ਸ੍ਰੀ ਗੁਰੂ ਰਵਿਦਾਸ ਜੈਅੰਤੀ ਸਬੰਧੀ ਅੱਜ ਤੋਂ ਸ਼ੁਰੂ ਹੋਵੇਗਾ ਮੇਲਾ, ਭਾਰੀ ਵਾਹਨਾਂ ਦਾ ਰੂਟ ਡਾਇਵਰਟ
ਸ੍ਰੀ ਗੁਰੂ ਰਵਿਦਾਸ ਜਯੰਤੀ ਮੌਕੇ ਡਾ. ਬੀਆਰ ਅੰਬੇਡਕਰ ਚੌਕ ਤੋਂ
Publish Date: Tue, 27 Jan 2026 10:11 PM (IST)
Updated Date: Tue, 27 Jan 2026 10:13 PM (IST)

-ਮਾਡਲ ਹਾਊਸ ਤੇ ਜੀਟੀਬੀ ਨਗਰ ਤੋਂ ਬੂਟਾਂ ਮੰਡੀ ਨੂੰ ਜਾਣ ਵਾਲੇ ਰਸਤੇ ’ਤੇ ਲੱਗਣਗੇ ਬੈਰੀਕੇਡ -ਮੇਲੇ ਦੇ ਰਸਤੇ ’ਤੇ 20 ਥਾਵਾਂ ’ਤੇ ਸਜਣਗੇ ਝੂਲੇ, 31 ਜਨਵਰੀ ਨੂੰ ਸਜਾਈ ਜਾਵੇਗੀ ਸ਼ੋਭਾ ਯਾਤਰਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਉਤਸਵ ਨੂੰ ਲੈ ਕੇ ਡਾ. ਬੀ.ਆਰ ਅੰਬੇਡਕਰ ਚੌਕ ਤੋਂ ਬੂਟਾਂ ਮੰਡੀ ਤੱਕ ਮੇਲਾ ਭਰਨਾ ਸ਼ੁਰੂ ਹੋ ਗਿਆ ਹੈ। ਕਿਤੇ ਸਟਾਲ ਲਾ ਕੇ ਕਾਰੋਬਾਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿਤੇ ਲਾਈਟਿੰਗ ਨਾਲ ਮੇਲੇ ਦੇ ਰਸਤੇ ਨੂੰ ਰੋਸ਼ਨ ਕਰਨ ਦੀ ਤਿਆਰੀ ਚੱਲ ਰਹੀ ਹੈ। ਹਾਲਾਂਕਿ ਮੰਗਲਵਾਰ ਨੂੰ ਮੀਂਹ ਕਾਰਨ ਮੇਲੇ ਦੀ ਤਿਆਰੀ ਦਾ ਕੰਮ ਕੁਝ ਪ੍ਰਭਾਵਿਤ ਹੋਇਆ ਪਰ ਸ਼ਾਮ ਢਲਣ ਤੋਂ ਬਾਅਦ ਮੁੜ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ। ਉੱਧਰ, ਮੇਲੇ ’ਚ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਨਾ ਪੈਦਾ ਹੋਵੇ, ਇਸ ਲਈ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਹੁੰਦਿਆਂ ਬੂਟਾਂ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਤੱਕ ਲੱਗਣ ਵਾਲੇ ਮੇਲੇ ਨੂੰ ਲੈ ਕੇ 28 ਜਨਵਰੀ ਨੂੰ ਦੁਪਹਿਰ ਤੋਂ ਬਾਅਦ ਇਸ ਰਸਤੇ ਦਾ ਰੂਟ ਡਾਇਵਰਟ ਕਰ ਦਿੱਤਾ ਜਾਵੇਗਾ। ਇਸ ਤਹਿਤ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਬੂਟਾ ਮੰਡੀ ਤੱਕ ਦੇ ਰਸਤੇ ਵਿਚਾਲੇ ਲਿੰਕ ਰੋਡ, ਅਵਤਾਰ ਨਗਰ, ਮਾਡਲ ਹਾਊਸ ਤੇ ਗੁਰੂ ਤੇਗ ਬਹਾਦਰ ਨਗਰ ਵਾਲੇ ਰਸਤੇ ’ਤੇ ਬੈਰੀਕੇਡ ਲਗਾ ਕੇ ਭਾਰੀ ਵਾਹਨਾਂ ਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਗਾਈ ਜਾਵੇਗੀ। ਹਾਲਾਂਕਿ ਦੋ ਪਹੀਆ ਵਾਹਨ ਇਸ ਰਸਤੇ ਤੋਂ ਲੰਘ ਸਕਣਗੇ। ਇਕ ਫਰਵਰੀ ਨੂੰ ਮਨਾਈ ਜਾਣ ਵਾਲੀ ਸ੍ਰੀ ਗੁਰੂ ਰਵਿਦਾਸ ਜੈਅੰਤੀ ਦੇ ਮੌਕੇ ’ਤੇ 31 ਜਨਵਰੀ ਨੂੰ ਸ਼ਹਿਰ ’ਚ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਸਦੇ ਨਾਲ ਹੀ ਬੂਟਾਂ ਮੰਡੀ ਸਥਿਤ ਸ੍ਰੀ ਗੁਰੂ ਰਵਿਦਾਸ ਧਾਮ ਦੇ ਆਸ-ਪਾਸ ਤਿੰਨ ਦਿਨਾਂ ਦਾ ਮੇਲਾ ਲਗਾਇਆ ਜਾਂਦਾ ਹੈ। 28 ਜਨਵਰੀ ਤੋਂ ਸ਼ੁਰੂ ਹੋ ਰਹੇ ਮੇਲੇ ਨੂੰ ਲੈ ਕੇ ਡਾ. ਬੀਆਰ ਅੰਬੇਡਕਰ ਚੌਕ ਤੋਂ ਨਕੋਦਰ ਰੋਡ ਹੁੰਦੇ ਹੋਏ ਸ੍ਰੀ ਗੁਰੂ ਰਵਿਦਾਸ ਚੌਕ ਤੱਕ ਬਣੇ ਡਿਵਾਈਡਰਾਂ ’ਤੇ ਪੇਂਟਿੰਗ ਦਾ ਕੰਮ ਜਾਰੀ ਹੈ। ਨਾਲ ਹੀ ਮੇਲੇ ਦੇ ਰਸਤੇ ’ਤੇ 20 ਥਾਵਾਂ ’ਤੇ ਝੂਲੇ ਸਜਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਮੇਲੇ ਦੇ ਰਸਤੇ ਨੂੰ ਤਿੰਨ ਦਿਨ ਪਹਿਲਾਂ ਬੰਦ ਕਰਨ ਲਈ ਬੈਰੀਕੇਡ ਮੰਗਵਾਏ ਜਾ ਰਹੇ ਹਨ। ਇਸ ਵਾਰ ਮੇਲੇ ਦੇ ਰਸਤੇ ’ਚ ਪੈਂਦੀਆਂ ਕਾਲੋਨੀਆਂ ਤੋਂ ਵੀ ਭਾਰੀ ਵਾਹਨਾਂ ਦੀ ਆਵਾਜਾਈ ’ਤੇ ਰੋਕ ਰਹੇਗੀ, ਕਿਉਂਕਿ ਕਈ ਵਾਰ ਲੋਕ ਕਾਲੋਨੀਆਂ ਦੇ ਵਿਚਕਾਰੋਂ ਲੰਘ ਕੇ ਮੇਲੇ ਦੇ ਰਸਤੇ ’ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਇਸ ਵਾਰ ਉਥੇ ਵੀ ਬੈਰੀਕੇਡ ਲਗਾਏ ਜਾਣਗੇ। ---------------------------- ਇਨ੍ਹਾਂ ਰਸਤਿਆਂ ’ਤੇ ਰਹੇਗਾ ਰੂਟ ਡਾਇਵਰਟ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਬੂਟਾਂ ਮੰਡੀ ਤੱਕ ਲੱਗਣ ਵਾਲੇ ਮੇਲੇ ਦੌਰਾਨ ਅਵਤਾਰ ਨਗਰ ਨੂੰ ਜਾਣ ਵਾਲੇ ਰਸਤੇ ਦੇ ਸਾਹਮਣੇ ਬੈਰੀਕੇਡ ਲਾ ਕੇ ਭਾਰੀ ਤੇ ਚਾਰ ਪਹੀਆ ਵਾਹਨਾਂ ’ਤੇ ਪਾਬੰਦੀ ਲਗਾਈ ਜਾਵੇਗੀ। ਇਸੇ ਤਰ੍ਹਾਂ ਲਿੰਕ ਰੋਡ ਤੋਂ ਭਾਰਗੋ ਕੈਂਪ ਨੂੰ ਜਾਣ ਵਾਲੇ ਰਸਤੇ, ਗੁਰੂ ਤੇਗ ਬਹਾਦਰ ਨਗਰ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਤੇ ਮਾਡਲ ਹਾਊਸ ਤੋਂ ਸ੍ਰੀ ਗੁਰੂ ਰਵਿਦਾਸ ਚੌਕ ਨੂੰ ਜਾਣ ਵਾਲੇ ਰਸਤੇ ’ਤੇ ਵੀ ਬੈਰੀਕੇਡ ਲਗਾਏ ਜਾਣਗੇ। ਇੱਥੋਂ ਸਿਰਫ ਦੋਪਹੀਆ ਵਾਹਨ ਹੀ ਲੰਘ ਸਕਣਗੇ। --------------------------- ਇਹ ਹੋਣਗੇ ਬਦਲਵੇਂ ਰਾਹ ਮਾਡਲ ਹਾਊਸ ਤੋਂ ਗੁਰੂ ਤੇਗ ਬਹਾਦਰ ਨਗਰ ਜਾਣ ਲਈ ਫੁੱਟਬਾਲ ਚੌਕ ਤੋਂ ਗੁਰੂ ਨਾਨਕ ਮਿਸ਼ਨ ਚੌਕ ਤੇ ਲਾਜਪਤ ਨਗਰ ਬਦਲਵਾਂ ਰਾਹ ਰਹੇਗਾ। ਇਸੇ ਤਰ੍ਹਾਂ ਲਿੰਕ ਰੋਡ ਤੇ ਗੁਰੂ ਤੇਗ ਬਹਾਦਰ ਨਗਰ ਤੋਂ ਬਸਤੀ ਇਲਾਕੇ ’ਚ ਜਾਣ ਲਈ ਗੁਰੂ ਨਾਨਕ ਮਿਸ਼ਨ ਚੌਕ ਤੋਂ ਡਾ. ਬੀ.ਆਰ. ਅੰਬੇਡਕਰ ਚੌਕ ਹੁੰਦੇ ਹੋਏ ਫੁਟਬਾਲ ਚੌਕ ਬਦਲਵੇਂ ਰਾਹ ਵਜੋਂ ਵਰਤਿਆ ਜਾ ਸਕੇਗਾ। -------------------------------- ਮੇਲੇ ਦੇ ਰਸਤੇ ’ਤੇ ਲੱਗਣਗੇ 500 ਸਟਾਲ ਸ੍ਰੀ ਗੁਰੂ ਰਵਿਦਾਸ ਜੈਅੰਤੀ ਮੌਕੇ ਡਾ. ਬੀ.ਆਰ. ਅੰਬੇਡਕਰ ਚੌਕ ਤੋਂ ਬੂਟਾਂ ਮੰਡੀ ਤੱਕ ਲਗਪਗ 500 ਸਟਾਲ ਲਗਾਏ ਜਾਣਗੇ। ਇੱਥੇ ਵੱਖ-ਵੱਖ ਕਿਸਮ ਦਾ ਸਾਮਾਨ ਵੇਚਿਆ ਜਾਵੇਗਾ ਤੇ ਭੰਡਾਰੇ ਵੀ ਲਗਾਏ ਜਾਣਗੇ। ਮੇਲੇ ’ਚ ਸ੍ਰੀ ਗੁਰੂ ਰਵਿਦਾਸ ਚੌਕ ਨੇੜੇ ਖਿਡੌਣੇ ਵੇਚਣ ਵਾਲੇ ਰੋਸ਼ਨ ਲਾਲ ਨੇ ਦੱਸਿਆ ਕਿ ਉਹ ਹਰ ਸਾਲ ਮੇਲੇ ’ਚ ਸਟਾਲ ਲਗਾਉਂਦੇ ਹਨ ਤੇ ਉਨ੍ਹਾਂ ਦੀ ਚੰਗੀ ਵਿਕਰੀ ਹੋ ਜਾਂਦੀ ਹੈ। ਕਈ ਵਾਰ ਤਾਂ ਮੇਲਾ ਖਤਮ ਹੋਣ ਤੋਂ ਬਾਅਦ ਵੀ ਖਰੀਦਦਾਰ ਆਉਂਦੇ ਰਹਿੰਦੇ ਹਨ।