ਹੁਣ ਨਹੀਂ ਚੱਲੇਗੀ ਨਰਮੀ! ਟੈਕਸ ਨਾ ਭਰਨ ਵਾਲੀਆਂ ਇਮਾਰਤਾਂ ਹੋਣਗੀਆਂ ਸੀਲ, ਸਰਕਾਰ ਨੇ ਨਿਗਮ ਅਧਿਕਾਰੀਆਂ ਨੂੰ ਦਿੱਤੇ ਸਖ਼ਤ ਹੁਕਮ
ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਵਸੂਲੀ ਲਈ ਹੁਕਮ ਜਾਰੀ ਕੀਤੇ ਹਨ। ਹੁਕਮਾਂ ’ਚ ਕਿਹਾ ਕਿ ਉਹ ਪ੍ਰਾਪਰਟੀ ਟੈਕਸ ਦੀ ਵਸੂਲੀ ਸਰਗਰਮੀ ਨਾਲ ਕਰਨ ਤੇ ਡਿਫਾਲਟਰਾਂ ਦੀਆਂ ਇਮਾਰਤਾਂ ਦੀ ਸੀਲਿੰਗ ਬਿਨਾਂ ਕਿਸੇ ਨਰਮੀ ਦੇ ਕਰਨ।
Publish Date: Sat, 03 Jan 2026 11:53 AM (IST)
Updated Date: Sat, 03 Jan 2026 12:01 PM (IST)
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਨੇ ਪ੍ਰਾਪਰਟੀ ਟੈਕਸ ਵਸੂਲੀ ਲਈ ਹੁਕਮ ਜਾਰੀ ਕੀਤੇ ਹਨ। ਹੁਕਮਾਂ ’ਚ ਕਿਹਾ ਕਿ ਉਹ ਪ੍ਰਾਪਰਟੀ ਟੈਕਸ ਦੀ ਵਸੂਲੀ ਸਰਗਰਮੀ ਨਾਲ ਕਰਨ ਤੇ ਡਿਫਾਲਟਰਾਂ ਦੀਆਂ ਇਮਾਰਤਾਂ ਦੀ ਸੀਲਿੰਗ ਬਿਨਾਂ ਕਿਸੇ ਨਰਮੀ ਦੇ ਕਰਨ। ਇਸ ਤੋਂ ਇਲਾਵਾ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਜੇ ਕਿਸੇ ਨਾਲ ਨਰਮੀ ਵਰਤਣ ਵਾਲੀ ਗੱਲ ਸਾਹਮਣੇ ਆਈ ਤਾਂ ਉਸ ਇਲਾਕੇ ਦੇ ਸਬੰਧਿਤ ਮੁਲਾਜ਼ਮ ਖਿਲਾਫ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਜਲੰਧਰ ਨਗਰ ਨਿਗਮ ਦੀ ਪ੍ਰਾਪਰਟੀ ਟੈਕਸ ਬਰਾਂਚ ਨੂੰ 700 ਪ੍ਰਾਪਰਟੀਆਂ ਦੇ ਡਿਫਾਲਟਰਾਂ ਦੀ ਸੂਚੀ ਭੇਜੀ ਗਈ ਹੈ। ਇਸ ’ਤੇ ਜਨਵਰੀ ਮਹੀਨੇ ਦੌਰਾਨ ਸਰਗਰਮੀ ਨਾਲ ਕਾਰਵਾਈ ਕਰਨ ਦੀ ਹਦਾਇਤ ਕੀਤੀ ਹੈ।
ਸਰਕਾਰ ਨੇ ਟੈਕਸ ਵਸੂਲੀ ਲਈ ਪਹਿਲਾਂ ਡਿਫਾਲਟਰਾਂ ਨੂੰ ਰਿਆਇਤੀ ਦਰਾਂ ’ਤੇ ਟੈਕਸ ਜਮ੍ਹਾਂ ਕਰਵਾਉਣ ਦੀ ਸਹੂਲਤ ਪ੍ਰਦਾਨ ਕੀਤੀ ਸੀ ਪਰ ਇਸ ਦੇ ਬਾਵਜੂਦ ਡਿਫਾਲਟਰਾਂ ਨੇ ਪਰਵਾਹ ਨਹੀਂ ਕੀਤੀ। ਸਰਕਾਰ ਨੇ ਹੁਣ ਸਖਤ ਕਾਰਵਾਈ ਕਰਦਿਆਂ ਨਗਰ ਨਿਗਮ ਨੂੰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਕਤ ਸਰਕਾਰੀ ਹੁਕਮਾਂ ਦੀ ਪੁਸ਼ਟੀ ਕਰਦਿਆਂ ਪ੍ਰਾਪਰਟੀ ਟੈਕਸ ਸੁਪਰਡੈਂਟ ਭੁਪਿੰਦਰ ਸਿੰਘ ਨੇ ਕਿਹਾ ਹੈ ਕਿ ਹੁਣ ਉਨ੍ਹਾਂ ਕੋਲ ਬਕਾਇਦਾ ਪੂਰਾ ਸਟਾਫ ਹੈ, ਜਿਸ ’ਚ 20 ਇੰਸਪੈਕਟਰ ਤੇ 6 ਸਰਵੇਅਰ ਹਨ। ਹੁਣ ਕਮਰਸ਼ੀਅਲ ਇਮਾਰਤਾਂ ਦੇ ਨਾਲ-ਨਾਲ ਰਿਹਾਇਸੀ ਇਮਾਰਤਾਂ ਤੋਂ ਵੀ ਟੈਕਸ ਵਸੂਲੀ ਲਈ ਸਰਗਰਮੀ ਦਿਖਾਈ ਜਾ ਰਹੀ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਟੈਕਸ ਵਸੂਲੀ ਲਈ ਸਰਕਾਰੀ ਹੁਕਮਾਂ ਦੀ ਬਕਾਇਦਾ ਪਾਲਣਾ ਕੀਤੀ ਜਾਏਗੀ ਤੇ ਟੈਕਸ ਵਸੂਲੀ ਦੇ ਟੀਚੇ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾਣਗੇ। ਇਸ ਦੌਰਾਨ ਪਾਪਰਟੀ ਟੈਕਸ ਬ੍ਰਾਂਚ ਨੇ ਟੈਕਸ ਵਸੂਲੀ ਲਈ ਲਗਪਗ 3000 ਨੋਟਿਸ ਜਾਰੀ ਕੀਤੇ ਹੋਏ ਹਨ ਅਤੇ ਉਨ੍ਹਾਂ ’ਚੋਂ ਕੁਝ ਲੋਕ ਆ ਕੇ ਟੈਕਸ ਜਮ੍ਹਾਂ ਵੀ ਕਰਵਾ ਰਹੇ ਹਨ। ਟੈਕਸ ਸੁਪਰਡੈਂਟ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਨੋਟਿਸ ਦੀ ਕਾਰਵਾਈ ਹੋਣ ਤੋਂ ਪਹਿਲਾਂ ਆਪਣੇ ਟੈਕਸ ਜਮ੍ਹਾਂ ਕਰਵਾਉਣ। ਉਨ੍ਹਾਂ ਨੇ ਡਿਫਾਲਟਰਾਂ ਨੂੰ ਟੈਕਸ ਜਮ੍ਹਾਂ ਕਰਾ ਕੇ ਆਪਣੀਆਂ ਇਮਾਰਤਾਂ ਸੀਲ ਹੋਣ ਤੋਂ ਬਚਾਉਣ ਤੇ ਪਰੇਸ਼ਾਨੀ ਤੋਂ ਬਚਣ ਦੀ ਅਪੀਲ ਕੀਤੀ।