ਪਿੰਡ ਪਿੱਪਲੀ ‘ਚ ਭੇਦਭਰੇ ਹਾਲਾਤ ’ਚ ਇਕ ਜਣੇ ਦੀ ਮੌਤ
ਪਿੰਡ ਪਿੱਪਲੀ ‘ਚ ਭੇਦਭਰੇ ਹਾਲਾਤ ਵਿਚ ਇਕ ਜਣੇ ਦੀ ਮੌਤ
Publish Date: Wed, 07 Jan 2026 09:16 PM (IST)
Updated Date: Wed, 07 Jan 2026 09:18 PM (IST)

-ਤਿੰਨ ਜਣੇ ਕਾਬੂ, ਪਤੀ-ਪਤਨੀ ਫ਼ਰਾਰ ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਮੰਡ ਖੇਤਰ ਦੇ ਪਿੰਡ ਪਿੱਪਲੀ ‘ਚ ਇਕ ਵਿਅਕਤੀ (47) ਦੀ ਭੇਦਭਰੀ ਹਾਲਤ ‘ਚ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਨੇ ਆਪਣੇ ਦੋਸਤਾਂ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ ਦੱਸੀ ਜਾ ਰਹੀ ਹੈ। ਜਦਕਿ ਸੂਤਰਾਂ ਦੀ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਕਾਰਨ ਉਕਤ ਵਿਅਕਤੀ ਦੀ ਮੌਤ ਹੋਈ ਹੈ। ਇਸ ਸਬੰਧੀ ਲੋਹੀਆਂ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਪੰਜ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਜਾਂਚ ਅਫ਼ਸਰ ਏਐੱਸਆਈ ਹਰਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਨੇ ਕੀ ਖਾਧਾ ਹੈ ਜਿਸ ਨਾਲ ਉਸ ਦੀ ਮੌਤ ਹੋਈ, ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ। ਜਦਕਿ ਕੁਝ ਇਕ ਪ੍ਰਤੱਖਦਰਸ਼ੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਓਵਰਡੋਜ਼ ਹੋਣ ਕਾਰਨ ਪਰਮਜੀਤ ਸਿੰਘ ਦੀ ਮੌਤ ਹੋਈ ਹੈ। ਇਹ ਨਸ਼ਾ ਚਿੱਟਾ ਸੀ ਜਾਂ ਸ਼ਰਾਬ ਆਦਿ ਇਸ ਬਾਰੇ ਹਾਲੇ ਕੋਈ ਜਾਣਕਾਰੀ ਪੁਲਿਸ ਵੱਲੋਂ ਨਹੀਂ ਦਿੱਤੀ ਗਈ, ਜਦਕਿ ਮ੍ਰਿਤਕ ਪਰਮਜੀਤ ਸਿੰਘ ਦੇ ਪੁੱਤਰ ਗੁਰਦਾਸ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਹੈ ਕਿ ਉਸ ਦੇ ਪਿਤਾ ਦੇ ਕੁਝ ਦੋਸਤ ਉਸ ਨੂੰ ਆਪਣੇ ਘਰ ਆਮ ਤੌਰ ’ਤੇ ਲੈ ਜਾਂਦੇ ਸਨ। ਬੀਤੀ ਰਾਤ ਵੀ ਉਹ ਦੋਸਤ ਹੀ ਉਸ ਦੇ ਪਿਤਾ ਨੂੰ ਇਹ ਨਾਲ ਲੈ ਗਏ ਤੇ ਉਸ ਦੇ ਪਿਤਾ ਨੇ ਵੀ ਕਿਹਾ ਕਿ ਉਹ ਆਪਣੇ ਦੋਸਤਾਂ ਨਾਲ ਚੱਲਾ ਹੈ। ਇਸ ਮੌਕੇ ਗੁਰਦਾਸ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਦੋਵੇਂ ਦੋਸਤ ਉਸ ਦੇ ਪਿਤਾ ਨੂੰ ਬੇਹੋਸ਼ੀ ਦੇ ਆਲਮ ’ਚ ਘਰ ਛੱਡ ਗਏ ਪਰ ਜਦੋਂ ਉਨ੍ਹਾਂ ਨੇ ਦੇਖਿਆ ਤਾਂ ਮੌਤ ਹੋ ਚੁੱਕੀ ਸੀ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਿਤਾ ਅਕਸਰ ਦੱਸਦਾ ਹੁੰਦਾ ਸੀ ਕਿ ਪਿੰਡ ’ਚ ਇਕ ਜੋੜਾ ਨਸ਼ਾ ਵੇਚਦਾ ਹੈ, ਜਿਨ੍ਹਾਂ ਤੋਂ ਉਹ ਨਸ਼ਾ ਖ਼ਰੀਦਦਾ ਹੈ। ਮ੍ਰਿਤਕ ਦੇ ਪੁੱਤਰ ਗੁਰਦਾਸ ਸਿੰਘ ਨੇ ਮੰਗ ਕੀਤੀ ਕਿ ਉਸ ਦੇ ਪਿਤਾ ਦੇ ਦੋਵੇਂ ਦੋਸਤਾਂ ਤੇ ਪਿੰਡ ‘ਚ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰਕੇ ਦੋਸ਼ੀਆਂ ਨੂੰ ਫੌਰੀ ਕਾਬੂ ਕੀਤਾ ਜਾਵੇ। ਪੁਲਿਸ ਨੇ ਫੌਰੀ ਕਾਰਵਾਈ ਕਰਦਿਆਂ ਬੂਟਾ ਸਿੰਘ ਵਾਸੀ ਪਿੱਪਲੀ, ਪੰਜਾਬ ਸਿੰਘ ਵਾਸੀ ਪਿੱਪਲੀ ਤੇ ਹਰਮੇਸ਼ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਨਸ਼ਾ ਵੇਚਣ ਵਾਲਾ ਜੋੜਾ ਜਸਵਿੰਦਰ ਸਿੰਘ ਉਰਫ਼ ਪਿੰਦੀ ਤੇ ਉਸ ਦੀ ਪਤਨੀ ਸਵਰਨ ਕੌਰ ਵਾਸੀ ਪਿੰਡ ਚੱਕ ਪਿੱਪਲੀ ਦੋਵੇਂ ਫ਼ਰਾਰ ਹਨ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਜਾਰੀ ਹੈ। ਸੂਤਰਾਂ ਅਨੁਸਾਰ ਉਕਤ ਦੋਵੇਂ ਪਤੀ-ਪਤਨੀ ਵੱਡੇ ਪੱਧਰ ’ਤੇ ਨਸ਼ਾ ਵੇਚਣ ਦਾ ਧੰਦਾ ਕਰਦੇ ਰਹੇ ਹਨ।