ਦਿੱਤੀ ਹੈ। ਗੁਰੂ ਸਾਹਿਬ ਦੀਆਂ ਸਿੱਖਿਆਵਾਂ ਸਾਡੇ ਲਈ ਰੋਸ਼ਨੀ ਦਾ ਕੰਮ ਕਰਦੀਆਂ ਹਨ ਤੇ ਮਨੁੱਖ ਨੂੰ ਸਹੀ ਦਿਸ਼ਾ ਵੱਲ ਮੋੜਦੀਆਂ ਹਨ। ਪ੍ਰਿੰਸੀਪਲ ਸ਼ਰਮਾ ਨੇ ਕਿਹਾ ਕਿ ਮਾਤਾ ਸਾਹਿਬ ਕੌਰ ਖਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਨੂੰ ਘੱਟ ਖਰਚਿਆਂ ‘ਤੇ ਵਧੀਆ ਸਿੱਖਿਆ ਦਿੱਤੀ ਜਾ ਰਹੀ ਹੈ ਤਾਂ ਜੋ ਉਹ ਜ਼ਿੰਦਗੀ ਵਿਚ ਵਧੀਆ ਮੁਕਾਮ ਹਾਸਲ ਕਰ ਸਕਣ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਵੱਲੋਂ ਦੱਸੇ ਮਾਰਗ ‘ਤੇ ਚੱਲਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਸਮਾਜ ਵਿਚ ਮੌਜੂਦ ਅੰਧਵਿਸ਼ਵਾਸਾਂ, ਅਸਮਾਨਤਾਵਾਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਕੁਰਿਤੀਆਂ ਨੂੰ ਦੂਰ ਕਰਨ ਵਿਚ ਵੱਡਾ ਯੋਗਦਾਨ ਪਾਇਆ ਤੇ ਲੋਕਾਂ ਨੂੰ ਸੱਚ ਤੇ ਨੇਕੀ ਦੇ ਮਾਰਗ ਤੇ ਤੁਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੰਦਿਆਂ ਇਲਾਕਾ ਨਿਵਾਸੀਆਂ ਨੂੰ ਸੰਸਥਾ ਦੀ ਤਰੱਕੀ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਬੱਚਿਆਂ ਨੂੰ ਅੱਗੇ ਹੋਰ ਮਿਹਨਤ ਕਰਕੇ ਵਧੀਆ ਕਰਨ ਦੀ ਪ੍ਰੇਰਨਾ ਕੀਤੀ। ਉਨ੍ਹਾਂ ਸਮਾਗਮ ਵਿਚ ਪੁੱਜੀ ਸਮੁੱਚੀ ਸੰਗਤ, ਕਾਲਜ ਤੇ ਸਕੂਲ ਸਟਾਫ ਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦੌਰਾਨ ਅਧਿਆਪਕਾ ਸਰਬਜੀਤ ਕੌਰ ਵੱਲੋਂ ਸਟੇਜ ਦਾ ਸੰਚਾਲਨ ਬਾਖੂਬੀ ਕੀਤਾ ਗਿਆ। ਇਸ ਮੌਕੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਚਰਨ ਸਿੰਘ ਸਿੰਧੜ, ਸਰਪੰਚ ਸੋਹਣ ਸਿੰਘ ਖਹਿਰਾ, ਬਲਹਾਰ ਸਿੰਘ ਚੱਠਾ ਢੰਡੋਵਾਲ, ਬਲਵੰਤ ਕੌਰ ਚੱਠਾ ਯੂਕੇ, ਜਨਰਲ ਸਕੱਤਰ ਡਾ. ਨਗਿੰਦਰ ਸਿੰਘ ਬਾਂਸਲ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ ਚੱਠਾ, ਬਲਵੀਰ ਸਿੰਘ, ਗੁਲਜ਼ਾਰ ਸਿੰਘ, ਤਰਸੇਮ ਸਿੰਘ, ਗੁਰਜੰਟ ਸਿੰਘ, ਕਾਲਜ ਪ੍ਰਿੰਸੀਪਲ ਪ੍ਰਵੀਨ ਕੌਰ, ਗੁਰਮੀਤ ਕੌਰ ਬਾਂਸਲ, ਸੁਖਵਿੰਦਰ ਕੌਰ, ਮਨੀਸ਼ਾ, ਐੱਸਕੇ, ਪ੍ਰੀਤੀ ਸ਼ਰਮਾ, ਪ੍ਰਭਜੋਤ ਕੌਰ ਭਾਰਦਵਾਜ ਆਦਿ ਹਾਜ਼ਰ ਸਨ।