ਉਨ੍ਹਾਂ ਬਾਬਾ ਫ਼ਰੀਦ ਦੇ ਸ਼ਲੋਕ ਦੇ ਸੰਦਰਭ ਰਾਹੀਂ ਨਾਵਲ ਦੇ ਸਿਰਲੇਖ ਦੀ ਚਰਚਾ ਕੀਤੀ ਅਤੇ ਨਾਵਲ ਦੇ ਫ਼ਿਲਮੀ ਸਟਾਈਲ ਵਿਚ ਚਲ ਕੇ ਪਿਛਲਝਾਤ ਵਿਧੀ ਰਾਹੀਂ ਅੱਗੇ ਵਧਣ ਬਾਰੇ ਵਿਦਿਆਰਥੀਆਂ ਨੂੰ ਨਾਵਲ ਤੋਂ ਜਾਣੂ ਕਰਵਾਇਆ। ਡਾ. ਕੁਲਦੀਪ ਸਿੰਘ ਨੇ ਬੋਲਦਿਆਂ ਹੋਇਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਉਲੀਕਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਸਹਿਮਤੀ ਮਿਲਣਾ ਪੰਜਾਬੀ ਵਿਭਾਗ ਅਤੇ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ।

ਜਲੰਧਰ : ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਫੈਕਲਟੀ ਲਾਂਜ਼ ਵਿਚ ਪੰਜਾਬੀ ਵਿਭਾਗ ਵੱਲੋਂ ਬੀਤੇ ਦਿਨੀਂ ਪ੍ਰਸਿੱਧ ਪਰਵਾਸੀ ਗਲਪਕਾਰ ਬਲਦੇਵ ਸਿੰਘ ਗਰੇਵਾਲ ਦੁਆਰਾ ਰਚਿਤ ਨਾਵਲ 'ਇੱਕ ਹੋਰ ਪੁਲ ਸਰਾਤ : ਵਸਤੂ ਅਤੇ ਵਿਧੀ-ਵਿਧਾਨ' ਵਿਸ਼ੇ 'ਤੇ ਸਾਹਿਤਕ ਵਿਚਾਰ-ਗੋਸ਼ਟੀ ਕਰਵਾਈ ਗਈ।
ਇਸ ਮੌਕੇ ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ ਦੇ ਰਜਿਸਟਰਾਰ ਪ੍ਰੋ. ਸੰਜੀਵ ਸ਼ਰਮਾ, ਮੁੱਖ ਮਹਿਮਾਨ, ਬਲਦੇਵ ਸਿੰਘ ਗਰੇਵਾਲ, ਪਰਵਾਸੀ ਪੰਜਾਬੀ ਗਲਪਕਾਰ ਵਿਸ਼ੇਸ਼ ਮਹਿਮਾਨ ਵਜੋਂ ਪ੍ਰੋਗਰਾਮ ਵਿਚ ਪੁੱਜੇ। ਪ੍ਰੋ. ਧਨਵੰਤ ਕੌਰ, ਸਾਬਕਾ ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮੁੱਖ ਵਕਤਾ ਵਜੋਂ, ਪ੍ਰੋ. ਜਸਵਿੰਦਰ ਸਿੰਘ, ਸਾਬਕਾ ਡੀਨ ਅਕਾਦਮਿਕ ਮਾਮਲੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪ੍ਰੋ. ਹਰਸਿਮਰਨ ਸਿੰਘ ਰੰਧਾਵਾ, ਸਾਬਕਾ ਮੁਖੀ, ਪੰਜਾਬੀ ਵਿਭਾਗ, ਕੁ. ਯੂ. ਕੁਰੂਕਸ਼ੇਤਰ ਨੇ ਪ੍ਰੋਗਰਾਮ ਪ੍ਰਧਾਨ ਵਜੋਂ ਸ਼ਿਰਕਤ ਕੀਤੀ।
