ਬੇਕਾਬੂ ਟਰੱਕ ਪਲਟਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖਮੀ
ਬੇਕਾਬੂ ਟਰੱਕ ਬਿਜਲੀ ਦੇ ਖੰਭੇ ਨਾਲ ਟਕਰਾਇਆ, ਪਲਟਣ ਕਾਰਨ ਇਕ ਦੀ ਮੌਤ, ਦੋ ਗੰਭੀਰ ਜ਼ਖਮੀ
Publish Date: Wed, 28 Jan 2026 10:04 PM (IST)
Updated Date: Wed, 28 Jan 2026 10:07 PM (IST)

ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ’ਤੇ ਅੱਡਾ ਰਾਓਵਾਲੀ ਨੇੜੇ ਦੇਰ ਰਾਤ ਕਰੀਬ 9.30 ਵਜੇ ਇਕ ਟਰੱਕ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਿਆ ਤੇ ਲਿੰਕ ਰੋਡ ਦੇ ਕਿਨਾਰੇ ਲੱਗੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ। ਹਾਦਸੇ ’ਚ ਟਰੱਕ ’ਚ ਸਵਾਰ ਤਿੰਨ ਵਿਅਕਤੀਆਂ ’ਚੋਂ ਇਕ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਕੰਟਰੋਲ ਰੂਮ ਤੋਂ ਸੂਚਨਾ ਮਿਲਣ ਉਪਰੰਤ ਐੱਸਐੱਸਐੱਫ ਟੀਮ ਤੁਰੰਤ ਮੌਕੇ ’ਤੇ ਪੁੱਜੀ। ਮੌਕੇ ’ਤੇ ਪੁੱਜ ਕੇ ਦੇਖਿਆ ਗਿਆ ਕਿ ਜੰਮੂ ਨੰਬਰ ਟਰੱਕ, ਜੋ ਜੰਮੂ ਵੱਲੋਂ ਜਲੰਧਰ ਦੀ ਦਿਸ਼ਾ ਵੱਲ ਜਾ ਰਿਹਾ ਸੀ, ਅੱਡਾ ਰਾਓਵਾਲੀ ਨੇੜੇ ਬੇਕਾਬੂ ਹੋ ਕੇ ਹਾਦਸਾਗ੍ਰਸਤ ਹੋ ਗਿਆ। ਉਨ੍ਹਾਂ ਦੱਸਿਆ ਕਿ ਟਰੱਕ ’ਚ ਤਿੰਨ ਵਿਅਕਤੀ ਸਵਾਰ ਸਨ। ਹਾਦਸੇ ਦੌਰਾਨ ਜਾਫਰ ਪੁੱਤਰ ਆਲਮ ਵਾਸੀ ਸਾਂਭਾ, ਜੰਮੂ ਨੂੰ ਮਾਮੂਲੀ ਸੱਟਾਂ ਲੱਗੀਆਂ, ਜੋ ਟਰੱਕ ’ਚੋਂ ਬਾਹਰ ਨਿਕਲ ਆਇਆ। ਭਿਆਨਕ ਹਾਦਸੇ ਕਾਰਨ ਉਹ ਘਬਰਾਹਟ ਦੀ ਹਾਲਤ ’ਚ ਹੋਣ ਕਰਕੇ ਹੋਰ ਜ਼ਖਮੀਆਂ ਬਾਰੇ ਕੋਈ ਜਾਣਕਾਰੀ ਨਹੀਂ ਦੇ ਸਕਿਆ। ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਸਿਵਿਲ ਹਸਪਤਾਲ ਜਲੰਧਰ ਵਿਖੇ ਭੇਜਿਆ ਗਿਆ। ਐੱਸਐੱਸਐੱਫ ਟੀਮ ਵੱਲੋਂ ਮੌਕੇ ’ਤੇ ਮੌਜੂਦ ਰਾਹਗੀਰਾਂ ਤੇ ਨੈਸ਼ਨਲ ਹਾਈਵੇ ਅਥਾਰਟੀ ਦੀ ਮਦਦ ਨਾਲ ਟਰੱਕ ਦੇ ਕੈਬਿਨ ’ਚ ਫਸੇ ਹੋਏ ਦੋ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਇਨ੍ਹਾਂ ’ਚੋਂ ਇਕ ਵਿਅਕਤੀ ਦੀ ਹਾਲਤ ਬਹੁਤ ਗੰਭੀਰ ਸੀ, ਜਿਸ ਦੀ ਪਛਾਣ ਤੁਰੰਤ ਨਹੀਂ ਹੋ ਸਕੀ। ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਜਲੰਧਰ ਵਿਖੇ ਦਾਖਲ ਕਰਵਾਇਆ ਗਿਆ। ਦੂਜੇ ਵਿਅਕਤੀ ਦੀ ਹਾਦਸੇ ਦੌਰਾਨ ਮੌਕੇ ’ਤੇ ਹੀ ਮੌਤ ਹੋ ਗਈ। ਉਸ ਦੀ ਪਛਾਣ ਟਰੱਕ ’ਚੋਂ ਮਿਲੇ ਆਧਾਰ ਕਾਰਡ ਦੇ ਆਧਾਰ ’ਤੇ ਵਸੀਮ ਚੌਧਰੀ ਪੁੱਤਰ ਸਲੀਮ ਹੁਸੈਨ ਵਾਸੀ ਸਾਂਭਾ, ਜੰਮੂ ਵਜੋਂ ਹੋਈ ਹੈ। ਹਾਦਸੇ ਦੀ ਸੂਚਨਾ ਸਬੰਧਤ ਥਾਣਾ ਮਕਸੂਦਾਂ ਨੂੰ ਦਿੱਤੀ ਗਈ, ਜਿਸ ਉਪਰੰਤ ਏਐੱਸਆਈ ਸਤਨਾਮ ਸਿੰਘ ਮੌਕੇ ’ਤੇ ਪੁੱਜੇ ਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜਿਆ ਗਿਆ।