ਇਕ ਮਹੀਨੇ ਦੀ ਤਨਖਾਹ ਮਿਲਣ ਦੇ ਬਾਵਜੂਦ ਐੱਨਐੱਚਐੱਮ ਕਰਮਚਾਰੀਆਂ ਦੀ ਹੜਤਾਲ ਜਾਰੀ
ਇਕ ਮਹੀਨੇ ਦੀ ਤਨਖਾਹ ਮਿਲਣ ਦੇ ਬਾਵਜੂਦ ਐੱਨਐੱਚਐੱਮ ਕਰਮਚਾਰੀਆਂ ਦੀ ਹੜਤਾਲ ਜਾਰੀ
Publish Date: Thu, 04 Dec 2025 10:41 PM (IST)
Updated Date: Thu, 04 Dec 2025 10:41 PM (IST)

- ਚੰਡੀਗੜ੍ਹ ’ਚ ਦਿੱਤਾ ਧਰਨਾ ਨਹੀਂ ਕੀਤਾ ਕੰਮ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਨਐੱਚਐੱਮ ਕਰਮਚਾਰੀਆਂ ਨੇ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਵਿਖੇ ਮਿਸ਼ਨ ਡਾਇਰੈਕਟਰ ਦੇ ਦਫ਼ਤਰ ਅੱਗੇ ਧਰਨਾ-ਪ੍ਰਦਰਸ਼ਨ ਕੀਤਾ। ਇਸ ਦੌਰਾਨ ਜ਼ਿਲ੍ਹੇ ਦੇ ਜ਼ਿਆਦਾਤਰ ਦਫ਼ਤਰਾਂ ’ਚ ਕੰਮਕਾਜ ਠੱਪ ਰਿਹਾ। ਡਿਸਪੈਂਸਰੀਆਂ ’ਚ ਇਲਾਜ ਲਈ ਪਹੁੰਚੇ ਮਰੀਜ਼ ਵੀ ਨਿਰਾਸ਼ ਵਾਪਸ ਮੁੜੇ। ਵਿਭਾਗ ਵੱਲੋਂ ਇਕ ਮਹੀਨੇ ਦੀ ਤਨਖਾਹ ਜਾਰੀ ਕੀਤੀ ਜਾ ਚੁੱਕੀ ਹੈ, ਪਰ ਇਸ ਦੇ ਬਾਵਜੂਦ ਕਰਮਚਾਰੀ ਹੜਤਾਲ ’ਤੇ ਡਟੇ ਰਹੇ। ਸਿਹਤ ਵਿਭਾਗ ’ਚ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਬੈਨਰ ਹੇਠ ਤਾਇਨਾਤ ਕਰਮਚਾਰੀਆਂ ਨੇ ਵੀਰਵਾਰ ਨੂੰ ਚੌਥੇ ਦਿਨ ਵੀ ਕਲਮ ਛੱਡ ਹੜਤਾਲ ਕਰਕੇ ਸੇਵਾਵਾਂ ਠੱਪ ਰੱਖੀਆਂ। ਦਿਹਾਤੀ ਡਿਸਪੈਂਸਰੀਆਂ ’ਚ ਇਲਾਜ ਲੈਣ ਲਈ ਪਹੁੰਚੇ ਮਰੀਜ਼ਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਟੀਬੀ ਮਰੀਜ਼ਾਂ ਦਾ ਰਜਿਸਟ੍ਰੇਸ਼ਨ ਕੰਮ ਵੀ ਰੋਕ ਦਿੱਤਾ ਗਿਆ। ਜ਼ਿਲ੍ਹੇ ਦੀਆਂ ਲਗਭਗ 150 ਡਿਸਪੈਂਸਰੀਆਂ ’ਚ ਕਰੀਬ ਚਾਰ ਹਜ਼ਾਰ ਮਰੀਜ਼ ਬਿਨਾਂ ਇਲਾਜ ਵਾਪਸ ਪਰਤੇ। ਜ਼ਿਲ੍ਹੇ ’ਚ ਕਰੀਬ 1150 ਡਾਕਟਰਾਂ, ਏਐੱਨਐੱਮ, ਲੈਬ ਟੈਕਨੀਸ਼ਨਾਂ ਤੇ ਕਲਰਕਲ ਸਟਾਫ ਨੇ ਹੜਤਾਲ ’ਚ ਹਿੱਸਾ ਲਿਆ। ਹੜਤਾਲ ਕਾਰਨ ਵਿਭਾਗੀ ਪੱਤਰਚਾਰ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਹਾਲਾਂਕਿ ਸਿਵਲ ਸਰਜਨ ਦਫ਼ਤਰ ਦੇ ਅਧਿਕਾਰੀਆਂ ਨੇ ਰੈਗੂਲਰ ਸਟਾਫ ਨਾਲ ਕੰਮ ਕਰਵਾਇਆ ਤੇ ਪੈਂਡਿੰਗ ਚਿੱਠੀ ਪੱਤਰ ਤੇ ਰਿਪੋਰਟਾਂ ਵਿਭਾਗ ਨੂੰ ਭੇਜੀਆਂ। ਨਿੱਜੀ ਹਸਪਤਾਲਾਂ ਤੋਂ ਅਲਟਰਾ ਸਾਊਂਡ ਤੇ ਸਕੈਨਿੰਗ ਸੈਂਟਰਾਂ ਦੀਆਂ ਰਿਪੋਰਟਾਂ ਲੈਣ ਆਏ ਲੋਕਾਂ ਨੂੰ ਵੀ ਬਿਨਾ ਕੰਮ ਹੋਏ ਵਾਪਸ ਜਾਣਾ ਪਿਆ। ਐੱਨਐੱਚਐੱਮ ਕਰਮਚਾਰੀ ਯੂਨੀਅਨ ਦੀ ਪ੍ਰਧਾਨ ਡਾ. ਪੰਖੁੜੀ ਕਮਲ ਨੇ ਦੱਸਿਆ ਕਿ ਇਕ ਮਹੀਨੇ ਦੀ ਤਨਖਾਹ ਤਾਂ ਮਿਲ ਗਈ ਹੈ, ਪਰ ਜਦੋਂ ਤਕ ਵਿਭਾਗ ਦੂਜੇ ਮਹੀਨੇ ਦੀ ਤਨਖਾਹ ਵੀ ਜਾਰੀ ਨਹੀਂ ਕਰਦਾ, ਹੜਤਾਲ ਜਾਰੀ ਰਹੇਗੀ।