ਗੰਦੀ ਤੇ ਸਸਤੀ ਸਿਆਸਤ ਬੰਦ ਹੋਣੀ ਚਾਹੀਦੀ : ਪਰਗਟ ਸਿੰਘ
ਨੀਂਹ ਤੇ ਉਦਘਾਟਨ ਪੱਥਰਾਂ ’ਤੇ ਗੰਦੀ ਤੇ ਸਸਤੀ ਸਿਆਸਤ ਬੰਦ ਕਰੇ ਆਪ ਪਾਰਟੀ, ਪਰਗਟ ਸਿੰਘ
Publish Date: Thu, 27 Nov 2025 07:20 PM (IST)
Updated Date: Thu, 27 Nov 2025 07:23 PM (IST)

-ਨਿਗਮ ’ਚ ਮੇਅਰ ਤੇ ਕਮਿਸ਼ਨਰ ਸਾਹਮਣੇ ਪ੍ਰਗਟਾਇਆ ਸਖ਼ਤ ਇਤਰਾਜ਼ -ਉਕਤ ਮਾਮਲਾ ਵਿਧਾਨ ਸਭਾ ਵਿੱਚ ਮੁੱਦਾ ਉਠਾਉਣ ਦੀ ਦਿੱਤੀ ਚਿਤਾਵਨੀ ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਗੈਰ-ਸੰਵਿਧਾਨਕ ਢੰਗ ਨਾਲ ਨੀਂਹ ਤੇ ਉਦਘਾਟਨ ਪੱਥਰਾਂ ਤੇ ਨਾਮ ਲਿਖਾਉਣ ਦੇ ਮਾਮਲੇ ਨੂੰ ਲੈ ਕੇ ਜਲੰਧਰ ਛਾਉਣੀ ਹਲਕੇ ਤੋਂ ਵਿਧਾਇਕ ਪਰਗਟ ਸਿੰਘ ਨੇ ਆਪਣੇ ਕੌਂਸਲਰਾਂ ਅਤੇ ਕਾਂਗਰਸ ਨੇਤਾਵਾਂ ਨਾਲ ਵੀਰਵਾਰ ਨੂੰ ਨਗਰ ਨਿਗਮ ਵਿਖੇ ਮੇਅਰ ਅਤੇ ਕਮਿਸ਼ਨਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਅਤੇ ਮੇਅਰ ਵਨੀਤ ਧੀਰ ਤੇ ਪ੍ਰੋਟੋਕੋਲ ਅਨੁਸਾਰ ਨੀਂਹ ਪੱਥਰ ਤੇ ਉਦਘਾਟਨ ਪੱਥਰ ਨਾ ਰੱਖਣ ਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ। ਪਰਗਟ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ, ਜਿਨ੍ਹਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੋਈ ਵੀ ਪੱਥਰ ਨਾ ਰੱਖਣ ਦੀ ਗੱਲ ਕੀਤੀ ਸੀ, ਹੁਣ ਆਪਣੇ ਰਿਸ਼ਤੇਦਾਰਾਂ ਦੇ ਨਾਮ ਨੀਂਹ ਪੱਥਰਾਂ ਤੇ ਲਿਖਣ ਤੋਂ ਵੀ ਨਹੀਂ ਝਿਜਕ ਰਹੇ। ਉਨ੍ਹਾਂ ਕਿਹਾ ਕਿ ਇਨ੍ਹਾਂ ਪੱਥਰਾਂ ਤੇ ਗੰਦੀ ਤੇ ਸਸਤੀ ਰਾਜਨੀਤੀ ਬੰਦ ਹੋਣੀ ਚਾਹੀਦੀ ਹੈ। --- ਮਾਮਲਾ ਵਿਧਾਨ ਸਭਾ ’ਚ ਉਠਾਉਣ ਦੀ ਦਿੱਤੀ ਚਿਤਾਵਨੀ ਪਰਗਟ ਸਿੰਘ ਨੇ ਮੇਅਰ ਤੇ ਨਗਰ ਨਿਗਮ ਕਮਿਸ਼ਨਰ ਨੂੰ ਚਿਤਾਵਨੀ ਦਿੱਤੀ ਕਿ ਜੇ ਉਹ ਪ੍ਰੋਟੋਕੋਲ ਅਨੁਸਾਰ ਨੀਂਹ ਪੱਥਰਾਂ ਅਤੇ ਉਦਘਾਟਨੀ ਪੱਥਰਾਂ ਤੇ ਨਾਮ ਨਹੀਂ ਲਿਖਦੇ ਹਨ ਤਾਂ ਇਹ ਮਾਮਲਾ ਵਿਧਾਨ ਸਭਾ ਵਿੱਚ ਉਠਾਇਆ ਜਾਵੇਗਾ। ਕਮਿਸ਼ਨਰ ਨੂੰ ਪ੍ਰੀਵਲੇਜ ਕਮੇਟੀ ਨੂੰ ਜਵਾਬ ਦੇਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਪੱਥਰਾਂ ਦਾ ਸਿਆਸੀਕਰਨ ਬੰਦ ਹੋਣਾ ਚਾਹੀਦਾ ਹੈ। ਜੇ ਪੱਥਰ ਲਾਉਣੇ ਹਨ ਤਾਂ ਪ੍ਰੋਟੋਕੋਲ ਅਨੁਸਾਰ ਮੌਜੂਦਾ ਵਿਧਾਇਕ ਅਤੇ ਕੌਂਸਲਰ ਦੇ ਨਾਮ ਲਿਖੇ ਹੋਣੇ ਚਾਹੀਦੇ ਹਨ, ਨਾ ਕਿ ਹਲਕਾ ਇੰਚਾਰਜ, ਨਗਰ ਨਿਗਮ ਚੋਣਾਂ ਹਾਰਨ ਵਾਲੇ ਸਿਆਸਤਦਾਨਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ। ਪਰਗਟ ਸਿੰਘ ਨੇ ਨੀਂਹ ਪੱਥਰਾਂ ਦੇ ਗ਼ੈਰ ਸੰਵਿਧਾਨਕ ਨਾਮ ਲਿਖੇ ਬੈਨਰ ਮੇਅਰ ਤੇ ਕਮਿਸ਼ਨਰ ਨੂੰ ਸਬੂਤ ਵਜੋਂ ਪੇਸ਼ ਕੀਤੇ। ਉਨ੍ਹਾਂ ਦੋਸ਼ ਲਾਇਆ ਕਿ ਨਿਗਮ ਅਧਿਕਾਰੀ ਖੁਦ ਅਗਵਾਈ ਕਰਨ ਦੀ ਬਜਾਏ ਠੇਕੇਦਾਰਾਂ ਨੂੰ ਕੰਮ ਕਰਨ ਲਈ ਹਥਿਆਰ ਵਜੋਂ ਵਰਤ ਰਹੇ ਹਨ। ਜੇ ਇਹ ਤੁਰੰਤ ਬੰਦ ਨਾ ਹੋਇਆ ਤਾਂ ਕਾਂਗਰਸ ਸੜਕਾਂ ਤੇ ਵਿਰੋਧ ਪ੍ਰਦਰਸ਼ਨ ਕਰੇਗੀ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਕੌਂਸਲਰ ਬਲਰਾਜ ਠਾਕੁਰ, ਕੌਂਸਲਰ ਪਵਨ ਕੁਮਾਰ, ਸੀਨੀਅਰ ਕਾਂਗਰਸੀ ਆਗੂ ਮਨਮੋਹਨ ਸਿੰਘ ਅਤੇ ਖੇਡ ਪ੍ਰਮੋਟਰ ਸੁਰਿੰਦਰ ਸਿੰਘ ਭਾਪਾ ਵੀ ਮੌਜੂਦ ਸਨ। --- ਨਾਰਥ ਹਲਕੇ ਦੇ ਕੌਂਸਲਰਾਂ ਨੇ ਵੀ ਪ੍ਰਗਟਾਇਆ ਇਤਰਾਜ਼ ਇਸੇ ਤਰ੍ਹਾਂ ਹੀ ਰਾਮ ਨਗਰ ਗਾਜ਼ੀਗੁੱਲਾ ਫਾਟਕ ਦੀ ਸੜਕ ਬਣਾਉਣ ਦੇ ਨੀਂਹ ਪੱਥਰ ’ਤੇ ਕੌਂਸਲਰ ਦਾ ਨਾਮ ਨਾ ਲਿਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਅਤੇ ਕੌਂਸਲਰ ਨੇ ਸੜਕ ਦਾ ਕੰਮ ਰੋਕ ਦਿੱਤਾ ਤੇ ਕਿਹਾ ਕਿ ਜਦੋਂ ਤਕ ਨੀਹ ਪੱਧਰ ’ਤੇ ਨਾਮ ਨਹੀਂ ਲਿਖਿਆ ਜਾਂਦਾ ਉਦੋਂ ਤਕ ਕੰਮ ਨਹੀਂ ਹੋਣ ਦਿੱਤਾ ਜਾਏਗਾ। ਇਹ ਮਾਮਲਾ ਵੀਰਵਾਰ ਨੂੰ ਮੇਅਰ ਵਨੀਤ ਧੀਰ ਦੇ ਧਿਆਨ ’ਚ ਵਾਰਡ 81 ਦੇ ਕੌਂਸਲਰ ਪਤੀ ਚਰਨਜੀਤ ਬੱਧਨ, ਕੌਂਸਲਰ ਅਵਿਨਾਸ਼ ਮਾਣਕ ਤੇ ਵਾਰਡ 69 ਦੇ ਕੌਂਸਲਰ ਦੇ ਪਤੀ ਨੇ ਲਿਆਂਦਾ ਤੇ ਕਿਹਾ ਕਿ ਉਕਤ ਸੜਕ 3 ਵਾਰਡਾਂ ’ਚ ਪੈਂਦੀ ਹੈ ਤੇ ਪੱਥਰ ’ਤੇ ਕਿਸੇ ਵੀ ਕੌਂਸਲਰ ਦਾ ਨਾਮ ਨਹੀ ਹੈ। ਇਸ ’ਤੇ ਮੇਅਰ ਨੇ ਸਬੰਧਤ ਜੇਈ ਨੂੰ ਕੌਂਸਲਰਾਂ ਦੇ ਨਾਂ ਲਿਖਣ ਦੀ ਹਦਾਇਤ ਕੀਤੀ।