ਆਦਮਪੁਰ ਏਅਰੋਪਰਟ ’ਤੇ 10 ਵਜੇ ਤੋਂ ਪਹਿਲਾਂ ਇੰਡੀਗੋ ਦੀ ਫਲਾਈਟ ਨਹੀਂ
ਆਦਮਪੁਰ ਏਅਰੋਪਰਟ ਤੋਂ 10 ਵਜੇ ਤੋਂ ਪਹਿਲਾਂ ਇੰਡੀਗੋ ਦੀ ਫਲਾਈਟ ਨਹੀਂ , ਹੁਣ ਦਿੱਲੀ ਜਾ ਕੇ ਲੈ ਰਹੇ ਕਨੈਕਟਿੰਗ ਫਲਾਈਟ
Publish Date: Sat, 06 Dec 2025 09:22 PM (IST)
Updated Date: Sat, 06 Dec 2025 09:24 PM (IST)

-ਦਿੱਲੀ ਏਅਰਪੋਰਟ ਜਾ ਰਹੀ ਐੱਸ ਬੱਸ ਤੇ ਵੋਲਵੋ ’ਚ 40 ਫੀਸਦੀ ਸਵਾਰੀਆਂ ਵਧੀਆਂ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਦਮਪੁਰ ਏਅਰਪੋਰਟ ਤੋਂ ਮੁੰਬਈ ਜਾਣ ਵਾਲੀਆਂ ਫਲਾਈਟਾਂ ਚਾਰ ਦਿਨ ਤੋਂ ਰੱਦ ਰਹੀਆਂ ਹਨ। ਸ਼ਨਿਚਰਵਾਰ ਨੂੰ ਵੀ ਫਲਾਈਟ ਰੱਦ ਰਹੀ। ਯਾਤਰੀਆਂ ਨੂੰ ਨੌ ਘੰਟੇ ਪਹਿਲਾਂ ਜਾਣਕਾਰੀ ਦਿੱਤੀ ਗਈ। ਹੁਣ ਇਹ ਫਲਾਈਟ 10 ਦਸੰਬਰ ਤੋਂ ਪਹਿਲਾਂ ਨਹੀਂ ਚੱਲੇਗੀ। ਇੰਡੀਗੋ ਵੱਲੋਂ ਯਾਤਰੀਆਂ ਨੂੰ ਪੈਸੇ ਰਿਫੰਡ ਕਰਨ ਦੇ ਮੈਸੇਜ ਮਿਲ ਰਹੇ ਹਨ। ਇਸ ਕਾਰਨ ਯਾਤਰੀਆਂ ਦਾ ਇੰਡੀਗੋ ’ਤੇ ਭਰੋਸਾ ਘਟ ਰਿਹਾ ਹੈ ਤੇ ਉਹ ਮੁੰਬਈ ਜਾਣ ਲਈ ਮਹਿੰਗੇ ਰੇਟਾਂ ’ਤੇ ਏਅਰ ਇੰਡੀਆ ਦੀ ਕਨੈਕਟਿੰਗ ਫਲਾਈਟ ਬੁੱਕ ਕਰਵਾ ਰਹੇ ਹਨ। ਨੌ ਘੰਟੇ ਪਹਿਲਾਂ ਫਲਾਈਟ ਰੱਦ ਹੋਣ ਦੀ ਜਾਣਕਾਰੀ ਮਿਲਣ ਕਾਰਨ ਸ਼ਨਿਚਰਵਾਰ ਨੂੰ ਇੰਡੀਗੋ ਦੇ ਕੋਈ ਵੀ ਯਾਤਰੀ ਆਦਮਪੁਰ ਏਅਰਪੋਰਟ ਨਹੀਂ ਪੁੱਜੇ। ਏਅਰਪੋਰਟ ਦੇ ਡਾਇਰੈਕਟਰ ਪੁਸ਼ਪਿੰਦਰ ਕੁਮਾਰ ਨਿਰਾਲਾ ਨੇ ਕਿਹਾ ਕਿ ਆਦਮਪੁਰ ਏਅਰਪੋਰਟ ’ਚ ਕੋਈ ਸਮੱਸਿਆ ਨਹੀਂ ਹੈ। ਏਅਰਪੋਰਟ ’ਤੇ ਇੰਡਿਗੋ ਦੇ ਮੈਨੇਜਰ ਕਰਨਵੀਰ ਸਿੰਘ ਨੇ ਜਲਦ ਫਲਾਈਟ ਸ਼ੁਰੂ ਹੋਣ ਦਾ ਭਰੋਸਾ ਦਿੱਤਾ। ਇੰਡਿਗੋ ਦੇ ਵਿਗੜੇ ਹਾਲਾਤਾਂ ਕਾਰਨ ਯਾਤਰੀ ਹੋਰ ਬਦਲਾਂ ਦਾ ਸਹਾਰਾ ਲੈ ਰਹੇ ਹਨ ਪਰ ਇਸ ਨਾਲ ਉਨ੍ਹਾਂ ਨੂੰ ਵਾਧੂ ਖਰਚ, ਸਮਾਂ ਤੇ ਸਫਰ ’ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁੰਬਈ ਤੋਂ ਪੰਜਾਬ ’ਚ ਵਿਆਹ ’ਚ ਆਈ ਨਿਧੀ ਸ਼ਰਮਾ ਨੂੰ ਵੀ ਸ਼ਨਿਚਰਵਾਰ ਨੂੰ ਇੰਡੀਗੋ ਫਲਾਈਟ ਨਾਲ ਵਾਪਸੀ ਕਰਨੀ ਸੀ ਪਰ ਫਲਾਈਟ ਰੱਦ ਹੋਣ ਕਾਰਨ ਉਨ੍ਹਾਂ ਨੂੰ ਟ੍ਰੇਨ ਨਾਲ ਵਾਪਸ ਜਾਣਾ ਪੈ ਰਿਹਾ ਹੈ। ਨਿਧੀ ਸ਼ਰਮਾ ਨੇ ਕਿਹਾ ਕਿ ਉਹ 4 ਦਸੰਬਰ ਨੂੰ ਮੁੰਬਈ ਤੋਂ ਏਅਰ ਇੰਡੀਆ ਦੀ ਫਲਾਈਟ ਨਾਲ ਮੋਹਾਲੀ ਪਹੁੰਚੀਆਂ। ਵਿਆਹ ਸਮਾਰੋਹ ਦੌਰਾਨ ਹੀ ਪਤਾ ਚਲਿਆ ਕਿ ਇੰਡੀਗੋ ਦੀ ਫਲਾਈਟ ਬੰਦ ਹੈ। ਘਰ ਵਾਪਸੀ ਲਈ ਟ੍ਰੇਨ ਦੀ ਟਿਕਟ ਬੁੱਕ ਕਰਵਾਉਣੀ ਪਈ, ਜਿਸ ਕਾਰਨ ਸਮਾਂ ਵੱਧ ਗਿਆ ਤੇ ਸਮੱਸਿਆ ਵੀ ਹੋਈ। ਇਸ ਤਰ੍ਹਾਂ ਕਈ ਯਾਤਰੀਆਂ ਦੇ ਅਹਿਮ ਕੰਮ ਰੱਦ ਹੋਣ ਕਾਰਨ ਰੁਕ ਗਏ। ------------------ ਕਾਰੋਬਾਰੀ ਮੁੰਬਈ ਦੀ ਮੀਟਿੰਗ ਲਈ ਦਿੱਲੀ ਤੋਂ ਲੈਣਗੇ ਫਲਾਈਟ ਜਲੰਧਰ ਦੇ ਕਾਰੋਬਾਰੀ ਅਮਿਤ ਤੇ ਸੰਦੀਪ ਨੇ ਕਿਹਾ ਕਿ ਮੁੰਬਈ ’ਚ ਬਿਜ਼ਨਸ ਲਈ ਜ਼ਰੂਰੀ ਮੀਟਿੰਗ ਹੈ। ਇਸ ਲਈ ਉਹ ਪਹਿਲਾਂ ਬੁੱਧਵਾਰ ਨੂੰ ਮੁੰਬਈ ਜਾਣਾ ਚਾਹੁੰਦੇ ਸਨ, ਪਰ ਫਲਾਈਟ ਰੱਦ ਹੋਣ ਕਾਰਨ ਨਹੀਂ ਜਾ ਸਕੇ। ਹੁਣ ਉਹ ਦਿੱਲੀ ਤੋਂ ਏਅਰ ਇੰਡੀਆ ਦੀ ਕਨੈਕਟਿੰਗ ਫਲਾਈਟ ਲੈ ਕੇ ਮੁੰਬਈ ਜਾਣਗੇ। ਇਸ ਨਾਲ ਉਨ੍ਹਾਂ ਦਾ ਬਜਟ ਤੇ ਸਮਾਂ ਖਰਾਬ ਹੋ ਗਿਆ ਹੈ। ਪਹਿਲਾਂ ਉਹ ਕਾਰ ਰਾਹੀਂ ਦਿੱਲੀ ਜਾਣਗੇ ਤੇ ਫਿਰ ਫਲਾਈਟ ਲੈ ਕੇ ਮੁੰਬਈ ਪਹੁੰਚਣਗੇ, ਜਿਸ ਨਾਲ ਸਫਰ ਵਾਧੂ ਹੋ ਗਿਆ ਤੇ ਅਸੁਵਿਧਾ ਵਧ ਗਈ। ---------------------- ਏਅਰਪੋਰਟ ਜਾਣ ਵਾਲੀਆਂ ਵੋਲਵੋ ਬੱਸਾਂ ’ਚ 40 ਫੀਸਦੀ ਸਵਾਰੀ ਵਧੀ ਜਲੰਧਰ ਤੋਂ ਦਿੱਲੀ ਏਅਰਪੋਰਟ ਜਾਣ ਵਾਲੀਆਂ ਰੋਡਵੇਜ਼ ਦੀ ਏਸੀ ਬੱਸਾਂ ’ਚ ਪਿਛਲੇ ਦੋ ਦਿਨਾਂ ਤੋਂ 40 ਫੀਸਦੀ ਸਵਾਰੀ ਵਧੀ ਹੈ। ਇੰਡੋ ਕੈਨੇਡੀਆਨ ਬੱਸ ਸੇਵਾ ’ਚ ਵੀ ਸਵਾਰੀ ਆ ਰਹੀ ਹੈ। ਹਾਲਾਂਕਿ ਟੈਕਸੀ ਲੈਣ ਵਾਲਿਆਂ ਦੀ ਗਿਣਤੀ ਪਹਿਲਾਂ ਵਾਂਗੀ ਹੀ ਰਹੀ। ਇੰਡੋ ਕਨੇਡੀਆਨ ਬੱਸ ਸੇਵਾ ਦੇ ਕਰਮਚਾਰੀ ਨੀਰਜ ਨੇ ਕਿਹਾ ਕਿ ਪਹਿਲਾਂ ਵੀ ਦਿੱਲੀ ਏਅਰਪੋਰਟ ਲਈ ਸਵਾਰੀ ਆਉਂਦੀ ਸੀ, ਪਰ ਜ਼ਿਆਦਾਤਰ ਵਿਦੇਸ਼ ਜਾਣ ਵਾਲੀਆਂ ਹੁੰਦੀਆਂ। ਸ਼ਨਿਚਰਵਾਰ ਨੂੰ ਇੱਥੇ ਦਿੱਲੀ ਜਾਣ ਵਾਲੇ ਯਾਤਰੀਆਂ ਦੀ ਭੀੜ ਦੇਖੀ ਗਈ। ਯਾਤਰੀ ਦਿੱਲੀ ਤੋਂ ਅੱਗੇ ਦੀ ਫਲਾਈਟ ਫੜਨ ਲਈ ਲਗਜ਼ਰੀ ਬੱਸਾਂ ’ਚ ਸਫਰ ਕਰ ਰਹੇ ਹਨ, ਜੋ ਪਹਿਲਾਂ ਦੇ ਮੁਕਾਬਲੇ ਵਧ ਗਿਆ ਹੈ।