ਵਿਕਾਸ ਕੰਮਾਂ ’ਚ ਦੇਰੀ 'ਤੇ ਇਕ ਠੇਕੇਦਾਰ ਨੂੰ ਚੇਤਾਵਨੀ, ਦੋ ਨੂੰ ਜਾਰੀ ਹੋਣਗੇ ਨੋਟਿਸ
ਜਾਸ, ਜਲੰਧਰ : ਨਗਰ
Publish Date: Fri, 21 Nov 2025 10:36 PM (IST)
Updated Date: Fri, 21 Nov 2025 10:37 PM (IST)
ਜਾਸ, ਜਲੰਧਰ : ਨਗਰ ਨਿਗਮ ਹਾਊਸ ਦੀ ਮੀਟਿੰਗ ’ਚ ਠੇਕੇਦਾਰਾਂ ਦੀ ਲਾਪਰਵਾਹੀ ’ਤੇ ਮੇਅਰ ਵਨੀਤ ਧੀਰ ਨੇ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਇਸ ਦੌਰਾਨ ਇਕ ਠੇਕੇਦਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ, ਜਦਕਿ ਦੋ ਹੋਰਨਾਂ ਨੂੰ ਸੋਮਵਾਰ ਨੂੰ ਨੋਟਿਸ ਹੋ ਸਕਦੇ ਹਨ। ਇਸ ਸਮੇਂ, ਨਗਰ ਨਿਗਮ ਦਾ ਸਟਾਫ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਬੰਧੀ ਪ੍ਰੋਗਰਾਮਾਂ ’ਚ ਰੁੱਝਿਆ ਹੋਇਆ ਹੈ।
ਮੀਟਿੰਗ ’ਚ ਕੌਂਸਲਰ ਪਵਨ ਕੁਮਾਰ ਨੇ ਮਾਡਲ ਟਾਊਨ ਸ਼ਮਸ਼ਾਨਘਾਟ ਤੋਂ ਸੰਘਾ ਚੌਕ ਰੋਡ ਦੇ ਨਿਰਮਾਣ ਕਾਰਜ ’ਚ ਦੇਰੀ ਤੇ ਕੰਮ ਅਧੂਰਾ ਛੱਡਣ ਦਾ ਮੁੱਦਾ ਉਠਾਇਆ। ਉਨ੍ਹਾਂ ਨੇ ਕਿਹਾ ਕਿ ਠੇਕੇਦਾਰ ਨੇ ਮਾਡਲ ਟਾਊਨ ਸ਼ਮਸ਼ਾਨਘਾਟ ਤੋਂ ਸੰਘਾ ਚੌਕ ਤੱਕ ਸੜਕ ਦਾ ਨਿਰਮਾਣ ਕੀਤਾ ਹੈ ਪਰ ਦੋ ਸਾਲ ਹੋ ਗਏ ਹਨ ਤੇ ਇਹ ਸੜਕ ਹਾਲੇ ਤੱਕ ਪੂਰੀ ਨਹੀਂ ਹੋਈ, ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸੜਕ ਦਾ ਨਿਰਮਾਣ ਸਟੇਡੀਅਮ ਤੱਕ ਹੋਣਾ ਚਾਹੀਦਾ ਸੀ।
ਇਸ ਦੇ ਨਾਲ ਹੀ ਕੌਂਸਲਰ ਵਿਕਾਸ ਤਲਵਾੜ ਨੇ ਆਪਣੇ ਇਲਾਕੇ ’ਚ ਵਿਕਾਸ ਕਾਰਜਾਂ ’ਚ ਦੇਰੀ ਦਾ ਮੁੱਦਾ ਉਠਾਇਆ। ਕੌਂਸਲਰ ਡਾ. ਮਨੀਸ਼ ਕਲਰੂਪੀਆ ਨੇ ਬਾਬੂ ਜਗਜੀਵਨ ਰਾਮ ਚੌਕ ਤੋਂ ਕੜੀ ਵਾਲੇ ਚੌਕ ਤੱਕ ਪਾਈਪ ਵਿਛਾਉਣ ਲਈ ਤੋੜੀ ਗਈ ਸੜਕ ਦੇ ਨਿਰਮਾਣ ’ਚ ਦੇਰੀ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਨੇ ਕਿਹਾ ਛੇਤੀ ਹੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ਼ ਪੁਰਬ ਆਉਣ ਵਾਲਾ ਹੈ ਤੇ ਜਿਵੇਂ ਇਹ ਕੰਮ ਚੱਲ ਰਿਹਾ ਹੈ, ਇਸ ਨਾਲ ਸੰਗਤ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਮੇਅਰ ਨੇ ਤਿੰਨੇ ਮਾਮਲਿਆਂ ’ਚ ਠੇਕੇਦਾਰਾਂ ਨੂੰ ਨੋਟਿਸ ਜਾਰੀ ਕਰ ਕੇ ਉਨ੍ਹਾਂ ਤੋਂ ਜਵਾਬ ਮੰਗਣ ਦੇ ਹੁਕਮ ਦਿੱਤੇ। ਸੰਘਾ ਚੌਕ ਰੋਡ ਦੇ ਮਾਮਲੇ ’ਚ ਠੇਕੇਦਾਰ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਬਾਬੂ ਜਗਜੀਵਨ ਰਾਮ ਚੌਕ ਤੋਂ ਕੜੀ ਵਾਲੇ ਚੌਕ ਤੇ ਕੌਂਸਲਰ ਵਿਕਾਸ ਤਲਵਾੜ ਦੇ ਮਾਮਲੇ ’ਚ ਸੋਮਵਾਰ ਨੂੰ ਠੇਕੇਦਾਰਾਂ 'ਤੇ ਕਾਰਵਾਈ ਹੋ ਸਕਦੀ ਹੈ।