ਪੀੜਤ ਪਰਿਵਾਰ ਨੂੰ ਕੋਹਲੀ ਨੇ ਤੇਜ਼ ਨਿਆਂ ਦਾ ਦਿੱਤਾ ਭਰੋਸਾ
ਜਲੰਧਰ ਵੈਸਟ ’ਚ 13 ਸਾਲਾ ਬੱਚੀ ਦੇ ਪਰਿਵਾਰ ਨਾਲ ਮਿਲੇ ਨਿਤਿਨ ਕੋਹਲੀ, ਤੇਜ਼ ਨਿਆਂ ਤੇ ਤੁਰੰਤ ਅਦਾਲਤ ’ਚ ਕਾਰਵਾਈ ਦਾ ਭਰੋਸਾ
Publish Date: Wed, 26 Nov 2025 07:51 PM (IST)
Updated Date: Wed, 26 Nov 2025 07:53 PM (IST)
ਕਿਹਾ, ਜਿਸ ਦੀ ਲਾਪਰਵਾਹੀ ਸਾਹਮਣੇ ਆਏਗੀ ਉਸ ’ਤੇ ਸਖ਼ਤ ਕਾਰਵਾਈ ਹੋਵੇਗੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਦੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਬੁੱਧਵਾਰ ਨੂੰ ਜਲੰਧਰ ਵੈਸਟ ’ਚ 13 ਸਾਲਾ ਪੀੜਤ ਬੱਚੀ ਦੇ ਪਰਿਵਾਰ ਦੇ ਘਰ ਪੁੱਜੇ। ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਇਸ ਉਪਰੰਤ ਗੱਲਬਾਤ ਦੌਰਾਨ ਨਿਤਿਨ ਕੋਹਲੀ ਨੇ ਕਿਹਾ ਕਿ ਪਰਿਵਾਰ ਜਿਸ ਅਸਹਿ ਪੀੜਾ ’ਚੋਂ ਲੰਘ ਰਿਹਾ ਹੈ, ਉਹ ਬਿਆਨ ਤੋਂ ਪਰੇ ਹੈ। ਸਰਕਾਰ ਤੇ ਪਾਰਟੀ ਇਸ ਮੁਸ਼ਕਲ ਘੜੀ ’ਚ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ ਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਨਿਆਂ ਜਲਦੀ ਮਿਲੇ। ਕੋਹਲੀ ਨੇ ਕਿਹਾ ਕਿ ਮੁਲਜ਼ਮ ਕਿਸੇ ਵੀ ਹਾਲਤ ’ਚ ਨਹੀਂ ਬਚੇਗਾ। ਸਾਡੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ’ਚ ਕਰਵਾਈ ਜਾਵੇਗੀ ਤਾਂ ਜੋ ਦੋਸ਼ੀ ਨੂੰ ਬਿਨਾਂ ਦੇਰੀ ਸਭ ਤੋਂ ਸਖ਼ਤ ਸਜ਼ਾ ਮਿਲੇ। ਉਨ੍ਹਾਂ ਕਿਹਾ ਕਿ ਜਿਹੜੇ ਪੁਲਿਸ ਮੁਲਾਜ਼ਮ ਇਸ ਘਟਨਾ ’ਚ ਲਾਪਰਵਾਹ ਪਾਏ ਜਾਣਗੇ, ਉਨ੍ਹਾਂ ’ਤੇ ਤੁਰੰਤ ਕਾਰਵਾਈ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਲਾਪਰਵਾਹੀ ਕਿਸੇ ਵੀ ਪੱਧਰ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਮੇਅਰ ਵਨੀਤ ਧੀਰ ਵੀ ਇਸ ਦੌਰੇ ’ਚ ਸ਼ਾਮਲ ਹੋਏ ਤੇ ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮਿਲ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਮੇਅਰ ਧੀਰ ਨੇ ਕਿਹਾ ਕਿ ਪਰਿਵਾਰ ਨੂੰ ਪ੍ਰਸ਼ਾਸਕੀ ਪੱਧਰ ’ਤੇ ਲੁੜੀਂਦੀ ਹਰ ਸਹੂਲਤ ਤੇ ਸਹਾਇਤਾ ਤੁਰੰਤ ਉਪਲੱਬਧ ਕਰਵਾਈ ਜਾਵੇਗੀ। ਪੰਜਾਬ ਸਰਕਾਰ ਦੇ ਕਲਾ ਤੇ ਸੈਰ-ਸਪਾਟਾ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਵੀ ਕਿਹਾ ਕਿ ਸਰਕਾਰ ਕਿਸੇ ਵੀ ਦੋਸ਼ੀ ਨੂੰ ਨਹੀਂ ਛੱਡੇਗੀ। ਅਸੀਂ ਪੀੜਤਾਂ ਨਾਲ ਖੜ੍ਹੇ ਹਾਂ। ਇਹ ਕਿਸੇ ਪਾਰਟੀ ਜਾਂ ਸਰਕਾਰ ਦਾ ਮੁੱਦਾ ਨਹੀਂ ਇਹ ਲੋਕਾਂ ਦਾ ਮੁੱਦਾ ਹੈ।