ਆਨਲਾਈਨ ਠੱਗੀ ਤੋਂ ਬਚਾਉਣ ਦੇ ਨਾਂ ’ਤੇ ਨਵੀਂ ਸਾਈਬਰ ਠੱਗੀ, ਲਿੰਕ ਖੋਲ੍ਹਦੇ ਹੀ ਉੱਡ ਰਹੇ ਲੱਖਾਂ ਰੁਪਏ

ਡੇਲੀ ਜਾਬ ਹਿੰਦੀ ’ਚ ਆਨਲਾਈਨ ਠੱਗੀ ਨਾਂ ਦਾ ਕੈਰੀ ਕੈਚਰ ਚੁੱਕ ਲਓ।
- ਰਿਫੰਡ ਤੇ ਮਦਦ ਦੇ ਲਾਲਚ ’ਚ ਫਸ ਰਹੇ ਲੋਕ, ਛੋਟੀ ਠੱਗੀ ਤੋਂ ਬਾਅਦ ਭੇਜੇ ਜਾ ਰਹੇ ਫਰਜ਼ੀ ਮਦਦ ਵਾਲੇ ਮੈਸੇਜ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਾਈਬਰ ਠੱਗ ਲੋਕਾਂ ਨੂੰ ਠੱਗਣ ਲਈ ਲਗਾਤਾਰ ਆਪਣੇ ਤਰੀਕਿਆਂ ’ਚ ਬਦਲਾਅ ਕਰ ਰਹੇ ਹਨ। ਹੁਣ ਉਨ੍ਹਾਂ ਆਨਲਾਈਨ ਠੱਗੀ ਤੋਂ ਬਚਾਉਣ ਤੇ ਪੈਸੇ ਵਾਪਸ ਦਿਵਾਉਣ ਦੇ ਨਾਂ ’ਤੇ ਲੋਕਾਂ ਨੂੰ ਠੱਗਣ ਦਾ ਨਵਾਂ ਜਾਲ ਵਿਛਾ ਦਿੱਤਾ ਹੈ। ਠੱਗ ਅਜਿਹੇ ਮੈਸੇਜ ਭੇਜ ਰਹੇ ਹਨ, ਜਿਨ੍ਹਾਂ ’ਚ ਦਾਅਵਾ ਕੀਤਾ ਜਾਂਦਾ ਹੈ ਕਿ ਜੇ ਤੁਹਾਡੇ ਨਾਲ ਪਹਿਲਾਂ ਕੋਈ ਆਨਲਾਈਨ ਧੋਖਾਧੜੀ ਹੋਈ ਹੈ ਤਾਂ ਦਿੱਤੇ ਗਏ ਲਿੰਕ ’ਤੇ ਕਲਿੱਕ ਕਰ ਕੇ ਸ਼ਿਕਾਇਤ ਦਰਜ ਕਰੋ ਜਾਂ ਰਿਫੰਡ ਲਓ। ਜਿਵੇਂ ਹੀ ਪੀੜਤ ਇਹ ਲਿੰਕ ਖੋਲ੍ਹਦਾ ਹੈ, ਉਸ ਦੇ ਬੈਂਕ ਖਾਤੇ ਤੋਂ ਹਜ਼ਾਰਾਂ ਨਹੀਂ ਸਗੋਂ ਲੱਖਾਂ ਰੁਪਏ ਕੁਝ ਮਿੰਟਾਂ ’ਚ ਹੀ ਸਾਫ ਹੋ ਜਾਂਦੇ ਹਨ। ਰਾਜ ਨਗਰ ਇਲਾਕੇ ਦੇ ਦੁਕਾਨਦਾਰ ਮਹੇਸ਼ ਨਾਲ ਵੀ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਪੀੜਤ ਮੁਤਾਬਕ ਕੁਝ ਦਿਨ ਪਹਿਲਾਂ ਆਨਲਾਈਨ ਵਪਾਰ ਦੌਰਾਨ ਉਸ ਨਾਲ ਕਰੀਬ 9 ਹਜ਼ਾਰ ਰੁਪਏ ਦੀ ਠੱਗੀ ਹੋ ਗਈ ਸੀ, ਜਿਸ ਕਾਰਨ ਉਹ ਪਹਿਲਾਂ ਹੀ ਪਰੇਸ਼ਾਨ ਸੀ। ਇਸ ਦਰਮਿਆਨ ਉਸ ਦੇ ਮੋਬਾਈਲ ’ਤੇ ਇਕ ਮੈਸੇਜ ਆਇਆ, ਜਿਸ ’ਚ ਲਿਖਿਆ ਸੀ ਕਿ ਜੇ ਉਸ ਨਾਲ ਆਨਲਾਈਨ ਠੱਗੀ ਹੋਈ ਹੈ ਤਾਂ ਦਿੱਤੇ ਗਏ ਲਿੰਕ ’ਤੇ ਕਲਿੱਕ ਕਰ ਕੇ ਸ਼ਿਕਾਇਤ ਦਰਜ ਕਰਾਏ। ਪੈਸੇ ਵਾਪਸ ਮਿਲਣ ਦੀ ਉਮੀਦ ਤੇ ਠੱਗੀ ਦੇ ਡਰ ਕਾਰਨ ਜਿਵੇਂ ਹੀ ਉਸ ਨੇ ਲਿੰਕ ਖੋਲ੍ਹਿਆ, ਉਸ ਦੇ ਬੈਂਕ ਖਾਤੇ ਤੋਂ ਕਰੀਬ ਦੋ ਲੱਖ ਰੁਪਏ ਨਿਕਲ ਗਏ। ਜਦ ਤੱਕ ਉਸ ਨੂੰ ਕੁਝ ਸਮਝ ਆਉਂਦਾ, ਤਦ ਤੱਕ ਖਾਤੇ ’ਚ ਜਮ੍ਹਾਂ ਉਸ ਦੀ ਮਿਹਨਤ ਦੀ ਕਮਾਈ ਉੱਡ ਚੁੱਕੀ ਸੀ।
--------------------------
ਛੋਟੀ ਠੱਗੀ ਤੋਂ ਬਾਅਦ ਵੱਡਾ ਜਾਲ
ਸਾਈਬਰ ਪੁਲਿਸ ਤੇ ਮਾਹਿਰਾਂ ਮੁਤਾਬਕ ਇਹ ਨਵਾਂ ਤਰੀਕਾ ਬਹੁਤ ਹੀ ਖ਼ਤਰਨਾਕ ਹੈ, ਕਿਉਂਕਿ ਇਸ ’ਚ ਅਪਰਾਧੀ ਪਹਿਲਾਂ ਤੋਂ ਹੀ ਪੀੜਤ ਵਿਅਕਤੀ ਨੂੰ ਨਿਸ਼ਾਨਾ ਬਣਾਉਂਦੇ ਹਨ। ਪਹਿਲਾਂ ਕਿਸੇ ਨਾ ਕਿਸੇ ਬਹਾਨੇ ਨਾਲ ਛੋਟੀ ਰਕਮ ਦੀ ਠੱਗੀ ਕੀਤੀ ਜਾਂਦੀ ਹੈ ਜਾਂ ਆਨਲਾਈਨ ਲੈਣ-ਦੇਣ ਦੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਪੀੜਤ ਨੂੰ ਰਿਫੰਡ, ਮਦਦ ਜਾਂ ਸ਼ਿਕਾਇਤ ਦੇ ਨਾਂ ’ਤੇ ਫਰਜ਼ੀ ਮੈਸੇਜ ਭੇਜਿਆ ਜਾਂਦਾ ਹੈ। ਜਿਵੇਂ ਹੀ ਵਿਅਕਤੀ ਲਿੰਕ ’ਤੇ ਕਲਿੱਕ ਕਰਦਾ ਹੈ, ਉਸ ਦੇ ਮੋਬਾਈਲ ’ਚ ਮੈਲਵੇਅਰ ਇੰਸਟਾਲ ਹੋ ਜਾਂਦਾ ਹੈ ਜਾਂ ਉਹ ਕਿਸੇ ਫਰਜ਼ੀ ਵੈੱਬਸਾਈਟ ’ਤੇ ਆਪਣੀਆਂ ਬੈਂਕ, ਯੂਪੀਆਈ ਜਾਂ ਕਾਰਡ ਡੀਟੇਲ ਭਰ ਦਿੰਦਾ ਹੈ। ਇਸ ਤੋਂ ਬਾਅਦ ਅਪਰਾਧੀਆਂ ਲਈ ਖਾਤੇ ਤੋਂ ਪੈਸਾ ਕੱਢਣਾ ਆਸਾਨ ਹੋ ਜਾਂਦਾ ਹੈ।
--------------------------
ਕਈ ਲੋਕ ਬਣ ਚੁੱਕੇ ਹਨ ਠੱਗਾਂ ਦਾ ਸ਼ਿਕਾਰ, ਨੌਕਰੀ ਤੇ ਰਿਫੰਡ ਦਾ ਝਾਂਸਾ
ਬਸਤੀਆਂ ’ਚ ਰਹਿਣ ਵਾਲੇ ਰੋਬਿਨ ਨਾਲ ਵਿਦੇਸ਼ ’ਚ ਨੌਕਰੀ ਦਿਵਾਉਣ ਦੇ ਨਾਂ ’ਤੇ ਪਹਿਲਾਂ 15 ਹਜ਼ਾਰ ਰੁਪਏ ਦੀ ਠੱਗੀ ਹੋਈ। ਕੁਝ ਦਿਨਾਂ ਬਾਅਦ ਉਸ ਨੂੰ ਮੈਸੇਜ ਆਇਆ ਕਿ ਜੇ ਉਸ ਨਾਲ ਠੱਗੀ ਹੋਈ ਹੈ ਤਾਂ ਉਸ ਦੇ ਪੈਸੇ ਵਾਪਸ ਦਿਵਾਏ ਜਾ ਸਕਦੇ ਹਨ, ਬਸ ਇਕ ਲਿੰਕ ’ਤੇ ਜਾ ਕੇ ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਲਿੰਕ ਖੋਲ੍ਹਦੇ ਹੀ ਉਸ ਦੇ ਮੋਬਾਈਲ ਦਾ ਕੰਟਰੋਲ ਸਾਈਬਰ ਠੱਗਾਂ ਦੇ ਹੱਥ ’ਚ ਚਲਾ ਗਿਆ ਤੇ ਖਾਤੇ ਤੋਂ ਕਰੀਬ ਢਾਈ ਲੱਖ ਰੁਪਏ ਕੱਢ ਲਏ ਗਏ।
