ਸਰਦਾਰ ਪਟੇਲ ਦੇ 150ਵੇਂ ਜਨਮ ਦਿਹਾੜੇ ਮੌਕੇ ਕੱਢਿਆ ਏਕਤਾ ਮਾਰਚ
ਸਰਦਾਰ ਵੱਲਭਭਾਈ ਪਟੇਲ ਦੇ 150ਵੇਂ ਜਨਮ ਦਿਹਾੜੇ ਮੌਕੇ ਸ਼ਹਿਰ ’ਚ ਕੱਢਿਆ ਏਕਤਾ ਮਾਰਚ
Publish Date: Fri, 21 Nov 2025 08:06 PM (IST)
Updated Date: Sat, 22 Nov 2025 04:13 AM (IST)

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਸਰਦਾਰ ਵੱਲਭਭਾਈ ਪਟੇਲ ਦੇ 150ਵੇਂ ਜਨਮ ਦਿਹਾੜੇ ਸਬੰਧੀ ਮਾਈ ਭਾਰਤ ਜਲੰਧਰ, ਯੁਵਕ ਮਾਮਲੇ ਤੇ ਖੇਡ ਮੰਤਰਾਲੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਏਕਤਾ ਮਾਰਚ ਕੱਢਿਆ ਗਿਆ। ਰਾਜ ਸਭਾ ਮੈਂਬਰ ਨਰੇਸ਼ ਬਾਂਸਲ ਇਸ ਮੌਕੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ ਤੇ ਉਨ੍ਹਾਂ ਵਲੋਂ ਏਪੀਜੇ ਇੰਸਟੀਚਿਊਟ ਤੋਂ ਏਕਤਾ ਮਾਰਚ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ ਗਿਆ। ਰਾਜ ਸਭਾ ਮੈਂਬਰ ਨੇ ਆਪਣੇ ਸੰਬੋਧਨ ਦੌਰਾਨ ਰਾਸ਼ਟਰ ਦੇ ਏਕੀਕਰਨ ’ਚ ਸਰਦਾਰ ਪਟੇਲ ਦੀ ਇਤਿਹਾਸਕ ਭੂਮਿਕਾ ’ਤੇ ਚਾਨਣਾ ਪਾਇਆ ਤੇ ਨੌਜਵਾਨਾਂ ਨੂੰ ਉਨ੍ਹਾਂ ਦੇ ਏਕਤਾ, ਦ੍ਰਿੜ ਸੰਕਲਪ ਤੇ ਲੋਕ ਸੇਵਾ ਦੀਆਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਦਾ ਸੱਦਾ ਦਿੱਤਾ। ਪ੍ਰੋਗਰਾਮ ਦੀ ਸ਼ੁਰੂਆਤ ਵੰਦੇ ਮਾਤਰਮ ਦੇ ਗਾਇਨ ਨਾਲ ਹੋਈ ਤੇ ਇਸ ਤੋਂ ਬਾਅਦ ਜੋਤੀ ਜਗਾਉਣ ਉਪਰੰਤ ਸਰਦਾਰ ਵੱਲਭਭਾਈ ਪਟੇਲ ਦੀ ਤਸਵੀਰ ’ਤੇ ਫੁੱਲ ਮਲਾਵਾਂ ਅਰਪਿਤ ਕੀਤੀਆਂ ਗਈਆਂ। ਸਰਦਾਰ ਪਟੇਲ ਜੀ ਦੇ ਜੀਵਨ ਤੇ ਵੱਡਮੁੱਲੇ ਯੋਗਦਾਨ ’ਤੇ ਵਿਸਥਾਰਿਤ ਚਰਚਾ ਨੇ ਹਾਜ਼ਰ ਸਾਰਿਆਂ ਨੂੰ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਨੌਜਵਾਨਾਂ ਦੇ ਗਰੁੱਪਾਂ ਤੇ ਕਾਲਜ ਦੀਆਂ ਟੀਮਾਂ ਵੱਲੋਂ ਦੇਸ਼ ਭਗਤੀ ਤੇ ਵੱਖ-ਵੱਖ ਸੱਭਿਆਚਾਰ ਨੂੰ ਦਰਸਾਉਂਦੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਇਸ ਮੌਕੇ 500 ਤੋਂ ਜ਼ਿਆਦਾ ਨੌਜਵਾਨਾਂ ਨੇ ਹਿੱਸਾ ਲਿਆ, ਜਿਨ੍ਹਾਂ ’ਚੋਂ ਬਹੁਤਿਆਂ ਨੇ ਕੌਮੀ ਝੰਡਾ ਤਿਰੰਗਾ ਫੜਿਆ ਹੋਇਆ ਸੀ, ਜੋ ਰਾਸ਼ਟਰੀ ਏਕਤਾ ਤੇ ਮਾਣ ਦਾ ਪ੍ਰਤੀਕ ਹੈ। ਪ੍ਰੋਗਰਾਮ ’ਚ ਸ਼ਿਰਕਤ ਕਰਨ ਵਾਲਿਆਂ ਨੇ ਨਸ਼ਾ ਮੁਕਤ ਭਾਰਤ ਤੇ ਆਤਮ-ਨਿਰਭਰ ਭਾਰਤ ਦੀ ਸਹੁੰ ਚੁੱਕੀ ਤੇ ਪ੍ਰਗਤੀਸ਼ੀਲ, ਜ਼ਿੰਮੇਵਾਰ ਤੇ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਪ੍ਰਤੀ ਆਪਣੀ ਸਮੂਹਿਕ ਵਚਨਬੱਧਤਾ ਪ੍ਰਗਟਾਈ। ਏਕਤਾ ਮਾਰਚ ਨਗਰ ਨਿਗਮ ਦਫ਼ਤਰ ਵਿਖੇ ਪਹੁੰਚਣ ਉਪਰੰਤ ਰਾਸ਼ਟਰੀ ਗੀਤ ਨਾਲ ਸੰਪੰਨ ਹੋਇਆ।