ਅਣਜਾਣ ਸੁਨੇਹਿਆਂ ਤੋਂ ਸਾਵਧਾਨ ਰਹਿਣਾ ਜ਼ਰੂਰੀ : ਡਾ. ਜਸਵਿੰਦਰ ਕੌਰ
ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ਵਿਖੇ ਸਾਈਬਰ ਅਪਰਾਧ ’ਤੇ ਇਕ ਰੋਜ਼ਾ ਜਾਗਰੂਕਤਾ ਸੈਮੀਨਾਰ
Publish Date: Thu, 29 Jan 2026 07:03 PM (IST)
Updated Date: Thu, 29 Jan 2026 07:07 PM (IST)

ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਗੁਰੂ ਗੋਬਿੰਦ ਸਿੰਘ ਯੂਨੀਵਰਸਿਟੀ ਕਾਲਜ ’ਚ ਕਾਮਰਸ ਵਿਭਾਗ ਦੇ ਸਹਿਯੋਗ ਨਾਲ ਸਾਈਬਰ ਅਪਰਾਧ ਵਿਸ਼ੇ ’ਤੇ ਇਕ ਰੋਜ਼ਾ ਜਾਗਰੂਕਤਾ ਸੈਮੀਨਾਰ ਕਰਵਾਇਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾ. ਜਸਵਿੰਦਰ ਕੌਰ ਏਸੀਐੱਸ, ਮੁਖੀ ਕਾਮਰਸ ਵਿਭਾਗ, ਲਾਇਲਪੁਰ ਖਾਲਸਾ ਕਾਲਜ ਫਾਰ ਵੂਮੈਨ ਜਲੰਧਰ ਨੇ ਸ਼ਿਰਕਤ ਕੀਤੀ। ਡਾ. ਜਸਵਿੰਦਰ ਕੌਰ ਨੇ ਪੀਪੀਟੀ ਰਾਹੀਂ ਵਿਦਿਆਰਥੀਆਂ ਨੂੰ ਸਾਈਬਰ ਅਪਰਾਧਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗਲਤ ਐਪਲੀਕੇਸ਼ਨ ਡਾਊਨਲੋਡ ਕਰਨ ਨਾਲ ਨਾ ਸਿਰਫ਼ ਵਿੱਤੀ ਨੁਕਸਾਨ ਹੁੰਦਾ ਹੈ, ਸਗੋਂ ਮਾਨਸਿਕ ਤਣਾਅ ਵੀ ਵਧਦਾ ਹੈ। ਸਾਈਬਰ ਅਪਰਾਧਾਂ ਰਾਹੀਂ ਈ-ਮੇਲ ਖਾਤੇ ਹਾਈਜੈਕ ਕਰਕੇ ਤੇ ਬੈਂਕ ਖਾਤਿਆਂ ਨਾਲ ਛੇੜਛਾੜ ਕਰਕੇ ਭੋਲੇ-ਭਾਲੇ ਲੋਕਾਂ ਨੂੰ ਠੱਗਿਆ ਜਾਂਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਚੇਤ ਕਰਦਿਆਂ ਕਿਹਾ ਕਿ ਮੋਬਾਈਲ ਜਾਂ ਈ-ਮੇਲ ਰਾਹੀਂ ਆਉਣ ਵਾਲੇ ਅਣਜਾਣ ਸੁਨੇਹਿਆਂ ਤੋਂ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਤੇ ਕਿਸੇ ਵੀ ਅਣਪਛਾਤੇ ਵਿਅਕਤੀ ਨਾਲ ਆਪਣੀ ਨਿੱਜੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਨੇ ਐੱਨਐੱਸਈ ਤੇ ਬੀਐੱਸਈ ਭਾਰਤੀ ਸ਼ੇਅਰ ਬਾਜ਼ਾਰ ਤੇ ਸੇਬੀ ਵੱਲੋਂ ਸ਼ੇਅਰ ਮਾਰਕੀਟ ਨੂੰ ਨਿਯੰਤਰਿਤ ਕਰਨ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ। ਸੈਮੀਨਾਰ ਦੌਰਾਨ ਵਿਦਿਆਰਥੀਆਂ ਨੇ ਰੁਚੀ ਨਾਲ ਹਿੱਸਾ ਲਿਆ ਤੇ ਪੁੱਛੇ ਗਏ ਪ੍ਰਸ਼ਨਾਂ ਦੇ ਡਾ. ਜਸਵਿੰਦਰ ਕੌਰ ਵੱਲੋਂ ਸੰਤੁਸ਼ਟੀਜਨਕ ਜਵਾਬ ਦਿੱਤੇ ਗਏ। ਕਾਲਜ ਪ੍ਰਿੰਸੀਪਲ ਜਸ਼ਨਜੋਤ ਸਿੰਘ ਜੌਹਲ ਨੇ ਕਾਮਰਸ ਵਿਭਾਗ, ਅਧਿਆਪਕ ਵਰਗ ਤੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਜਾਗਰੂਕਤਾ ਸੈਮੀਨਾਰ ਸਮਾਜਿਕ ਵਿਕਾਸ ਲਈ ਬਹੁਤ ਅਹਿਮ ਹਨ।