ਤੇਜ਼ ਰਫ਼ਤਾਰ ਕਾਰ ਨੇ ਬਾਈਕ ਨੂੰ ਮਾਰੀ ਟੱਕਰ, ਚਾਲਕ ਦੀ ਮੌਤ
ਮਨਦੀਪ ਸਿੰਘ, ਪੰਜਾਬੀ ਜਾਗਰਣ,
Publish Date: Thu, 15 Jan 2026 11:40 PM (IST)
Updated Date: Thu, 15 Jan 2026 11:42 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਜਲੰਧਰ-ਨਕੋਦਰ ਮੁੱਖ ਮਾਰਗ ’ਤੇ ਵੀਰਵਾਰ ਰਾਤ ਕਰੀਬ 9 ਵਜੇ ਵਾਪਰੇ ਭਿਆਨਕ ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਭਿਸ਼ੇਕ ਸਰੋਆ ਪੁੱਤਰ ਬਿੰਦਰ ਕੁਮਾਰ, ਵਾਸੀ ਪਿੰਡ ਭਗਵਾਨਪੁਰ ਥਾਣਾ ਲਾਂਬੜਾ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਵਾਲੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਿਆਂ ਦੂਜੇ ਪਾਸੇ ਜਾ ਰਹੇ ਮੋਟਰਸਾਈਕਲ ਨਾਲ ਟੱਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਚਾਲਕ ਦੀ ਇਕ ਲੱਤ ਸਰੀਰ ਨਾਲੋਂ ਵੱਖ ਹੋ ਗਈ। ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਵੱਲੋਂ ਤੁਰੰਤ ਲਾਂਬੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ। ਲੋਕਾਂ ਨੇ ਗੰਭੀਰ ਜ਼ਖ਼ਮੀ ਮੋਟਰਸਾਈਕਲ ਸਵਾਰ ਨੂੰ ਫੌਰੀ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ’ਚ ਰਖਵਾ ਦਿੱਤਾ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਊਟੀ ਅਫ਼ਸਰ ਅਮਰਵੀਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰ ਨੂੰ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਵੱਲੋਂ ਹਾਦਸੇ ਦੌਰਾਨ ਨੁਕਸਾਨੇ ਗਏ ਦੋਵੇਂ ਵਾਹਨ ਕਬਜ਼ੇ ’ਚ ਲੈ ਲਏ ਗਏ ਹਨ, ਜਦਕਿ ਕਾਰ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।