ਸੋਮਵਾਰ ਨੂੰ ਸਿਰਫ਼ ਤਿੰਨ ਬੱਸਾਂ ਹੀ ਚੱਲੀਆਂ, ਯੂਨੀਅਨ ਆਗੂਆਂ ਦਾ ਦੋਸ਼, ਭਰੋਸੇ ’ਤੇ ਅਮਲ ਨਹੀਂ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਰੋਡਵੇਜ਼, ਪਨਬਸ ਤੇ ਪੀਆਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਦੀ ਹੜਤਾਲ ਸੋਮਵਾਰ ਨੂੰ ਵੀ ਜਾਰੀ ਰਹੀ। ਵਿਭਾਗ ਦੇ ਮੰਤਰੀ ਨਾਲ ਮੀਟਿੰਗ ਹੋਣ ਦੇ ਬਾਵਜੂਦ ਹੜਤਾਲ ਚੌਥੇ ਦਿਨ ਵੀ ਨਹੀਂ ਮੁੱਕੀ। ਸੋਮਵਾਰ ਨੂੰ ਜਲੰਧਰ ਤੋਂ ਸਿਰਫ਼ ਤਿੰਨ ਸਰਕਾਰੀ ਬੱਸਾਂ ਚੱਲੀਆਂ। ਯੂਨੀਅਨ ਦੀ ਹੜਤਾਲ ਕਾਰਨ ਸਾਰੇ ਰਾਜ ’ਚ ਸਰਕਾਰੀ ਬੱਸਾਂ ਦਾ ਸੰਚਾਲਨ ਠੱਪ ਰਿਹਾ। ਐਤਵਾਰ ਸ਼ਾਮ ਦੇਰ ਤੱਕ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੇ ਯੂਨੀਅਨ ਪ੍ਰਤਿਨਿਧੀਆਂ ਵਿਚਕਾਰ ਲਗਭਗ 7 ਘੰਟੇ 30 ਮਿੰਟ ਮੀਟਿੰਗ ਚੱਲੀ ਸੀ। ਯੂਨੀਅਨ ਹੜਤਾਲ ਵਾਪਸ ਲੈਣ ਲਈ ਤਿਆਰ ਹੋ ਗਈ ਸੀ ਪਰ ਗ੍ਰਿਫ਼ਤਾਰ ਸਾਥੀਆਂ ਨੂੰ ਨਾ ਛੱਡੇ ਜਾਣ 'ਤੇ ਹੜਤਾਲ ਜਾਰੀ ਰੱਖੀ ਗਈ। ਜਲੰਧਰ ਦੇ ਦੋਵੇਂ ਡਿਪੋਆਂ ’ਚ ਲਗਭਗ 170 ਸਰਕਾਰੀ ਬੱਸਾਂ ਹਨ, ਜਿਨ੍ਹਾਂ ’ਚੋਂ ਕੇਵਲ 3 ਹੀ ਚੱਲੀਆਂ। ਪੱਕੇ ਕਰਮਚਾਰੀ ਅੰਮ੍ਰਿਤਸਰ ਰੂਟਾਂ 'ਤੇ ਬੱਸਾਂ ਲੈ ਕੇ ਗਏ। ਕੱਚੇ ਕਰਮਚਾਰੀਆਂ ਦੀਆਂ ਬੱਸਾਂ ਡਿਪੂ ’ਚ ਖੜ੍ਹੀਆਂ ਰਹੀਆਂ। ਮੰਤਰੀ ਨਾਲ ਹੋਈ ਮੀਟਿੰਗ ’ਚ ਭਰੋਸਾ ਦਿੱਤਾ ਗਿਆ ਸੀ ਕਿ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਕੀਤਾ ਜਾਵੇਗਾ ਤੇ ਹਿਰਾਸਤ ’ਚ ਲਏ ਗਏ ਯੂਨੀਅਨ ਨੇਤਾਵਾਂ ਤੇ ਕਰਮਚਾਰੀਆਂ ਨੂੰ ਰਿਹਾਅ ਕੀਤਾ ਜਾਵੇਗਾ, ਜਿਸ ਤੋਂ ਬਾਅਦ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਯੂਨੀਅਨ ਨੇਤਾਵਾਂ ਦਾ ਕਹਿਣਾ ਹੈ ਕਿ ਅਜੇ ਤੱਕ ਸਰਕਾਰ ਵੱਲੋਂ ਕੋਈ ਲਿਖਤੀ ਆਦੇਸ਼ ਜਾਰੀ ਨਹੀਂ ਕੀਤਾ ਗਿਆ ਤੇ ਨਾ ਹੀ ਕਿਸੇ ਕਰਮਚਾਰੀ ਜਾਂ ਨੇਤਾ ਨੂੰ ਰਿਹਾਅ ਕੀਤਾ ਗਿਆ ਹੈ।
