ਮਨੁੱਖਤਾ ਸ਼ਰਮਸਾਰ: ਪਿੰਡ ਇਲਾਹਾਬਾਦ ਵਿਖੇ ਪੀਰਾਂ ਦੀ ਦਰਗਾਹ ਕੋਲੋਂ ਮਿਲੀ ਨਵਜੰਮੀ ਲਾਵਾਰਿਸ ਬੱਚੀ, ਹਾਲਤ ਗੰਭੀਰ
ਠੰਢ ਜਾਂ ਕਿਸੇ ਹੋਰ ਕਾਰਨ ਬੱਚੀ ਦੇ ਸਰੀਰ ਦਾ ਰੰਗ ਨੀਲਾ ਪੈ ਚੁੱਕਾ ਸੀ। ਪਿੰਡ ਵਾਸੀਆਂ ਨੇ ਤੁਰੰਤ 112 ਨੰਬਰ 'ਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ।
Publish Date: Tue, 07 Apr 2026 04:38 PM (IST)
Updated Date: Tue, 07 Apr 2026 04:41 PM (IST)
ਸੰਜੀਵ ਸੂਦ, ਪੰਜਾਬੀ ਜਾਗਰਣ, ਹੁਸ਼ਿਆਰਪੁਰ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਇਲਾਹਾਬਾਦ ਵਿੱਚ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਅੱਜ ਤੜਕਸਾਰ ਇੱਕ ਨਵਜੰਮੀ ਬੱਚੀ ਲਾਵਾਰਿਸ ਹਾਲਤ ਵਿੱਚ ਮਿਲੀ। ਬੱਚੀ ਨੂੰ ਹੁਸ਼ਿਆਰਪੁਰ-ਊਨਾ ਰੋਡ 'ਤੇ ਸਥਿਤ ਪੀਰਾਂ ਦੀ ਦਰਗਾਹ ਦੇ ਕੋਲ ਇੱਕ ਥੜ੍ਹੇ 'ਤੇ ਪਿੰਡ ਅਲਾਹਾਬਾਦ ਵਿੱਖੇ ਸੁੱਟਿਆ ਗਿਆ ਸੀ।
ਪਿੰਡ ਦੇ ਸਰਪੰਚ ਕਰਨੈਲ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ ਸਾਢੇ ਛੇ ਵਜੇ ਪਿੰਡ ਵਾਸੀਆਂ ਨੇ ਇੱਕ ਨਵਜੰਮੀ ਬੱਚੀ ਨੂੰ ਦੇਖਿਆ ਅਤੇ ਇਸ ਸਬੰਧੀ ਉਨ੍ਹਾਂ ਨੂੰ ਸੂਚਨਾ ਦਿੱਤੀ। ਉੱਥੇ ਜਾ ਕੇ ਉਨ੍ਹਾਂ ਦੇਖਿਆ ਕਿ ਨਵਜੰਮੀ ਬੱਚੀ ਇੱਕ ਤੌਲੀਏ ਵਿੱਚ ਲਿਪਟੀ ਹੋਈ ਸੀ ਅਤੇ ਉਸ ਦੇ ਆਲੇ-ਦੁਆਲੇ ਕੀੜੀਆਂ ਚੱਲ ਰਹੀਆਂ ਸਨ।
ਠੰਢ ਜਾਂ ਕਿਸੇ ਹੋਰ ਕਾਰਨ ਬੱਚੀ ਦੇ ਸਰੀਰ ਦਾ ਰੰਗ ਨੀਲਾ ਪੈ ਚੁੱਕਾ ਸੀ। ਪਿੰਡ ਵਾਸੀਆਂ ਨੇ ਤੁਰੰਤ 112 ਨੰਬਰ 'ਤੇ ਪੁਲਿਸ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬੱਚੀ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ। ਸਰਪੰਚ ਕਰਨੈਲ ਸਿੰਘ ਨੇ ਕਿਹਾ ਕਿ ਉਹ ਖੁਦ ਨਵਜੰਮੀ ਬੱਚੀ ਨੂੰ ਹਸਪਤਾਲ ਦਾਖਲ ਕਰਵਾਉਣ ਆਏ ਸਨ ਅਤੇ ਬੱਚੀ ਦੀ ਦੇਖਭਾਲ ਲਈ ਹਜੇ ਵ ਉੱਥੇ ਹੀ ਮੌਜੂਦ ਹਨ।
ਸਿਵਲ ਹਸਪਤਾਲ ਦੇ ਡਿਊਟੀ ਡਾਕਟਰ ਮੁਤਾਬਕ ਜਦੋਂ ਬੱਚੀ ਨੂੰ ਲਿਆਂਦਾ ਗਿਆ ਤਾਂ ਉਸ ਦੀ ਹਾਲਤ ਕਾਫੀ ਨਾਜ਼ੁਕ ਸੀ। ਉਸ ਦੇ ਦਿਲ ਦੀ ਧੜਕਣ ਅਤੇ ਸਾਹ ਦੀ ਰਫ਼ਤਾਰ ਬਹੁਤ ਤੇਜ਼ ਸੀ। ਫਿਲਹਾਲ ਬੱਚੀ ਦਾ ਇਲਾਜ ਜਾਰੀ ਹੈ ਅਤੇ ਉਸ ਨੂੰ 24 ਘੰਟੇ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਜੇਕਰ ਹਾਲਤ ਵਿੱਚ ਸੁਧਾਰ ਨਾ ਹੋਇਆ ਤਾਂ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਜਾ ਸਕਦਾ ਹੈ।
ਥਾਣਾ ਸਦਰ ਹੁਸ਼ਿਆਰਪੁਰ ਦੇ ਸਬ-ਇੰਸਪੈਕਟਰ ਜਸਬੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਬੱਚੀ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਕਿਹਾ ਕਿ ਡਾਕਟਰਾਂ ਅਨੁਸਾਰ ਬੱਚੀ ਦਾ ਜਨਮ ਮਹਿਜ਼ ਇੱਕ ਦਿਨ ਪਹਿਲਾਂ ਹੋਇਆ ਜਾਪਦਾ ਹੈ। ਪੁਲਿਸ ਵੱਲੋਂ ਬੱਚੀ ਦੇ ਮਾਂ-ਬਾਪ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।