ਹਮਲਾ ਕਰਨ ਵਾਲਿਆਂ ’ਚ ਨਾਮਜ਼ਦ ਇਕ ਕਾਬੂ
ਘਰ ’ਚ ਤੇਜਧਾਰ ਹਥਿਆਰਾਂ ਨਾਲ ਹਮਲਾ ਕਰਨ ਵਾਲਿਆਂ ’ਚ ਨਾਮਜਦ ਇਕ ਕਾਬੂ
Publish Date: Tue, 30 Dec 2025 08:23 PM (IST)
Updated Date: Tue, 30 Dec 2025 08:26 PM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਪੁਲਿਸ ਨੇ ਪਿਛਲੇ ਦਿਨੀ ਸ਼ਿਵਾਜੀ ਨਗਰ ’ਚ ਇਕ ਘਰ ’ਚ ਵੜ ਕੇ ਹਮਲਾ ਕਰਨ ਵਾਲੇ ਮੁਲਜਮਾਂ ’ਚੋਂ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਏਡੀਸੀਪੀ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ 25 ਦਸੰਬਰ ਨੂੰ ਥਾਣਾ ਨੰਬਰ ਪੰਜ ਦੀ ਪੁਲਿਸ ਨੂੰ ਰੇਖਾ ਵਰਮਾ ਪਤਨੀ ਵਿਨੇ ਵਾਸੀ ਸ਼ਿਵਾਜੀ ਨਗਰ ਨੇ ਸ਼ਿਕਾਇਤ ਦਿੱਤੀ ਸੀ ਕਿ ਰਾਤ 10 ਵਜੇ ਸਰਵਣ ਉਰਫ ਸੁਬਾ ਲਹੌਰੀਆ, ਇੰਦੂ ਲਹੌਰੀਆ, ਲਵਲੀ ਗਾਖਲਾ, ਮਨਪ੍ਰੀਤ ਕੌਰ ਤੇ ਅਰਸ਼ਦੀਪ ਕੌਰ ਘਰ ਅੰਦਰ ਦਾਖਲ ਹੋਏ। ਉਨ੍ਹਾਂ ਸਾਰਿਆਂ ਦੇ ਹੱਥਾਂ ’ਚ ਹਥਿਆਰ ਸਨ, ਉਨ੍ਹਾਂ ਨੇ ਆਉਂਦਿਆਂ ਹੀ ਘਰ ’ਚ ਭੰਨ-ਤੋੜ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੇ ਡਰ ਤੋਂ ਅਸੀਂ ਸਾਰਾ ਪਰਿਵਾਰ ਛੱਤ ’ਤੇ ਚਲੇ ਗਏ ਤੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਜਦ ਮੁਹੱਲਾ ਇਕੱਠਾ ਹੋਣ ਲੱਗਾ ਤਾਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਰੇਖਾ ਵਰਮਾ ਦੇ ਬਿਆਨਾਂ ’ਤੇ ਹਮਲਾਵਰਾਂ ਖਿਲਾਫ ਧਾਰਾ 333/109/351(2)191(3)190 ਬੀਐੱਨਐੱਸ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਏਸੀਪੀ ਆਤਿਸ਼ ਭਾਟੀਆ ਦੀ ਅਗਵਾਈ ਹੇਠ ਥਾਣਾ ਪੰਜ ਦੇ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਹਮਲਾਵਰਾਂ ਦੀ ਭਾਲ ’ਚ ਲਗਾਤਾਰ ਛਾਪਾਮਾਰੀ ਕੀਤੀ। 29 ਦਸੰਬਰ ਨੂੰ ਪੁਲਿਸ ਨੂੰ ਇਸ ਮਾਮਲੇ ’ਚ ਨਾਮਜ਼ਦ ਸਰਵਨ ਉਰਫ ਸੂਬਾ ਲਾਹੌਰੀਆ ਮਿਲ ਗਿਆ, ਜਿਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਏਡੀਸੀਪੀ ਗਿੱਲ ਨੇ ਦੱਸਿਆ ਕਿ ਸੂਬਾ ਲਾਹੌਰੀਆ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਉਸ ਦੇ ਫਰਾਰ ਸਾਥੀਆਂ ਬਾਰੇ ਪੁਲਿਸ ਲਗਾਤਾਰ ਛਾਪਾਮਾਰੀ ਕਰ ਰਹੀ ਹੈ।