ਜਲੰਧਰ ਡਿਪੂ-1 ਦੇ ਪ੍ਰਧਾਨ ਵਿਕਰਮਜੀਤ ਸਿੰਘ ਤੇ ਚੰਨਣ ਸਿੰਘ ਨੇ ਕਿਹਾ ਕਿ ਸਰਕਾਰ ਸਿਰਫ਼ ਭਰੋਸਾ ਦੇ ਰਹੀ ਹੈ ਪਰ ਕਿਸੇ ’ਤੇ ਵੀ ਕਾਰਵਾਈ ਨਹੀਂ ਕੀਤੀ ਗਈ। ਪੂਰੇ ਪੰਜਾਬ ’ਚ ਲਗਭਗ 172 ਕਰਮਚਾਰੀ ਹਿਰਾਸਤ ’ਚ ਹਨ, ਜਿਨ੍ਹਾਂ ਨੂੰ ਸਰਕਾਰ ਨੇ ਅਜੇ ਤੱਕ ਰਿਹਾਅ ਨਹੀਂ ਕੀਤਾ। ਯੂਨੀਅਨ ਨੇਤਾਵਾਂ ਨੇ ਕਿਹਾ ਹੈ ਕਿ ਜਦ ਤੱਕ ਸਸਪੈਂਡ ਕਰਮਚਾਰੀਆਂ ਨੂੰ ਬਹਾਲ ਨਹੀਂ ਕੀਤਾ ਜਾਂਦਾ ਤੇ ਹਿਰਾਸਤ ’ਚ ਲਏ ਗਏ ਨੇਤਾਵਾਂ ਨੂੰ ਨਹੀਂ ਛੱਡਿਆ ਜਾਂਦਾ, ਹੜਤਾਲ ਜਾਰੀ ਰਹੇਗੀ ਤੇ ਕੋਈ ਕਰਮਚਾਰੀ ਬੱਸ ਲੈ ਕੇ ਨਹੀਂ ਜਾਵੇਗਾ। ਇਹ ਸੰਘਰਸ਼ ਮਜਬੂਰੀ ’ਚ ਕੀਤਾ ਜਾ ਰਿਹਾ ਹੈ ਤੇ ਉਹ ਕਿਸੇ ਵੀ ਕੀਮਤ 'ਤੇ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ।
ਯਾਤਰੀਆਂ ਨੂੰ ਹੋਈ ਪਰੇਸ਼ਾਨੀ
ਸਰਕਾਰੀ ਬੱਸਾਂ ਨਾ ਚੱਲਣ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਬੱਸ ਅੱਡੇ 'ਤੇ ਸਵੇਰੇ ਤੋਂ ਹੀ ਯਾਤਰੀਆਂ ਦੀ ਲੰਬੀ ਲਾਈਨ ਦਿਖਾਈ ਦਿੱਤੀ। ਲੋਕ ਮਜਬੂਰੀ ’ਚ ਪ੍ਰਾਈਵੇਟ ਬੱਸਾਂ, ਆਟੋ ਰਿਕਸ਼ਿਆਂ ਤੇ ਟੈਕਸੀਆਂ ਵੱਲ ਰੁਝਾਨ ਕਰਦੇ ਨਜ਼ਰ ਆਏ। ਕਈ ਯਾਤਰੀਆਂ ਨੇ ਦੱਸਿਆ ਕਿ ਪ੍ਰਾਈਵੇਟ ਬੱਸਾਂ ’ਚ ਵੀ ਸੋਮਵਾਰ ਨੂੰ ਭਾਰੀ ਭੀੜ ਰਹੀ ਤੇ ਸਮਰੱਥਾ ਤੋਂ ਵੱਧ ਯਾਤਰੀ ਭਰੇ ਗਏ। ਮਜਬੂਰੀ ’ਚ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਝਲਣੀ ਪਈ।