ਡਾ. ਕੁਲਦੀਪ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਵਿਦਿਆਰਥੀਆਂ ਦੇ ਰੂ-ਬ-ਰੂ ਕਰਵਾਉਂਦਿਆਂ ਵਿਚਾਰ-ਗੋਸ਼ਟੀ ਦੀ ਭੂਮਿਕਾ ਬੰਨ੍ਹੀ ਅਤੇ ਨਾਵਲ ਦੇ ਸਿਰਲੇਖ 'ਤੇ ਝਾਤ ਮਾਰਦਿਆਂ ਨੌਜਵਾਨ ਪੀੜ੍ਹੀ ਦੀ ਪਰਵਾਸ ਧਾਰਨ ਦੀ ਮਾਨਸਿਕਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਬਾਬਾ ਫ਼ਰੀਦ ਦੇ ਸ਼ਲੋਕ ਦੇ ਸੰਦਰਭ ਰਾਹੀਂ ਨਾਵਲ ਦੇ ਸਿਰਲੇਖ ਦੀ ਚਰਚਾ ਕੀਤੀ ਅਤੇ ਨਾਵਲ ਦੇ ਫ਼ਿਲਮੀ ਸਟਾਈਲ ਵਿਚ ਚਲ ਕੇ ਪਿਛਲਝਾਤ ਵਿਧੀ ਰਾਹੀਂ ਅੱਗੇ ਵਧਣ ਬਾਰੇ ਵਿਦਿਆਰਥੀਆਂ ਨੂੰ ਨਾਵਲ ਤੋਂ ਜਾਣੂ ਕਰਵਾਇਆ। ਡਾ. ਕੁਲਦੀਪ ਸਿੰਘ ਨੇ ਬੋਲਦਿਆਂ ਹੋਇਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਉਲੀਕਣ ਲਈ ਯੂਨੀਵਰਸਿਟੀ ਪ੍ਰਸ਼ਾਸਨ ਦੁਆਰਾ ਸਹਿਮਤੀ ਮਿਲਣਾ ਪੰਜਾਬੀ ਵਿਭਾਗ ਅਤੇ ਯੂਨੀਵਰਸਿਟੀ ਲਈ ਬਹੁਤ ਮਾਣ ਵਾਲੀ ਗੱਲ ਹੈ।
ਮੁੱਖ ਵਕਤਾ ਵਜੋਂ ਬੋਲਦਿਆਂ ਪ੍ਰੋ. ਧਨਵੰਤ ਕੌਰ ਨੇ ਪੰਜਾਬੀ ਵਿਭਾਗ ਨੂੰ ਇਸ ਵਿਚਾਰ-ਗੋਸ਼ਟੀ ਲਈ ਮੁਬਾਰਕਾਂ ਦਿੰਦਿਆਂ ਹੋਇਆਂ ਬਲਦੇਵ ਸਿੰਘ ਗਰੇਵਾਲ ਦੇ ਜੀਵਨ ਸੰਘਰਸ਼ ਅਤੇ ਸਾਹਿਤਕ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਉਹਨਾਂ ਨੇ ਗਰੇਵਾਲ ਦੇ ਨਾਵਲ ਇੱਕ ਹੋਰ ਪੁਲ਼ ਸਰਾਤ ਦੇ ਵਿਸ਼ੇ 'ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਪਰਵਾਸ ਸਮਕਾਲ ਵਿਚ ਭਖਿਆ ਹੋਇਆ ਵਰਤਾਰਾ ਹੈ। ਨਾਵਲ ਵਿਚ ਹਿੰਦੋਸਤਾਨ ਹੀ ਨਹੀਂ ਬਲਕਿ, ਪਾਕਿਸਤਾਨ, ਸ਼੍ਰੀਲੰਕਾ, ਸਪੇਨ ਅਤੇ ਕੋਲੰਬੀਆਂ ਵਰਗੇ ਦੇਸ਼ਾਂ ਦੇ ਪਰਵਾਸੀਆਂ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਗਿਆ ਹੈ।
ਨਾਵਲ ਵਿਚ ਖਾੜਕੂ ਲਹਿਰ ਦੀ ਲਪੇਟ ਵਿਚ ਆਏ ਪੰਜਾਬ ਨੂੰ ਪੇਸ਼ ਕਰਦਿਆਂ ਪੁਲਿਸ ਦੇ ਤਸ਼ੱਦਦ ਦੀ ਪੇਸ਼ਕਾਰੀ ਕੀਤੀ ਗਈ ਹੈ। ਉਹਨਾਂ ਦੱਸਿਆਂ ਕਿ ਨਾਵਲਕਾਰ ਦਾ ਮੂਲ ਫੋਕਸ ਪਰਵਾਸ ਧਾਰਨ ਗੈਰ-ਕਾਨੂੰਨੀ ਕਾਰਨਾਂ ਨੂੰ ਸਪੱਸ਼ਟ ਕਰਨਾ ਹੈ। ਡਾ. ਧਨਵੰਤ ਕੌਰ ਨੇ ਕਿਹਾ ਕਿ ਗਰੇਵਾਲ ਨੇ ਆਰਥਿਕ, ਸਮਾਜਿਕ, ਰਾਜਨੀਤਿਕ ਸਭ ਮੁੱਦਿਆਂ ਨੂੰ ਆਪਣੇ ਨਾਵਲ ਵਿਚ ਬਾਖ਼ੂਬੀ ਨਿਭਾਉਂਦਿਆਂ ਸਮੇਂ ਦੀ ਸੱਚਾਈ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਨੇ ਗਰੇਵਾਲ ਦੀਆਂ ਰਚਨਾਵਾਂ ਸਬੰਧੀ ਆਪਣੀ ਧਾਰਨਾ ਦਿੰਦਿਆਂ ਕਿਹਾ ਕਿ "ਗਰੇਵਾਲ ਦੀਆਂ ਰਚਨਾਵਾਂ ਨੂੰ ਪੜ੍ਹਨਾ ਅਤੇ ਸਮਝਣਾ ਸੌਖਾ ਹੈ, ਪਰੰਤੂ ਉਸਦਾ ਵਿਸ਼ਲੇਸ਼ਣ ਕਰਨਾ ਬਹੁਤ ਔਖਾ ਹੈ।"
ਮੁੱਖ ਵਕਤਾ ਵਜੋਂ ਬੋਲਦਿਆਂ ਪ੍ਰੋ. ਸੰਜੀਵ ਸ਼ਰਮਾ, ਰਜਿਸਟਰਾਰ ਕੁ. ਯੂ. ਕੁ. ਨੇ ਪੰਜਾਬੀ ਵਿਭਾਗ ਨੂੰ ਅਜਿਹੇ ਸਮਕਾਲ ਦੇ ਮੁੱਖ ਵਿਸ਼ੇ ਤੇ ਵਿਚਾਰ-ਗੋਸ਼ਟੀ ਕਰਵਾਉਣ ਲਈ ਵਧਾਈ ਦਿੱਤੀ। ਉਨ੍ਹਾਂ ਨੇ ਸਮਕਾਲ ਦੇ ਇਸ ਸਮਾਜਿਕ ਮੁੱਦੇ ਬਾਰੇ ਚਿੰਤਾ ਪ੍ਰਗਟ ਕਰਦਿਆਂ ਬਾਹਰਲੇ ਮੁਲਕਾਂ ਵਿਚ ਪਰਵਾਸੀਆਂ ਤੇ ਹੁੰਦੇ ਤਸ਼ੱਦਦ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।
ਨਾਵਲ ਦੇ ਵਿਸ਼ੇ ਦੇ ਸੰਦਰਭ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਹਰਿਆਣਾ ਦੇ ਨਵੇਂ ਵਰਗ ਦੇ ਪਰਵਾਸ ਨੂੰ ਲੈ ਕੇ ਗੰਭੀਰ ਚਿੰਤਾ ਜਾਹਿਰ ਕਰਦਿਆਂ ਕਾਲਜਾਂ ਦੀਆਂ ਸੀਟਾਂ ਖਾਲੀ ਰਹਿਣ ਬਾਰੇ ਦੱਸਿਆ ਅਤੇ ਵਿਦਿਆਰਥੀਆਂ ਨੂੰ ਸਮਝਾਉਂਦੀਆਂ ਹੋਇਆਂ ਕਿਹਾ ਕਿ ਸਾਨੂੰ ਅਜਿਹੇ ਕੰਮ ਕਰਨ ਤੋਂ ਬਚਣਾ ਚਾਹੀਦਾ ਜੋ ਵਿਦਿਆਰਥੀਆਂ ਦੇ ਭਵਿੱਖ ਲਈ ਖ਼ਤਰਾ ਸਾਬਿਤ ਹੋ ਸਕਦੇ ਹਨ। ਬਲਦੇਵ ਸਿੰਘ ਗਰੇਵਾਲ ਨੇ ਆਪਣੇ ਨਾਵਲ ਬਾਰੇ ਬੋਲਦਿਆਂ ਕਿਹਾ ਕਿ "ਇਕ ਹੋਰ ਪੁਲ਼ ਸਰਾਤ" ਦੇ ਪਾਤਰ ਖਾੜਕੂ ਲਹਿਰ ਦੇ ਸ਼ਿਕਾਰ ਹੋਏ ਜਿਸ ਕਾਰਨ ਉਹ ਪਰਵਾਸ ਧਾਰਨ ਕਰਦੇ ਹਨ।
