ਹੱਕਾਂ ਦੀ ਸਲਾਮਤੀ ਨਾਲ ਜੂਝਣ ਦਾ ਲਿਆ ਸੰਕਲਪ
ਗਣਤੰਤਰਤਾ ਦਿਵਸ ਮੌਕੇ ਆਰਐੱਮਪੀਆਈ ਨੇ ਸੰਵਿਧਾਨ, ਲੋਕਰਾਜ, ਭਾਈਚਾਰੇ ਤੇ ਪ੍ਰੈੱਸ ਦੀ ਆਜ਼ਾਦੀ ਦੀ ਰਾਖੀ ਦਾ ਸੰਕਲਪ ਲਿਆ
Publish Date: Wed, 28 Jan 2026 07:47 PM (IST)
Updated Date: Wed, 28 Jan 2026 07:49 PM (IST)

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਤੇ ਜੁਝਾਰੂ ਜਨਤਕ ਸੰਗਠਨਾਂ ਵੱਲੋਂ ਲੰਘੀ 26 ਜਨਵਰੀ ਨੂੰ ਸੂਬੇ ਭਰ ਚ ਵੱਖੋ-ਵੱਖ ਥਾਵਾਂ ਤੇ ਭਰਵੀਆਂ ਰੈਲੀਆਂ, ਮੀਟਿੰਗਾਂ ਕਰਕੇ ਉਤਸ਼ਾਹ ਪੂਰਵਕ ਗਣਤੰਤਰਤਾ ਦਿਵਸ ਮਨਾਇਆ। ਉਕਤ ਇਕੱਠਾਂ ਚ ਜੋਸ਼ੋ-ਖਰੋਸ਼ ਨਾਲ ਪੁੱਜੇ ਕਿਰਤੀ ਜਨ ਸਮੂਹਾਂ ਨੇ ਭਾਰਤ ਦੇ ਮੌਜੂਦਾ ਸੰਵਿਧਾਨ, ਦੇਸ਼ ਦੇ ਲੋਕਰਾਜੀ ਪ੍ਰਬੰਧ, ਧਰਮ ਨਿਰਪੱਖ ਤੇ ਫੈਡਰਲ ਢਾਂਚੇ, ਪ੍ਰੈੱਸ ਦੀ ਆਜ਼ਾਦੀ ਤੇ ਆਧੁਨਿਕ ਲੋਕ ਤੰਤਰ ਦੇ ਆਧਾਰ ਸਤੰਭ ਵਿਚਾਰ ਪ੍ਰਗਟਾਵੇ ਤੇ ਅਸਹਿਮਤੀ ਦੇ ਅਧਿਕਾਰ ਦੀ ਸਲਾਮਤੀ ਲਈ ਜੂਝਣ ਦਾ ਸੰਕਲਪ ਲਿਆ। ਫਿਰਕੂ ਇਕਸੁਰਤਾ, ਭਾਈਚਾਰਕ ਸਾਂਝ ਨੂੰ ਖੇਰੂੰ-ਖੇਰੂੰ ਕਰਨ ਤੇ ਬਜਿਦ ਫਿਰਕੂ-ਫਾਸ਼ੀ, ਵੰਡਵਾਦੀ ਤਾਕਤਾਂ ਵਿਰੁੱਧ ਜਦੋਜਹਿਦ ਜਾਰੀ ਰੱਖਣ ਦਾ ਵੀ ਅਹਿਦ ਲਿਆ ਗਿਆ। ਲੁਧਿਆਣਾ ਦੀ ‘ਬਜਾਜ ਸੰਨਜ਼ ਮਿੱਲ ਦੇ ਕਿਰਤੀਆਂ ਵੱਲੋਂ ਕੀਤੇ ਗਏ ਅਜਿਹੇ ਹੀ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਪ੍ਰਾਂਤ ਦੇ ਲੋਕਾਂ ਨਾਲ ਖੜ੍ਹਨ ਵਾਲੇ ਪੱਤਰਕਾਰਾਂ ਖ਼ਿਲਾਫ਼ ਝੂਠੇ ਪਰਚੇ ਦਰਜ ਕਰਨ ਰਾਹੀਂ ਮੀਡੀਆ ਦੀ ਜ਼ੁਬਾਨਬੰਦੀ ਕੀਤੇ ਜਾਣ ਦੇ ਕੇਂਦਰੀ ਤੇ ਸੂਬਾ ਸਰਕਾਰਾਂ ਦੇ ਕੋਝੇ ਯਤਨਾਂ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ ਹੈ। ਹੋਰਨਾਂ ਤੋਂ ਇਲਾਵਾ ਸੀਟੀਯੂ ਪੰਜਾਬ ਦੇ ਮੀਤ ਪ੍ਰਧਾਨ ਸਾਥੀ ਜਗਦੀਸ਼ ਚੰਦਰ, ਗੁਰਦਰਸ਼ਨ ਬੀਕਾ, ਤਹਿਸੀਲਦਾਰ ਯਾਦਵ ਵੀ ਮੌਜੂਦ ਸਨ। ਇਸੇ ਦੌਰਾਨ ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ ਆਦਿ ਵਿਖੇ ਵੀ ਉਕਤ ਮਕਸਦ ਅਧੀਨ ਪ੍ਰਭਾਵਸ਼ਾਲੀ ਇਕੱਠ ਕੀਤੇ ਗਏ। ਇਨ੍ਹਾਂ ਇੱਕਠਾਂ ਨੂੰ ਸਰਵ ਸਾਥੀ ਨੱਥਾ ਸਿੰਘ ਢੱਡਵਾਲ, ਸ਼ਿਵ ਕੁਮਾਰ ਪਠਾਨਕੋਟ, ਕਿਰਪਾਲ ਸਿੰਘ ਗਿੱਲ, ਰਤਨ ਸਿੰਘ ਰੰਧਾਵਾ ਤੇ ਪਰਗਟ ਸਿੰਘ ਜਾਮਾਰਾਏ ਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ ਹੈ।