ਠੱਗ ਔਰਤਾਂ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਮਹਿੰਗੀਆਂ ਗੱਡੀਆਂ, ਆਲੀਸ਼ਾਨ ਬੰਗਲੇ, ਵਿਦੇਸ਼ੀ ਆਫ਼ਿਸ ਅਤੇ ਕਰੋੜਾਂ ਦੇ ਕਾਰੋਬਾਰ ਦੀਆਂ ਤਸਵੀਰਾਂ ਪਾ ਕੇ ਖੁਦ ਨੂੰ ਸਫ਼ਲ ਬਿਜ਼ਨੈੱਸ ਵੂਮੈਨ ਸਾਬਤ ਕਰਦੀਆਂ ਹਨ। ਇਸ ਤੋਂ ਬਾਅਦ ਲੰਬੇ ਸਮੇਂ ਤਕ ਗੱਲਬਾਤ ਕਰ ਕੇ ਨੌਜਵਾਨਾਂ ਦਾ ਭਰੋਸਾ ਜਿੱਤਦੀਆਂ ਹਨ ਅਤੇ ਫਿਰ ਵੱਖ-ਵੱਖ ਬਹਾਨਿਆਂ ਨਾਲ ਪੈਸੇ ਮੰਗਣਾ ਸ਼ੁਰੂ ਕਰ ਦਿੰਦੀਆਂ ਹਨ।

ਜਾਗਰਣ ਸੰਵਾਦਦਾਤਾ, ਜਲੰਧਰ: ਪੰਜਾਬ ਦੇ ਨੌਜਵਾਨਾਂ 'ਚ ਵਿਦੇਸ਼ ਜਾਣ ਤੇ ਉੱਥੇ ਬਿਜ਼ਨੈੱਸ ਸਥਾਪਿਤ ਕਰਨ ਦਾ ਵਧਦਾ ਕ੍ਰੇਜ਼ ਹੁਣ ਸਾਈਬਰ ਠੱਗਾਂ ਲਈ ਕਮਾਈ ਦਾ ਵੱਡਾ ਜ਼ਰੀਆ ਬਣ ਚੁੱਕਾ ਹੈ। ਪਹਿਲਾਂ ਫਰਜ਼ੀ ਟ੍ਰੈਵਲ ਏਜੰਟ ਨੌਕਰੀ ਤੇ ਵੀਜ਼ਾ ਦਿਵਾਉਣ ਦੇ ਨਾਂ 'ਤੇ ਠੱਗੀ ਕਰਦੇ ਸਨ, ਪਰ ਹੁਣ ਇੰਟਰਨੈੱਟ ਮੀਡੀਆ 'ਤੇ ਸਰਗਰਮ ਐੱਨਆਰਆਈ ਵਿਧਵਾ ਬਣ ਕੇ ਨਵੇਂ ਤੇ ਬੇਹੱਦ ਸ਼ਾਤਰ ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ।
ਇਹ ਗੈਂਗ ਖੁਦ ਨੂੰ ਕੈਨੇਡਾ, ਆਸਟ੍ਰੇਲੀਆ ਜਾਂ ਦੁਬਈ 'ਚ ਰਹਿਣ ਵਾਲੀ ਅਮੀਰ ਵਿਧਵਾ ਕਾਰੋਬਾਰੀ ਦੱਸ ਕੇ ਨੌਜਵਾਨਾਂ ਨਾਲ ਦੋਸਤੀ ਕਰਦੀ ਹੈ ਤੇ ਫਿਰ ਉਨ੍ਹਾਂ ਨੂੰ ਵਿਦੇਸ਼ 'ਚ ਬਿਜ਼ਨੈੱਸ ਪਾਰਟਨਰ ਬਣਾਉਣ, ਹੋਟਲ ਮੈਨੇਜਮੈਂਟ ਸੰਭਾਲਣ, ਪ੍ਰਾਪਰਟੀ 'ਚ ਹਿੱਸੇਦਾਰੀ ਦੇਣ ਜਾਂ ਵਿਆਹ ਤੋਂ ਬਾਅਦ ਵਿਦੇਸ਼ 'ਚ ਵਸਾਉਣ ਦੇ ਸੁਪਨੇ ਦਿਖਾਉਂਦੀ ਹੈ।