ਉਹਨਾਂ ਨੇ ਆਪਣੇ ਦ੍ਰਿਸ਼ਟੀਕੋਣ ਤੋਂ ਪਰਵਾਸ ਦੇ ਚੰਗੇ ਅਤੇ ਮਾੜੇ ਪੱਖਾਂ ਨੂੰ ਵਿਚਾਰਿਆ। ਡਾ. ਦਵਿੰਦਰ ਸਿੰਘ, ਡਾ.ਗੁਰਪ੍ਰੀਤ ਸਿੰਘ ਸਾਹੂਵਾਲਾ, ਡਾ. ਲਤਾ ਖੇੜਾ ਸਚਦੇਵਾ ਵੱਲੋਂ ਇਸ ਨਾਵਲ ਤੇ ਖੋਜ-ਪੱਤਰ ਪੜ੍ਹਦਿਆਂ ਉਨ੍ਹਾਂ ਦੁਆਰਾ ਆਪਣੇ-ਆਪਣੇ ਅਨੁਭਵ ਅਨੁਸਾਰ ਨਾਵਲ ਦਾ ਚੰਗਾ ਵਿਵੇਚਨ, ਵਿਸ਼ਲੇਸ਼ਣ ਕੀਤਾ ਗਿਆ। ਪ੍ਰਧਾਨਗੀ ਕਰ ਰਹੇ ਡਾ. ਜਸਵਿੰਦਰ ਸਿੰਘ ਅਤੇ ਪ੍ਰੋ. ਹਰਸਿਮਰਨ ਸਿੰਘ ਰੰਧਾਵਾ ਜੀ ਨੇ ਪੰਜਾਬੀ ਵਿਭਾਗ ਲਈ ਪ੍ਰਸੰਸਾ ਭਰੇ ਬੋਲ ਬੋਲੇ। ਨਾਵਲਕਾਰ ਬਲਦੇਵ ਸਿੰਘ ਗਰੇਵਾਲ ਦੀ ਸਿਰਜਣ ਪ੍ਰਕਿਰਿਆ ਬਾਰੇ ਦੱਸਿਆ।
ਆਲੋਚਕ ਵਜੋਂ ਗਰੇਵਾਲ ਦੇ ਪਹਿਲੇ ਨਾਵਲ ਪਰਿਕਰਮਾ ਅਤੇ ਇਸ ਨਵੇਂ ਨਾਵਲ ਇਕ ਹੋਰ ਪੁਲ਼ ਸਰਾਤ ਦੇ ਸਾਂਝੇ ਤੱਤਾਂ ਦੀ ਰੂਪਮਾਨਤਾ ਨੂੰ ਪ੍ਰਗਟਾਇਆ। ਸਮਕਾਲ ਵਿਚ ਜੋਖ਼ਮ ਭਰੇ ਪਰਵਾਸ ਦੇ ਵਰਤਾਰੇ ਬਾਰੇ ਦੱਸਿਆ ਅਤੇ ਕਿਹਾ ਕਿ ਪਰਵਾਸ ਇਕ ਅਣਪਛਾਤੇ, ਅਣਕਿਆਸੇ ਮਸਲਿਆਂ ਦਾ ਖੌਫ਼ਨਾਕ ਮੰਜ਼ਰ ਹੈ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਆਰਥਿਕ ਸੁਰੱਖਿਆ ਦਿੰਦਾ ਹੈ ਪਰੰਤੂ ਮਨੁੱਖੀ ਨੈਤਿਕ ਅਧਿਕਾਰ ਖੋ ਲੈਂਦਾ ਹੈ।
ਡੀਨ, ਕਲਾ ਤੇ ਭਾਸ਼ਵਾਂ, ਹਿੰਦੀ ਵਿਭਾਗ ਦੀ ਮੁਖੀ ਪ੍ਰੋ. ਪੁਸ਼ਪਾ ਸੇਠੀ ਵੀ ਇਸ ਸਮੇਂ ਮੌਜੂਦ ਰਹੇ। ਉਨ੍ਹਾਂ ਨੇ ਨਾਵਲ ਦੇ ਪਰਵਾਸ ਦੇ ਵਿਸ਼ੇ ਨੂੰ ਛੂਹੰਦੀਆਂ ਸਮਕਾਲ ਵਿਚ ਭਾਰਤ 'ਚ ਹੁੰਦੇ ਪਰਵਾਸ ਉੱਤੇ ਚਿੰਤਾ ਪ੍ਰਗਟਾਈ। ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਦਵਿੰਦਰ ਬੀਬੀਪੁਰੀਆਂ ਵੱਲੋਂ ਮੰਚ ਸੰਚਾਲਨ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਅੰਤ ਵਿਚ ਵਿਭਾਗ ਦੀ ਸਹਾਇਕ ਪ੍ਰੋ. ਡਾ. ਪਰਮਜੀਤ ਕੌਰ ਸਿੱਧੂ ਨੇ ਡਾ.ਜਸਵਿੰਦਰ ਸਿੰਘ ਅਤੇ ਡਾ. ਧਨਵੰਤ ਕੌਰ ਦੀ ਸਿਰਜਣਾ ਪ੍ਰਕਿਰਿਆਂ ਅਤੇ ਆਲੋਚਨਾ ਬਾਰੇ ਗੱਲ ਕਰਨ ਤੋਂ ਬਾਅਦ ਆਏ ਹੋਏ ਮਹਿਮਾਨਾਂ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।