ਟਾਂਡਾ ਰੋਡ ਕ੍ਰਾਸਿੰਗ ’ਤੇ ਓਵਰਲੋਡ ਟਰੱਕ ਹੋਇਆ ਬੇਕਾਬੂ, ਵੱਡਾ ਹਾਦਸਾ ਟਲ਼ਿਆ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ,
Publish Date: Thu, 22 Jan 2026 09:46 PM (IST)
Updated Date: Thu, 22 Jan 2026 09:48 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਜਲੰਧਰ-ਅੰਮ੍ਰਿਤਸਰ ਰੇਲ ਲਾਈਨ ’ਤੇ ਸਥਿਤ ਅੱਡਾ ਟਾਂਡਾ ਫਾਟਕ ਰੇਲ ਗੱਡੀ ਦੇ ਆਉਣ ’ਤੇ ਬੰਦ ਹੋ ਰਿਹਾ ਸੀ। ਇਸ ਦੌਰਾਨ ਟਿੱਪਰ ਚਾਲਕ ਨੇ ਗਲਤ ਪਾਸਿਓਂ ਨਿਕਲਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਟਿੱਪਰ ਕੱਚੇ ਹਿੱਸੇ ’ਤੇ ਉਤਰ ਗਿਆ। ਇਸ ਕਾਰਨ ਟਿੱਪਰ ਫਾਟਕ ’ਤੇ ਹੀ ਪਲਟਣ ਲੱਗਾ ਪਰ ਚਾਲਕ ਨੇ ਫੌਰੀ ਰੋਕ ਲਿਆ। ਗੇਟਮੈਨ ਨੇ ਫਾਟਕ ਬੰਦ ਕੀਤਾ ਤੇ ਰੇਲ ਗੱਡੀ ਨੂੰ ਜਾਣ ਦਿੱਤਾ ਪਰ ਫਾਟਕ ਦਾ ਅੱਧਾ ਹਿੱਸਾ ਬਲਾਕ ਹੋ ਗਿਆ ਸੀ। ਇਸ ਦੀ ਜਾਣਕਾਰੀ ਆਰਪੀਐੱਫ ਨੂੰ ਦਿੱਤੀ ਗਈ ਪਰ ਟਿੱਪਰ ਨੂੰ ਹਿਲਾਉਣਾ ਮੁਸ਼ਕਲ ਸੀ।
ਇਸ ਮਾਮਲੇ ਨੂੰ ਹੱਲ ਕਰਨ ਲਈ ਪਹਿਲਾਂ ਇਕ ਕ੍ਰੇਨ ਮੰਗਵਾਈ ਗਈ ਪਰ ਉਸ ਨਾਲ ਵੀ ਕੁਝ ਨਹੀਂ ਬਣਿਆ, ਫਿਰ ਦੂਜੀ ਕ੍ਰੇਨ ਮੰਗਵਾਈ ਗਈ। ਦੋ ਘੰਟਿਆਂ ਦੀ ਜੱਦੋ-ਜਹਿਦ ਦੇ ਬਾਵਜੂਦ ਟਿੱਪਰ ਸਿੱਧਾ ਨਹੀਂ ਹੋ ਸਕਿਆ, ਇਸ ਲਈ ਤੀਜੀ ਕ੍ਰੇਨ ਮੰਗਵਾਈ ਗਈ। ਇਸ ਦੌਰਾਨ ਇਕ ਕ੍ਰੇਨ ਅੱਗੇ, ਦੂਜੀ ਪਿੱਛੇ ਅਤੇ ਤੀਜੀ ਕ੍ਰੇਨ ਇਕ ਪਾਸੇ ਦੇ ਹਿੱਸੇ ਨੂੰ ਕਾਬੂ ਕੀਤਾ ਗਿਆ ਸੀ ਤਾਂ ਜੋ ਉਹ ਪਲਟ ਨਾ ਸਕੇ। ਇਸ ਤੋਂ ਬਾਅਦ ਹੀ ਫਾਟਕ ਦਾ ਰਸਤਾ ਖੁੱਲ੍ਹਾ।
ਇਸ ਦੌਰਾਨ ਸਥਾਨਕ ਲੋਕਾਂ ਵੱਲੋਂ ਇਹ ਵੀ ਇਤਰਾਜ਼ ਕੀਤਾ ਗਿਆ ਕਿ ਉਕਤ ਓਵਰਲੋਡਿਡ ਟਿੱਪਰ ਸਵੇਰੇ ਨੌਂ ਵਜੇ ਦੇ ਕਰੀਬ ਪਾਬੰਦੀ ਵਾਲੇ ਇਲਾਕੇ ਅਰਥਾਤ ਮਾਈ ਹੀਰਾ ਗੇਟ ਵੱਲ ਦਾਖਲ ਹੋ ਰਿਹਾ ਸੀ, ਜਦਕਿ ਇਸ ਨੂੰ ਪਠਾਨਕੋਟ ਚੌਕ ਤੋਂ ਹੀ ਦਾਖਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਸੀ। ਇਸ ਤਰ੍ਹਾਂ ਟਾਂਡਾ ਫਾਟਕ ਤੱਕ ਟਿੱਪਰ ਦਾ ਪੁੱਜ ਜਾਣਾ ਸਿਸਟਮ ’ਤੇ ਸਵਾਲ ਉਠਾਉਂਦਾ ਹੈ।