ਜਾਸ, ਜਲੰਧਰ : ਨਗਰ

ਜਾਸ, ਜਲੰਧਰ : ਨਗਰ ਨਿਗਮ ਵਰਿਆਣਾ ਡੰਪ ਸਾਈਟ ’ਤੇ ਇਕੱਠੇ ਹੋਏ ਕੂੜੇ ਨੂੰ ਖਤਮ ਕਰਨ ਲਈ ਇਕ ਹੋਰ ਟੈਂਡਰ ਜਾਰੀ ਕਰਨ ਜਾ ਰਿਹਾ ਹੈ। ਇਹ ਟੈਂਡਰ ਲਗਪਗ 42 ਕਰੋੜ ਰੁਪਏ ਦਾ ਹੋਵੇਗਾ ਤੇ ਇਸ ਤਹਿਤ 11 ਲੱਖ ਮੀਟ੍ਰਿਕ ਟਨ ਪੁਰਾਣਾ ਕੂੜਾ ਖਤਮ ਕੀਤਾ ਜਾਣਾ ਹੈ। ਇਹ ਕੂੜਾ ਬਾਇਓ ਮਾਈਨਿੰਗ ਪ੍ਰਾਜੈਕਟ ਰਾਹੀਂ ਖਤਮ ਕੀਤਾ ਜਾਵੇਗਾ। ਵਰਿਆਣਾ ਡੰਪ 'ਤੇ 8 ਲੱਖ ਮੀਟ੍ਰਿਕ ਟਨ ਕੂੜੇ ਨੂੰ ਖਤਮ ਕਰਨ ਲਈ ਪਹਿਲਾਂ ਹੀ ਇਕ ਟੈਂਡਰ ਲੱਗਾ ਹੋਇਆ ਹੈ। ਨਗਰ ਨਿਗਮ ਦਾ ਅੰਦਾਜ਼ਾ ਸੀ ਕਿ ਡੰਪ ਸਾਈਟ ’ਤੇ 8 ਲੱਖ ਟਨ ਕੂੜਾ ਹੈ ਤੇ ਇਸੇ ਆਧਾਰ 'ਤੇ ਲਗਪਗ 32 ਕਰੋੜ ਰੁਪਏ ਦਾ ਟੈਂਡਰ ਜਾਰੀ ਕੀਤਾ ਗਿਆ ਸੀ। ਇਹ ਕੰਮ ਸਮਾਰਟ ਸਿਟੀ ਕੰਪਨੀ ਦੇ ਫੰਡ ਤੋਂ ਕੀਤਾ ਜਾ ਰਿਹਾ ਹੈ ਪਰ ਨਵਾਂ ਟੈਂਡਰ ਨਗਰ ਨਿਗਮ ਨੂੰ ਖ਼ੁਦ ਜਾਰੀ ਕਰਨਾ ਪਵੇਗਾ। ਦੂਜਾ ਟੈਂਡਰ ਇਸ ਲਈ ਜਾਰੀ ਕੀਤਾ ਜਾ ਰਿਹਾ ਹੈ ਕਿਉਂਕਿ ਐੱਨਜੀਟੀ ਦੀ ਰਿਪੋਰਟ ਵਿਚ ਡੰਪ ਸਾਈਟ 'ਤੇ 15 ਲੱਖ ਮੀਟ੍ਰਿਕ ਟਨ ਕੂੜਾ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜੋ ਹੁਣ ਵਧ ਕੇ ਲਗਪਗ 19 ਲੱਖ ਟਨ ਹੋ ਗਿਆ ਹੈ। ਹਾਲਾਂਕਿ ਇਹ ਅਜੇ ਤੱਕ ਤੈਅ ਨਹੀਂ ਹੈ ਕਿ ਨਗਰ ਨਿਗਮ ਇਸ ਨਵੇਂ ਟੈਂਡਰ ਦੇ ਕੰਮ ਲਈ ਪੁਰਾਣੀ ਕੰਪਨੀ ਨੂੰ ਹੀ ਠੇਕਾ ਦੇਵੇਗਾ ਜਾਂ ਕਿਸੇ ਨਵੀਂ ਕੰਪਨੀ ਨੂੰ ਜ਼ਿੰਮੇਵਾਰੀ ਦਿੱਤੀ ਜਾਵੇਗੀ।
---
ਕੌਮਾਂਤਰੀ ਪੱਧਰ ’ਤੇ ਬਣਾਈਆਂ ਜਾਣਗੀਆਂ 15 ਕਿੱਲੋਮੀਟਰ ਸੜਕਾਂ
ਜਲੰਧਰ : ਨਗਰ ਨਿਗਮ ਸ਼ਹਿਰ ਦੀਆਂ 15 ਕਿੱਲੋਮੀਟਰ ਸੜਕਾਂ ਨੂੰ ਕੌਮਾਂਤਰੀ ਪੱਧਰ 'ਤੇ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਪੰਜਾਬ ਸਰਕਾਰ ਤੋਂ ਫੰਡ ਮਿਲਣਗੇ। ਇਸ ਦਾ ਟੀਚਾ ਟ੍ਰੈਫਿਕ ਸਿਸਟਮ ਨੂੰ ਬਿਹਤਰ ਬਣਾਉਣਾ ਤੇ ਪੈਦਲ ਸੈਰ ਵਾਲਿਆਂ ਨੂੰ ਸੁਰੱਖਿਅਤ ਰਸਤਾ ਦੇਣਾ ਹੈ। ਇਨ੍ਹਾਂ ਸੜਕਾਂ ’ਤੇ ਨਾਨ-ਮੋਟਰਾਈਜ਼ਡ ਤੇ ਇਕੋ-ਫ੍ਰੈਂਡਲੀ ਟ੍ਰਾਂਸਪੋਰਟ ਨੂੰ ਹੁਲਾਰਾ ਦਿੱਤਾ ਜਾਵੇਗਾ ਤਾਂ ਜੋ ਸ਼ਹਿਰ ਦੇ ਅਕਸ ’ਚ ਸੁਧਾਰ ਹੋ ਸਕੇ। ਇਨ੍ਹਾਂ ਸੜਕਾਂ ਦੀ ਡਿਜ਼ਾਈਨਿੰਗ ਲਈ ਇਕ ਸਲਾਹਕਾਰ ਭਰਤੀ ਕੀਤਾ ਗਿਆ ਹੈ। ਉਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਇਸ ਦੀ ਹਾਊਸ ਤੋਂ ਮਨਜ਼ੂਰੀ ਹਾਲੇ ਲੈਣੀ ਹੈ। ਇਨ੍ਹਾਂ ਸੜਕਾਂ ਦੇ ਕੰਮ ਲਈ ਇਕ ਕਮੇਟੀ ਗਠਿਤ ਕੀਤੀ ਗਈ ਹੈ। ਇਸ ’ਚ ਨਗਰ ਨਿਗਮ ਕਮਿਸ਼ਨਰ, ਡਿਪਟੀ ਕਮਿਸ਼ਨਰ ਦਫਤਰ ਤੋਂ ਇਕ ਪ੍ਰਤੀਨਿਧ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ, ਨਗਰ ਨਿਗਮ ਐੱਸਈ, ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ, ਪੀਡਬਲਯੂਡੀ ਦੇ ਕਾਰਜਕਾਰੀ ਇੰਜੀਨੀਅਰ, ਪੰਜਾਬ ਰੋਡ ਸੇਫਟੀ ਤੇ ਟ੍ਰੈਫਿਕ ਰਿਸਰਚ ਸੈਂਟਰ ਦੇ ਪ੍ਰਤੀਨਿਧ ਤੇ ਨਗਰ ਨਿਗਮ ਦੇ ਕਮਿਸ਼ਨਰ ਵੱਲੋਂ ਤੈਅ ਇਕ ਮੈਂਬਰ ਸ਼ਾਮਲ ਕੀਤਾ ਜਾਵੇਗਾ। ਇਨ੍ਹਾਂ ਸੜਕਾਂ ਦੀ ਨਵੇਂ ਸਿਰਿਓਂ ਡਿਜ਼ਾਈਨਿੰਗ ਕੀਤੀ ਜਾ ਰਹੀ ਹੈ। ਇਹ ਕੰਮ ਕੇਂਦਰ ਸਰਕਾਰ ਦੇ ਪ੍ਰਾਜੈਕਟ ਤਹਿਤ ਹੋ ਰਿਹਾ ਹੈ।
---
ਕੌਮਾਂਤਰੀ ਪੱਧਰ ਦੀਆਂ ਹੋਣਗੀਆਂ ਇਹ ਸੜਕਾਂ
- ਪੀਏਪੀ ਚੌਕ ਤੋਂ ਬੀਐੱਮਸੀ-ਸੰਧਿਵਾਨ ਚੌਕ 2.70 ਕਿੱਲੋਮੀਟਰ
- ਬੀਐੱਮਸੀ ਚੌਕ ਤੋਂ ਕਪੂਰਥਲਾ ਚੌਕ 3.46 ਕਿੱਲੋਮੀਟਰ
- ਬੀਐਮਸੀ-ਸੰਵਿਧਾਨ ਚੌਕ ਤੋਂ ਭਗਤ ਨਾਮਦੇਵ ਚੌਕ 0.69 ਕਿੱਲੋਮੀਟਰ
- ਮਕਸੂਦਾਂ ਚੌਕ ਤੋਂ ਡੀਏਵੀ ਰੇਲਵੇ ਲਾਈਨ 1.65 ਕਿੱਲੋਮੀਟਰ
- ਕਪੂਰਥਲਾ ਚੌਕ ਤੋਂ ਮਠਾੜੂ ਧਰਮਕੰਡਾ ਨਿਗਮ ਲਿਮਟਿਡ 4.00 ਕਿੱਲੋਮੀਟਰ
- ਗੁਰੂ ਅਮਰਦਾਸ ਚੌਕ ਤੋਂ ਗੁਰੂ ਤੇਗ ਬਹਾਦਰ ਚੌਕ 1.28 ਕਿੱਲੋਮੀਟਰ
- ਯੂਨਾਈਟਡ ਕ੍ਰਿਸਚੀਅਨ ਸਕੂਲ ਆਫ਼ ਨਰਸਿੰਗ ਦੇ ਸਾਹਮਣੇ 260 ਮੀਟਰ
- ਬਿਧੀਪੁਰ ਰੇਲਵੇ ਫਾਟਕ 210 ਮੀਟਰ
- ਗੁਰੂ ਰਵਿਦਾਸ ਚੌਕ ਤੋਂ ਬੀਐੱਸਐੱਨਐੱਲ ਐਕਸਚੇਂਜ 830 ਮੀਟਰ।