ਹੜ੍ਹ ਪੀੜਤਾਂ ਦੀ ਮਦਦ ਲਈ ਖਾਲਸਾ ਏਡ ਨੇ ਨਿਭਾਇਆ ਸੱਚਾ ਮਨੁੱਖਤਾ ਦਾ ਫਰਜ਼ : ਰਵੀ ਸਿੰਘ
ਫਿਰੋਜ਼ਪੁਰ ਦੇ ਬਾਰਡਰ ਏਰੀਏ ਦੀ ਬਾਂਹ ਫੜੀ ਖਾਲਸਾ ਏਡ ਨੇ ਨਿਭਾਇਆ ਸੱਚਾ ਮਨੁੱਖਤਾ ਦਾ ਫਰਜ਼: ਰਵੀ ਸਿੰਘ
Publish Date: Thu, 04 Dec 2025 07:46 PM (IST)
Updated Date: Thu, 04 Dec 2025 07:47 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਨੁੱਖਤਾ ਦੀ ਸੇਵਾ ਲਈ ਸਮਰਪਿਤ ਸੰਸਥਾ ਖਾਲਸਾ ਏਡ ਹਮੇਸ਼ਾ ਹੀ ਅੱਗੇ ਰਹਿੰਦੀ ਹੈ। ਸੰਸਥਾਪਕ ਰਵੀ ਸਿੰਘ ਦੀ ਅਗਵਾਈ ਹੇਠ ਇਹ ਸੰਸਥਾ ਦੁਨੀਆ ਭਰ ਦੇ ਲੋੜਵੰਦ ਲੋਕਾਂ ਤਕ ਬਿਨਾਂ ਕਿਸੇ ਭੇਦਭਾਵ ਮਦਦ ਪਹੁੰਚਾਉਦੀ ਹੈ। ਇਸ ਸਬੰਧੀ ਖ਼ਾਲਸਾ ਏਡ ਸੰਸਥਾ ਦੇ ਮੈਂਬਰ ਜਸਪ੍ਰੀਤ ਸਿੰਘ ਦਾਹੀਆ ਤੇ ਲ਼ਖਵੀਰ ਸਿੰਘ ਨੇ ਦੱਸਿਆ ਕਿ ਖਾਲਸਾ ਏਡ ਨੇ ਫਿਰੋਜ਼ਪੁਰ ਦੇ ਸਰਹੱਦੀ ਖੇਤਰ ਹੜ੍ਹ ਪੀੜਤਾਂ ਦੀ ਬਾਂਹ ਫੜੀ ਹੈ। ਸੰਸਥਾ ਨੇ ਪਿੰਡ ਦੋਣਾ ਰਾਜਾ ਦਿਨਾ ਨਾਥ, ਜਿੱਥੇ ਹਾਲ ਹੀ ’ਚ ਹੜ੍ਹ ਕਾਰਨ 80 ਏਕੜ ਤੋਂ ਵੱਧ ਜ਼ਮੀਨ ਸਤਲੁਜ ਦਰਿਆ ’ਚ ਸਮਾ ਗਈ ਤੇ ਲੋਕਾਂ ਵੱਡੇ ਪੱਧਰ ’ਤੇ ਨੁਕਸਾਨ ਝੱਲਣਾ ਪਿਆ ਸੀ, ਉੱਥੋਂ ਦੇ ਲੋਕਾਂ ਦੀ ਮਦਦ ਸ਼ੁਰੂ ਕਰ ਦਿੱਤੀ ਹੈ। ਖਾਲਸਾ ਏਡ ਤੇ ਉਸ ਦੀ ਟੀਮ ਦਿਨ-ਰਾਤ ਪਿੰਡ ਵਾਸੀਆਂ ਦੀ ਮਦਦ ਲਈ ਮਿਹਨਤ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਖਾਲਸਾ ਏਡ ਦਾ ਮਕਸਦ ਹਰ ਮੁਸ਼ਕਿਲ ਘੜੀ ’ਚ ਲੋਕਾਂ ਦਾ ਸਾਥ ਦੇਣਾ ਹੈ। ਖਾਲਸਾ ਏਡ ਅੰਤਰਰਾਸ਼ਟਰੀ ਮਾਨਵਤਾਵਾਦੀ ਸੰਸਥਾ ਹੈ, ਜੋ ਸਰਬੱਤ ਦਾ ਭਲਾ ਦੇ ਸਿੱਖੀ ਸਿਧਾਂਤ ਨੂੰ ਅਪਣਾ ਕੇ ਜੰਗਾਂ, ਕੁਦਰਤੀ ਆਫ਼ਤਾਂ, ਹੜ੍ਹਾਂ, ਭੁੱਖਮਰੀ, ਸ਼ਰਨਾਰਥੀ ਸੰਕਟ ਤੇ ਵਿਸਥਾਪਨ ਵਰਗੀਆਂ ਸਥਿਤੀਆਂ ’ਚ ਦੁਨੀਆ ਭਰ ’ਚ ਸਹਾਇਤਾ ਕਰਦੀ ਆ ਰਹੀ ਹੈ। ਪੰਜਾਬ ’ਚ ਵੀ ਇਹ ਸੰਸਥਾ ਬਾੜ-ਪ੍ਰਭਾਵਿਤ ਇਲਾਕਿਆਂ, ਗ਼ਰੀਬ ਪਰਿਵਾਰਾਂ, ਵਿਦਿਆਰਥੀਆਂ, ਬਜ਼ੁਰਗਾਂ ਤੇ ਲੋੜਵੰਦ ਘਰਾਂ ਤਕ ਸਿੱਧੀ ਮਦਦ ਪਹੁੰਚਾਉਂਦੀ ਰਹੀ ਹੈ। ਸੰਸਥਾ ਦੇ ਮੁਖੀ ਰਵੀ ਸਿੰਘ ਨੇ ਕਿਹਾ ਕਿ ਖਾਲਸਾ ਏਡ ਇਨਸਾਨੀਅਤ ਪਹਿਲਾਂ ਦੇ ਸਿਧਾਂਤ ’ਤੇ ਅਟੱਲ ਰਹਿੰਦਾ ਹੈ ਤੇ ਲੋਕਾਂ ਦੇ ਦੁੱਖ-ਤਕਲੀਫ਼ ਨੂੰ ਆਪਣੀ ਜ਼ਿੰਮੇਵਾਰੀ ਸਮਝਦਾ ਹੈ। ਫਿਰੋਜ਼ਪੁਰ ਬਾਰਡਰ ਬੈਲਟ ’ਚ ਪੰਜਾਬ ਟੀਮ ਵੱਲੋਂ ਕੀਤਾ ਜਾ ਰਹੇ ਕੰਮ ਸੰਸਥਾ ਦੀ ਨਿਸ਼ਕਾਮ ਸੇਵਾ ਦਾ ਸਾਫ਼ ਪ੍ਰਮਾਣ ਹੈ। ਸੰਸਥਾ ਨੇ ਦੁਹਰਾਇਆ ਕਿ ਲੋਕਾਂ ਦਾ ਭਰੋਸਾ ਤੇ ਸਹਿਯੋਗ ਹੀ ਖਾਲਸਾ ਏਡ ਦੀ ਸਭ ਤੋਂ ਵੱਡੀ ਤਾਕਤ ਹੈ। ਆਉਣ ਵਾਲੇ ਦਿਨਾਂ ’ਚ ਵੀ ਖਾਲਸਾ ਏਡ ਪੰਜਾਬ ਸਮੇਤ ਦੁਨੀਆ ਦੇ ਕਈ ਇਲਾਕਿਆਂ ’ਚ ਮਨੁੱਖਤਾ ਦੀ ਸੇਵਾ ਦੇ ਮਿਸ਼ਨ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਵਧਾਏਗੀ।