ਇਕ ਨਹੀਂ ਦੋ ਗ੍ਰੀਨ ਕੋਰੀਡੋਰ ਬਣੇ, ਫੇਫੜੇ ਗੁਰੁਗ੍ਰਾਮ ਤੇ ਲੀਵਰ ਲੁਧਿਆਣਾ ਭੇਜੇ
ਇਕ ਨਹੀਂ, ਦੋ ਗ੍ਰੀਨ ਕੋਰੀਡੋਰ ਬਣੇ, ਫੇਫੜੇ ਗੁਰੁਗ੍ਰਾਮ ਤੇ ਲੀਵਰ ਲੁਧਿਆਣਾ ਭੇਜੇ
Publish Date: Wed, 03 Dec 2025 10:30 PM (IST)
Updated Date: Wed, 03 Dec 2025 10:32 PM (IST)

-ਫੋਰਟਿਸ ਜਲੰਧਰ ਨੇ ਰੀਜ਼ਨ ’ਚ ਪਹਿਲੀ ਵਾਰ ਲੰਗ ਰਿਟਰੀਵਲ ਕੀਤਾ -69 ਸਾਲਾ ਦਾਨੀ ਨੇ ਦੇਸ਼ ਭਰ ਦੇ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਫੋਰਟਿਸ ਵੱਲੋਂ ਪਹਿਲੀ ਵਾਰ ਦੋ ਗ੍ਰੀਨ ਕੋਰੀਡੋਰ ਬਣਾ ਕੇ 69 ਸਾਲਾ ਬ੍ਰੇਨ ਡੈੱਡ ਬਜ਼ੁਰਗ ਵੱਲੋਂ ਦਾਨ ਕੀਤੇ ਗਏ ਦੋ ਫੇਫੜੇ, ਇਕ ਲੀਵਰ ਤੇ ਦੋ ਕਿਡਨੀਆਂ ਨੂੰ ਪੰਜਾਬ, ਹਰਿਆਣਾ ਤੇ ਦਿੱਲੀ-ਐੱਨਸੀਆਰ ਦੇ ਗੰਭੀਰ ਤੌਰ ’ਤੇ ਬਿਮਾਰ ਮਰੀਜ਼ਾਂ ਤੱਕ ਪਹੁੰਚਾਇਆ ਗਿਆ ਤੇ ਉਸ ਨੂੰ ਨਵੀਂ ਜ਼ਿੰਦਗੀ ਦੇਣ ’ਚ ਕਾਮਯਾਬੀ ਮਿਲੀ। ਇਸ ਦੇ ਨਾਲ ਹੀ ਇਲਾਕੇ ’ਚ ਪਹਿਲੀ ਵਾਰ ਲੰਗ ਰਿਟਰੀਵਲ (ਫੇਫੜਿਆਂ ਦੀ ਪ੍ਰਾਪਤੀ) ਸਫਲਤਾਪੂਰਵਕ ਕੀਤਾ ਗਿਆ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਜਲੰਧਰ ਵਾਸੀ 69 ਸਾਲਾ ਬਜ਼ੁਰਗ ਦੀ ਦੋਪਹੀਆ ਵਾਹਨ ਨਾਲ ਟੱਕਰ ਹੋਣ ਕਾਰਨ ਸਿਰ ’ਚ ਗੰਭੀਰ ਸੱਟ ਲੱਗੀ ਸੀ। ਉਨ੍ਹਾਂ ਨੂੰ ਫੋਰਟਿਸ ਹਸਪਤਾਲ ਲਿਆਂਦਾ ਗਿਆ ਪਰ ਕਈ ਕੋਸ਼ਿਸ਼ਾਂ ਦੇ ਬਾਵਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਬ੍ਰੇਨ ਡੈੱਡ ਐਲਾਨ ਦਿੱਤਾ। ਇਸ ਮਗਰੋਂ ਹਸਪਤਾਲ ਦੀ ਡਾਕਟਰੀ ਟੀਮ ਤੇ ਪਰਿਵਾਰਕ ਮੈਂਬਰ ਵਿਚਾਰ-ਵਟਾਂਦਰਾ ਕਰਨ ਮਗਰੋਂ ਮ੍ਰਿਤਕ ਦੇ ਅੰਗ ਦਾਨ ਕਰਨ ’ਤੇ ਸਹਿਮਤ ਹੋਏ। ਜਲੰਧਰ ’ਚ 2024 ਦੌਰਾਨ ਸ਼੍ਰੀਮਨ ਹਸਪਤਾਲ ’ਚ ਕਿਡਨੀ ਰਿਟਰੀਵਲ ਹੋਇਆ ਸੀ, 2025 ’ਚ ਦੂਜਾ ਕੇਸ ’ਤੇ ਹੁਣ ਫੋਰਟਿਸ ਬਣ ਚੁੱਕੇ ਸ਼੍ਰੀਮਨ ਹਸਪਤਾਲ ’ਚ ਤੀਜਾ ਕੇਸ ਸਫਲਤਾਪੂਰਵਕ ਹੋਇਆ। ਨੇਫਰੋਲੋਜੀ ਵਿਭਾਗ ਦੇ ਡਾਇਰੈਕਟਰ ਤੇ ਸੀਨੀਅਰ ਕਨਸਲਟੈਂਟ ਡਾ. ਰਾਜੀਵ ਭਾਟੀਆ ਨੇ ਦੱਸਿਆ ਕਿ ਜਲੰਧਰ ’ਚ ਪਹਿਲੀ ਵਾਰ ਪ੍ਰਾਪਤ ਕੀਤੇ ਗਏ ਫੇਫੜੇ ਅਰਟੀਮਿਸ ਹਸਪਤਾਲ ਗੁਰੁਗ੍ਰਾਮ ’ਚ ਫੇਫੜਿਆਂ ਦੀ ਆਖ਼ਰੀ ਸਟੇਜ ਦੀ ਬਿਮਾਰੀ ਤੋਂ ਪੀੜਤ 54 ਸਾਲਾ ਵਿਅਕਤੀ ’ਚ ਲਗਾਏ ਗਏ, ਲੀਵਰ ਡੀਐੱਮਸੀ ਹਸਪਤਾਲ ਲੁਧਿਆਣਾ ਨੂੰ ਅਲਾਟ ਕੀਤਾ ਗਿਆ ਤੇ 58 ਸਾਲਾ ਮਰੀਜ਼, ਜਿਸ ਨੂੰ ਕ੍ਰੋਨਿਕ ਲੀਵਰ ਡਿਜ਼ੀਜ਼ ਸੀ, ’ਚ ਟਰਾਂਸਫਰ ਕੀਤਾ ਗਿਆ। ਦੋਵੇਂ ਗੁਰਦੇ ਫੋਰਟਿਸ ਹਸਪਤਾਲ ਜਲੰਧਰ ’ਚ ਹੀ ਸਥਾਈ ਕਿਡਨੀ ਫੇਲ੍ਹ ਤੇ ਅਨਿਯੰਤਰਿਤ ਬਲੱਡ ਪ੍ਰੈਸ਼ਰ ਨਾਲ ਪੀੜਤ 25 ਸਾਲਾ ਨੌਜਵਾਨ ’ਚ ਲਗਾਏ ਗਏ। ਉਨ੍ਹਾਂ ਦੱਸਿਆ ਕਿ ਫੋਰਟਿਸ ਜਲੰਧਰ ਤੋਂ ਡੀਐੱਮਸੀ ਲੁਧਿਆਣਾ ਦੀ ਲਗਪਗ 70 ਕਿੱਲੋਮੀਟਰ ਦੀ ਦੂਰੀ ਤਕਰੀਬਨ ਇਕ ਘੰਟੇ ’ਚ ਤੈਅ ਕੀਤੀ ਗਈ। ਫੋਰਟਿਸ ਜਲੰਧਰ ਤੋਂ ਅੰਮ੍ਰਿਤਸਰ ਏਅਰਪੋਰਟ ਫੇਫੜਿਆਂ ਨੂੰ ਲਿਆਂਦਾ ਗਿਆ, ਉਥੋਂ ਏਅਰਲਿਫਟ ਕਰ ਕੇ ਦਿੱਲੀ ਦੇ ਆਈਜੀਆਈ ਏਅਰਪੋਰਟ ’ਤੇ ਫਿਰ ਲਗਪਗ 80 ਕਿੱਲੋਮੀਟਰ ਦੀ ਦੂਰੀ ਤੈਅ ਕਰ ਕੇ ਉਨਾਂ ਨੂੰ ਅਰਟੀਮਿਸ ਹਸਪਤਾਲ ਗੁਰੂਗ੍ਰਾਮ ਪਹੁੰਚਾਇਆ ਗਿਆ। ਇਸ ਪੂਰੇ ਪ੍ਰਕਿਰਿਆ ਨੂੰ ਸਫਲ ਬਣਾਉਣ ਲਈ ਟੀਮ ’ਚ ਡਾ. ਰਾਜੀਵ ਭਾਟੀਆ, ਡਾ. ਅਜੈ ਮਾਰਵਾਹਾ, ਡਾ. ਓਂਕਾਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਤੁਸ਼ਾਰ ਅਰੋੜਾ, ਡਾ. ਸ਼ੁਭਾ ਸ਼ਰਮਾ, ਡਾ. ਸ਼ੀਤਲ ਗਰਗ, ਡਾ. ਰਾਧਿਕਾ ਧਵਨ, ਡਾ. ਪ੍ਰਦੀਪ ਢਿੱਲੋਂ, ਡਾ. ਜਸਪ੍ਰੀਤ ਕੌਰ, ਡਾ. ਸੁਨੀਤਾ, ਡਾ. ਸ਼ਵੇਤਾ ਭਾਰਦਵਾਜ਼ ਤੇ ਸੁਸ਼ਰੀ ਮਨਪ੍ਰੀਤ ਰਾਜੂ ਸ਼ਾਮਲ ਸਨ। ਫੋਰਟਿਸ ਹਸਪਤਾਲ ਦੇ ਸੀਨੀਅਰ ਕੰਸਲਟੈਂਟ ਨਿਊਰੋਸਰਜਨ ਡਾ. ਤੁਸ਼ਾਰ ਅਰੋੜਾ ਨੇ ਕਿਹਾ ਕਿ ਬ੍ਰੇਨ ਡੈੱਥ ਦਾ ਐਲਾਨ ਕਰਨਾ ਤੇ ਆਰਗਨ ਡੋਨੇਸ਼ਨ ਦੀ ਪ੍ਰਕਿਰਿਆ ਦੌਰਾਨ ਪਰਿਵਾਰ ਵੱਲੋਂ ਮੁਸ਼ਕਲ ਸਮੇਂ ’ਚ ਲਈ ਗਈ ਹਿੰਮਤ ਕਾਬਿਲ-ਏ-ਤਾਰੀਫ਼ ਹੈ। ਉਨ੍ਹਾਂ ਦੀ ਸਹਿਮਤੀ ਨਾਲ ਅੰਗ ਕੱਢਣਾ ਤੇ ਕਈ ਜਾਨਾਂ ਬਚਾਉਣਾ ਸੰਭਵ ਹੋ ਸਕਿਆ। ਫੈਸਿਲਟੀ ਡਾਇਰੈਕਟਰ ਡਾ. ਅੰਕੁਸ਼ ਮੇਹਤਾ ਨੇ ਕਿਹਾ ਕਿ ਇਲਾਕੇ ਦਾ ਪਹਿਲਾ ਲੰਗ ਰਿਟਰੀਵਲ ਹਾਸਲ ਕਰਨਾ ਪੰਜਾਬ ’ਚ ਐਡਵਾਂਸਡ ਮੈਡੀਕਲ ਸੇਵਾਵਾਂ ਨੂੰ ਅੱਗੇ ਵਧਾਉਣ ਤੇ ਆਰਗਨ ਡੋਨੇਸ਼ਨ ਨੂੰ ਲੈ ਕੇ ਜਾਗਰੂਕਤਾ ਮਜ਼ਬੂਤ ਕਰਨ ’ਚ ਮਹੱਤਵਪੂਰਨ ਕਦਮ ਹੈ।