ਠੱਗ ਔਰਤਾਂ ਸੋਸ਼ਲ ਮੀਡੀਆ ਪ੍ਰੋਫਾਈਲ 'ਤੇ ਮਹਿੰਗੀਆਂ ਗੱਡੀਆਂ, ਆਲੀਸ਼ਾਨ ਬੰਗਲੇ, ਵਿਦੇਸ਼ੀ ਆਫ਼ਿਸ ਅਤੇ ਕਰੋੜਾਂ ਦੇ ਕਾਰੋਬਾਰ ਦੀਆਂ ਤਸਵੀਰਾਂ ਪਾ ਕੇ ਖੁਦ ਨੂੰ ਸਫ਼ਲ ਬਿਜ਼ਨੈੱਸ ਵੂਮੈਨ ਸਾਬਤ ਕਰਦੀਆਂ ਹਨ। ਇਸ ਤੋਂ ਬਾਅਦ ਲੰਬੇ ਸਮੇਂ ਤਕ ਗੱਲਬਾਤ ਕਰ ਕੇ ਨੌਜਵਾਨਾਂ ਦਾ ਭਰੋਸਾ ਜਿੱਤਦੀਆਂ ਹਨ ਅਤੇ ਫਿਰ ਵੱਖ-ਵੱਖ ਬਹਾਨਿਆਂ ਨਾਲ ਪੈਸੇ ਮੰਗਣਾ ਸ਼ੁਰੂ ਕਰ ਦਿੰਦੀਆਂ ਹਨ।
ਜਲੰਧਰ ਵਿਚ ਅਜਿਹੇ ਤਿੰਨ ਮਾਮਲਿਆਂ 'ਚ ਨੌਜਵਾਨਾਂ ਨਾਲ ਕਰੀਬ 92 ਲੱਖ ਰੁਪਏ ਦੀ ਠੱਗੀ ਸਾਹਮਣੇ ਆਈ ਹੈ-
ਬਸਤੀ ਨੌਂ ਦੇ ਰਹਿਣ ਵਾਲੇ ਸਾਹਿਲ ਨੂੰ ਇਕ ਔਰਤ ਨੇ ਸੋਸ਼ਲ ਮੀਡੀਆ ਰਾਹੀਂ ਸੰਪਰਕ ਕੀਤਾ। ਔਰਤ ਨੇ ਖੁਦ ਨੂੰ ਕੈਨੇਡਾ 'ਚ ਰਹਿਣ ਵਾਲੀ ਐੱਨਆਰਆਈ ਬਿਜ਼ਨੈੱਸ ਵੂਮੈਨ ਦੱਸਿਆ ਅਤੇ ਮਨਪ੍ਰੀਤ ਨੂੰ ਵੱਡੀ ਕੰਪਨੀ 'ਚ ਨੌਕਰੀ ਕਰਨ ਦਾ ਝਾਂਸਾ ਦਿੱਤਾ। ਕਰੀਬ ਡੇਢ ਮਹੀਨੇ ਤੱਕ ਲਗਾਤਾਰ ਗੱਲਬਾਤ ਕਰਕੇ ਉਸਨੂੰ ਭਰੋਸੇ 'ਚ ਲਿਆ ਗਿਆ।
ਠੱਗਾਂ ਨੇ ਨਕਲੀ ਕੈਨੇਡੀਅਨ ਲੋਕੇਸ਼ਨ, ਫਰਜ਼ੀ ਕੰਪਨੀ ਦਸਤਾਵੇਜ਼ ਤੇ ਇਨਵੈਸਟਮੈਂਟ ਐਗਰੀਮੈਂਟ ਭੇਜ ਕੇ ਨੌਜਵਾਨ ਨੂੰ ਯਕੀਨ ਦਿਵਾਇਆ ਕਿ ਉਹ ਵਿਦੇਸ਼ 'ਚ ਵੱਡਾ ਕਾਰੋਬਾਰੀ ਬਣਨ ਜਾ ਰਿਹਾ ਹੈ। ਬਾਅਦ 'ਚ ਰਿਫੰਡੇਬਲ ਸਕਿਊਰਿਟੀ ਤੇ ਪ੍ਰੋਸੈਸਿੰਗ ਫੀਸ ਦੇ ਨਾਂ 'ਤੇ ਉਸ ਕੋਲੋਂ 24 ਲੱਖ ਰੁਪਏ ਠੱਗ ਲਏ। ਰਕਮ ਜੁਟਾਉਣ ਲਈ ਮਨਪ੍ਰੀਤ ਨੂੰ ਆਪਣੀ ਪੁਸ਼ਤੈਨੀ ਜ਼ਮੀਨ ਤਕ ਗਿਰਵੀ ਰੱਖਣੀ ਪਈ।
ਦੂਜੇ ਮਾਮਲੇ 'ਚ ਲੱਕੜ ਦਾ ਕੰਮ ਕਰਨ ਵਾਲੇ ਨੂੰ ਵਿਦੇਸ਼ 'ਚ ਸੈਟਲ ਹੋਣ ਦਾ ਵਾਅਦਾ ਕੀਤਾ ਗਿਆ। ਔਰਤ ਨੇ ਖੁਦ ਨੂੰ ਉੱਥੋਂ ਦੀ ਪੱਕੀ ਨਾਗਰਿਕ ਦੱਸਿਆ ਤੇ ਉਸਨੂੰ ਬਿਜ਼ਨੈੱਸ ਪਾਰਟਨਰ ਬਣਨ ਦੀ ਪੇਸ਼ਕਸ਼ ਕੀਤੀ। ਭਰੋਸਾ ਵਧਾਉਣ ਲਈ ਇਕ ਵਿਅਕਤੀ ਨੂੰ ਫਰਜ਼ੀ ਵੀਜ਼ਾ ਅਧਿਕਾਰੀ ਬਣਾ ਕੇ ਵੀਡੀਓ ਕਾਲ 'ਤੇ ਇੰਟਰਵਿਊ ਵੀ ਕਰਵਾਇਆ ਗਿਆ।
ਇਸ ਤੋਂ ਬਾਅਦ ਵੱਖ-ਵੱਖ ਫੀਸਾਂ ਤੇ ਦਸਤਾਵੇਜ਼ਾਂ ਦੇ ਨਾਂ 'ਤੇ ਅਮਨਦੀਪ ਤੋਂ 31 ਲੱਖ ਰੁਪਏ ਲੈ ਲਏ ਗਏ। ਬਾਅਦ 'ਚ ਜਦੋਂ ਉਸਨੇ ਐਗਰੀਮੈਂਟ ਤੇ ਵੈੱਬਸਾਈਟ ਦੀ ਜਾਂਚ ਕਰਵਾਈ ਤਾਂ ਉਸ ਵਿਚ ਅੰਗਰੇਜ਼ੀ ਦੀਆਂ ਗਲਤੀਆਂ ਮਿਲੀਆਂ ਅਤੇ ਵੈੱਬਸਾਈਟ ਵੀ ਕੇਵਲ ਤਿੰਨ ਮਹੀਨੇ ਪੁਰਾਣੀ ਨਿਕਲੀ। ਉਦੋਂ ਤੱਕ ਉਹ ਆਪਣੀ ਪੂਰੀ ਜਮ੍ਹਾ ਪੂੰਜੀ ਗੁਆ ਚੁੱਕਾ ਸੀ।
ਜਲੰਧਰ ਦੇ ਰਹਿਣ ਵਾਲੇ ਰਾਜੇਸ਼ ਨੂੰ ਦੁਬਈ ਦੀ ਔਰਤ ਨੇ ਆਪਣੇ ਜਾਲ 'ਚ ਫਸਾਇਆ। ਔਰਤ ਨੇ ਉਸਨੂੰ ਦੁਬਈ 'ਚ ਲਗਜ਼ਰੀ ਆਫ਼ਿਸ ਦਿਵਾਉਣ ਦਾ ਝਾਂਸਾ ਦਿੱਤਾ। ਹੌਲੀ-ਹੌਲੀ ਟ੍ਰੇਡ ਲਾਇਸੈਂਸ, ਪ੍ਰੋਸੈਸਿੰਗ ਫੀਸ ਅਤੇ ਟਿਕਟ ਦੇ ਨਾਂ 'ਤੇ ਉਸ ਕੋਲੋਂ 37 ਲੱਖ ਰੁਪਏ ਲੈ ਲਏ ਗਏ। ਇਹ ਰਕਮ ਜੁਟਾਉਣ ਲਈ ਗੁਰਕੀਰਤ ਨੇ ਪਰਿਵਾਰ ਦੀ ਬੱਚਤ ਖ਼ਰਚ ਕਰ ਦਿੱਤੀ ਅਤੇ ਮਾਂ ਦੇ ਗਹਿਣੇ ਤਕ ਵੇਚ ਦਿੱਤੇ। ਅਖੀਰ 'ਚ ਟਿਕਟ ਭੇਜਣ ਦਾ ਝਾਂਸਾ ਦੇ ਕੇ ਔਰਤ ਨੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਬੰਦ ਕਰ ਦਿੱਤਾ ਅਤੇ ਨੌਜਵਾਨ ਨੂੰ ਬਲਾਕ ਕਰ ਦਿੱਤਾ।
ਸਾਈਬਰ ਮਾਹਿਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਇੰਟਰਨੈੱਟ ਮੀਡੀਆ 'ਤੇ ਦਿਖਾਈ ਜਾਣ ਵਾਲੀ ਲਗਜ਼ਰੀ ਲਾਈਫਸਟਾਈਲ ਤੇ ਵਿਦੇਸ਼ੀ ਬਿਜ਼ਨੈੱਸ ਆਫ਼ਰ 'ਤੇ ਅੱਖਾਂ ਬੰਦ ਕਰ ਕੇ ਭਰੋਸਾ ਕਰਨਾ ਖ਼ਤਰਨਾਕ ਹੋ ਸਕਦਾ ਹੈ। ਕਿਸੇ ਵੀ ਵਿਦੇਸ਼ੀ ਨੌਕਰੀ, ਬਿਜ਼ਨੈੱਸ ਜਾਂ ਨਿਵੇਸ਼ ਪ੍ਰਸਤਾਵ ਦੀ ਪੁਸ਼ਟੀ ਸਰਕਾਰੀ ਪੋਰਟਲ ਅਤੇ ਅਧਿਕਾਰਤ ਏਜੰਸੀਆਂ ਤੋਂ ਜ਼ਰੂਰ ਕਰਨੀ ਚਾਹੀਦੀ ਹੈ।