ਸੀਐੱਮ ਦੀ ਆਮਦ ’ਤੇ ਮੁਲਾਜ਼ਮ ਆਗੂ ਸੁਖਜੀਤ ਸਿੰਘ ਘਰ ’ਚ ਨਜ਼ਰਬੰਦ
ਮੁੱਖ ਮੰਤਰੀ ਦੀ ਆਮਦ ’ਤੇ ਮੁਲਾਜ਼ਮ ਆਗੂ ਸੁਖਜੀਤ ਸਿੰਘ ਨੂੰ ਘਰ ’ਚ ਕੀਤਾ ਨਜ਼ਰਬੰਦ
Publish Date: Fri, 30 Jan 2026 07:25 PM (IST)
Updated Date: Fri, 30 Jan 2026 07:28 PM (IST)

-ਸਰਕਾਰ ਗੱਲਬਾਤ ਕਰਨ ਦੀ ਬਜਾਏ ਤਾਨਾਸ਼ਾਹ ਰਵੱਵੀਏ ’ਤੇ ਹੋਈ ਉਤਾਰੂ : ਸੁਖਜੀਤ ਸਿੰਘ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੁੱਖ ਮੰਤਰੀ ਭਗਵੰਤ ਮਾਨ ਦੀ ਮਹਾਨਗਰ ’ਚ ਆਮਦ ਮੌਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਸੀਪੀਐੱਫ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਨੂੰ ਘਰ ਵਿਚ ਨਜ਼ਰਬੰਦ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਜੀਤ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ 18 ਨਵੰਬਰ 2022 ਨੂੰ ਪੰਜਾਬ ਦੇ ਮੁਲਾਜ਼ਮਾਂ ਨੂੰ ਦੀਵਾਲੀ ਤੋਹਫਾ ਦਿੰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਪਰ ਅੱਜ ਤਿੰਨ ਦੀਵਾਲੀਆਂ ਬੀਤ ਜਾਣ ਉਪਰੰਤ ਵੀ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਦਾ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਲਾਗੂ ਨਹੀਂ ਹੋਇਆ। ਇਸ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿੱਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਦੇਸ਼ ਭਰ ’ਚ ਕਰੋੜਾਂ ਰੁਪਏ ਦੇ ਇਸ਼ਤਿਹਾਰ ਵੀ ਲਗਵਾਏ ਗਏ ਸਨ ਪਰ ਅੱਜ ਤੱਕ ਵੀ ਪੰਜਾਬ ਵਿਚ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਨਹੀਂ ਹੋਈ। ਹੁਣ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਸ ਸਬੰਧੀ ਯੂਨੀਅਨ ਵੱਲੋਂ ਸਵਾਲ ਉਠਾਇਆ ਜਾਂਦਾ ਹੈ ਤਾਂ ਮੁੱਖ ਮੰਤਰੀ ਪੰਜਾਬ ਦੇ ਇਸ਼ਾਰੇ ’ਤੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਮੁਲਾਜ਼ਮ ਆਗੂਆਂ ਨੂੰ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਜੋ ਕਿ ਲੋਕਤੰਤਰ ਦੀ ਹੱਤਿਆ ਹੈ। ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਸੰਵਿਧਾਨ ਮੁ਼ਤਾਬਕ ਹਰ ਵਿਅਕਤੀ ਨੂੰ ਆਪਣੀ ਮੰਗ ਰੱਖਣ ਤੇ ਗੱਲ ਕਹਿਣ ਦਾ ਅਧਿਕਾਰ ਹੈ ਪਰ ਸਰਕਾਰ ਦੇ ਅਜਿਹੇ ਵਤੀਰੇ ਤੋਂ ਇੰਝ ਜਾਪਦਾ ਹੈ ਕਿ ਪੰਜਾਬ ਐਮਰਜੈਂਸੀ ਦੇ ਦੌਰ ਵੱਲ ਵੱਧ ਰਿਹਾ ਹੈ। ਜਿੱਥੇ ਕੋਈ ਵੀ ਵਿਅਕਤੀ ਆਪਣੀ ਮੰਗ ਜਾਂ ਗੱਲ ਸਰਕਾਰ ਅੱਗੇ ਨਹੀਂ ਰੱਖ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਜੇ ਮੁੱਖ ਮੰਤਰੀ ਪੰਜਾਬ ਦਾ ਮੁਲਾਜ਼ਮਾਂ ਪ੍ਰਤੀ ਅਜਿਹਾ ਹੀ ਰੱਵਈਆ ਰਿਹਾ ਤਾਂ ਜਿਹੜੇ ਮੁਲਾਜ਼ਮ ਵਰਗ ਨੇ ਇਸ ਸਰਕਾਰ ਨੂੰ ਸੱਤਾ ’ਤੇ ਬਿਠਾਇਆ ਸੀ, ਉਹੀ ਮੁਲਾਜ਼ਮ ਵਰਗ ਇਸ ਸਰਕਾਰ ਖਿਲਾਫ ਹਰ ਪੱਧਰ ’ਤੇ ਪ੍ਰਚਾਰ ਕਰੇਗਾ ਅਤੇ ਸਰਕਾਰ ਦੀ ਲੋਕਾਂ ਅੱਗੇ ਪੋਲ ਖੋਲ੍ਹੇਗਾ। ਇਸ ਮੌਕੇ ਅਮਨਦੀਪ ਸਿੰਘ ਸੂਬਾਈ ਆਗੂ, ਸੰਗਤ ਰਾਮ ਪ੍ਰਧਾਨ ਕਪੂਰਥਲਾ ਤੇ ਕ੍ਰਿਪਾਲ ਸਿੰਘ ਮੌਜੂਦ ਸਨ।