ਫ਼ਰਜ਼ੀ ਰਜਿਸਟਰੀ ਮਾਮਲੇ ’ਚ 5 ਦਿਨ ਬਾਅਦ ਵੀ ਪਰਚਾ ਦਰਜ ਨਹੀਂ
ਨੰਗਲਸ਼ਾਮਾ ’ਚ 17 ਮਰਲੇ ਜ਼ਮੀਨ ਦੀ ਫਰਜ਼ੀ ਰਜਿਸਟਰੀ ਮਾਮਲੇ ’ਚ ਪੰਜ ਦਿਨ ਬਾਅਦ ਵੀ ਪਰਚਾ ਦਰਜ ਨਹੀਂ
Publish Date: Mon, 19 Jan 2026 10:04 PM (IST)
Updated Date: Mon, 19 Jan 2026 10:06 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੰਗਲਸ਼ਾਮਾ ਇਲਾਕੇ ’ਚ ਭ੍ਰਿਸ਼ਟਾਚਾਰ ਤੇ ਧੋਖਾਧੜੀ ਕਰ ਕੇ ਮ੍ਰਿਤਕ ਵਿਅਕਤੀ (ਜਮੁਨਾ ਦਾਸ) ਨੂੰ ਕਾਗਜ਼ਾਂ ’ਚ ‘ਜਿਊਂਦਾ’ ਦਿਖਾ ਕੇ ਉਸ ਦੀ 17 ਮਰਲੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਦੇ ਮਾਮਲੇ ’ਚ ਡੀਆਰਓ ਦੀ ਜਾਂਚ ਰਿਪੋਰਟ ਆਏ ਪੰਜ ਦਿਨ ਬੀਤ ਜਾਣ ਦੇ ਬਾਵਜੂਦ ਹਾਲੇ ਤੱਕ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਨਹੀਂ ਹੋ ਸਕਿਆ। ਹਾਲਾਂਕਿ ਜਾਂਚ ਤੋਂ ਬਾਅਦ ਡੀਸੀ ਡਾ. ਹਿਮਾਂਸ਼ੁ ਅਗਰਵਾਲ ਦੇ ਹੁਕਮਾਂ ’ਤੇ ਡੀਆਰਓ ਨਵਦੀਪ ਸਿੰਘ ਭੋਗਲ ਨੇ ਸੀਪੀ ਨੂੰ ਜਾਂਚ ਰਿਪੋਰਟ ਭੇਜ ਕੇ ਪਰਚਾ ਦਰਜ ਕਰਨ ਦੀ ਸਿਫ਼ਾਰਸ਼ ਕੀਤੀ ਸੀ।
ਇਸ ਫਰਜ਼ੀਵਾੜੇ ਦਾ ਸਾਰਾ ਮਾਮਲਾ ਹੁਣ ਪੁਲਿਸ ਦੀ ਜਾਂਚ ’ਤੇ ਟਿਕਿਆ ਹੋਇਆ ਹੈ, ਜੋ ਫਰਜ਼ੀ ਗਵਾਹਾਂ ਤੋਂ ਲੈ ਕੇ ਮ੍ਰਿਤਕ ਜਮੁਨਾ ਦਾਸ ਦੇ ਨਾਂ ’ਤੇ ਨਕਲੀ ਆਧਾਰ ਕਾਰਡ ਤੇ ਪੈਨ ਕਾਰਡ ਬਣਵਾਉਣ ਵਾਲੇ ਨੰਦਨਪੁਰ ਰੋਡ ਨਿਵਾਸੀ ਕੇਸਰ ਸਿੰਘ ਦੀ ਸਾਜ਼ਿਸ਼ ਦਾ ਪਰਦਾਫਾਸ਼ ਕਰ ਸਕਦੀ ਹੈ। ਇਸ ਨਾਲ ਇਹ ਵੀ ਪਤਾ ਲੱਗ ਸਕੇਗਾ ਕਿ ਤਹਿਸੀਲ ’ਚ ਵਰਤੇ ਗਏ ਜਾਅਲੀ ਆਧਾਰ ਤੇ ਪੈਨ ਕਾਰਡ ਬਣਾਉਣ ਦਾ ਕੰਮ ਕਿਸ ਰੈਕੇਟ ਵੱਲੋਂ ਕੀਤਾ ਗਿਆ ਸੀ। ਖਾਸ ਗੱਲ ਇਹ ਹੈ ਕਿ ਹੁਣ ਤੱਕ ਪ੍ਰਸ਼ਾਸਨ ਦੀ ਜਾਂਚ ਰਿਪੋਰਟ ’ਚ ਕਾਂਗਰਸ ਦੇ ਸਾਬਕਾ ਕੌਂਸਲਰ ਮਨਦੀਪ ਕੁਮਾਰ ਜੱਸਲ ਨੂੰ ਮੁਲਜ਼ਮ ਬਣਾਇਆ ਗਿਆ ਹੈ, ਜਦਕਿ ਪੁਲਿਸ ਜਾਂਚ ’ਚ ਇਸ ਫਰਜ਼ੀਵਾਢੇ ਨਾਲ ਜੁੜੇ ਹੋਰ ਕਈ ਖੁਲਾਸਿਆਂ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਇਸ ਮਾਮਲੇ ’ਚ ਨੰਬਰਦਾਰ ਗੁਰਦੇਵ ਸਿੰਘ ਨੂੰ ਡੀਸੀ ਦੇ ਹੁਕਮਾਂ ’ਤੇ ਮੁਅੱਤਲ ਕਰ ਦਿੱਤਾ ਗਿਆ ਹੈ, ਜਦਕਿ ਉਸ ਨੂੰ ਬਰਖਾਸਤ ਕਰਨ ਲਈ ਵਿਭਾਗੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਫਰਜ਼ੀਵਾੜੇ ’ਚ ਨੰਗਲਸ਼ਾਮਾ ਦੇ ਪਿੰਡ ਭੋਜੇਵਾਲ ਨਿਵਾਸੀ ਜਮੁਨਾ ਦਾਸ ਦੀ ਮਈ 2023 ’ਚ ਮੌਤ ਹੋ ਚੁੱਕੀ ਸੀ ਪਰ ਮਈ 2024 ’ਚ ਤਹਿਸੀਲ ਦਫ਼ਤਰ ’ਚ ਉਨ੍ਹਾਂ ਨੂੰ ਜਿਊਂਦਾ ਦਿਖਾ ਕੇ 17 ਮਰਲੇ ਪਲਾਟ ਦੀ ਰਜਿਸਟਰੀ ਕਰਵਾਈ ਗਈ। ਰਜਿਸਟਰੀ ਦੌਰਾਨ ਨਾ ਸਿਰਫ਼ ਫਰਜ਼ੀ ਗਵਾਹ ਪੇਸ਼ ਕੀਤੇ ਗਏ, ਸਗੋਂ ਤਹਿਸੀਲ ਦਫ਼ਤਰ ਦੇ ਕਰਮਚਾਰੀਆਂ ਦੀ ਭੂਮਿਕਾ ’ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਰਹੇ ਹਨ। ਦੂਜੇ ਪਾਸੇ ਮਾਮਲੇ ਦੇ ਮੁਲਜ਼ਮ ਮੰਨੇ ਜਾ ਰਹੇ ਮਨਦੀਪ ਕੁਮਾਰ ਜੱਸਲ ਨੇ ਵੀ ਕੁਝ ਦਿਨ ਪਹਿਲਾਂ ਜਾਂਚ ਰਿਪੋਰਟ ਨੂੰ ਗਲਤ ਦੱਸਦਿਆਂ ਸਾਰੇ ਕਾਗਜ਼ਾਤ ਲੈ ਕੇ ਡੀਸੀ ਦੇ ਸਾਹਮਣੇ ਪੇਸ਼ ਹੋਣ ਦੀ ਗੱਲ ਕਹੀ ਸੀ ਪਰ ਹੁਣ ਤੱਕ ਉਸ ਨੇ ਵੀ ਪੂਰੇ ਮਾਮਲੇ ਤੋਂ ਦੂਰੀ ਬਣਾਈ ਹੋਈ ਹੈ।