--------------------------
ਰਿਫੰਡ ਦਿਵਾਉਣ ਦੇ ਨਾਂ ’ਤੇ ਲਿੰਕ ਭੇਜ ਕੇ ਠੱਗੀ
ਸ਼ਹਿਰ ਦੇ ਇਕ ਵਪਾਰੀ ਦੇ ਖਾਤੇ ਤੋਂ ਆਨਲਾਈਨ ਖ਼ਰੀਦਦਾਰੀ ਦੌਰਾਨ 8 ਹਜ਼ਾਰ ਰੁਪਏ ਕੱਟ ਗਏ। ਸ਼ਿਕਾਇਤ ਕਰਨ ਤੋਂ ਕੁਝ ਘੰਟਿਆਂ ਬਾਅਦ ਉਸ ਦੇ ਮੋਬਾਈਲ ’ਤੇ ਮੈਸੇਜ ਆਇਆ ਕਿ ਤੁਹਾਡੀ ਆਨਲਾਈਨ ਠੱਗੀ ਦੀ ਸ਼ਿਕਾਇਤ ਦਰਜ ਹੋ ਗਈ ਹੈ। ਰਿਫੰਡ ਲੈਣ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ। ਰਿਫੰਡ ਦੀ ਉਮੀਦ ’ਚ ਜਿਵੇਂ ਹੀ ਉਸ ਨੇ ਲਿੰਕ ਖੋਲ੍ਹਿਆ, ਉਸ ਦੇ ਮੋਬਾਈਲ ’ਚ ਇਕ ਫਰਜ਼ੀ ਐਪ ਇੰਸਟਾਲ ਹੋ ਗਿਆ। ਕੁਝ ਹੀ ਮਿੰਟਾਂ ’ਚ ਉਸ ਦੇ ਬੈਂਕ ਖਾਤੇ ਤੋਂ ਕਰੀਬ 1.90 ਲੱਖ ਰੁਪਏ ਨਿਕਲ ਗਏ।
-------------------------
ਸਾਈਬਰ ਹੈਲਪ ਡੈਸਕ ਬਣ ਕੇ ਭੇਜਿਆ ਫਰਜ਼ੀ ਮੈਸੇਜ
ਇਕ ਨਿੱਜੀ ਕੰਪਨੀ ’ਚ ਕੰਮ ਕਰਨ ਵਾਲੇ ਹਰੀਸ਼ ਨਾਲ ਯੂਪੀਆਈ ਰਾਹੀਂ 5 ਹਜ਼ਾਰ ਰੁਪਏ ਦੀ ਠੱਗੀ ਹੋਈ ਸੀ। ਅਗਲੇ ਦਿਨ ਉਸ ਨੂੰ ਮੈਸੇਜ ਮਿਲਿਆ ਕਿ ਸਾਈਬਰ ਹੈਲਪ ਡੈਸਕ ਨਾਲ ਸੰਪਰਕ ਕਰੋ, ਤੁਹਾਡੀ ਰਕਮ ਵਾਪਸ ਦਿਵਾਈ ਜਾਵੇਗੀ। ਮੈਸੇਜ ’ਚ ਦਿੱਤੇ ਲਿੰਕ ’ਤੇ ਕਲਿੱਕ ਕਰਦੇ ਹੀ ਉਸ ਤੋਂ ਬੈਂਕ ਡੀਟੇਲ ਤੇ ਓਟੀਪੀ ਮੰਗਿਆ ਗਿਆ। ਓਟੀਪੀ ਪਾਉਂਦੇ ਹੀ ਨੌਜਵਾਨ ਦੇ ਖਾਤੇ ਤੋਂ ਕਰੀਬ ਢਾਈ ਲੱਖ ਰੁਪਏ ਟ੍ਰਾਂਸਫਰ ਹੋ ਗਏ।
--------------------------
ਆਨਲਾਈਨ ਸ਼ਾਪਿੰਗ ’ਚ ਦੋ ਵਾਰ ਠੱਗੀ
ਮਾਡਲ ਟਾਊਨ ਦੀ ਇਕ ਮਹਿਲਾ ਨੇ ਆਨਲਾਈਨ ਸ਼ਾਪਿੰਗ ਕੀਤੀ ਤਾਂ ਪੰਜ ਹਜ਼ਾਰ ਰੁਪਏ ਦੀ ਠੱਗੀ ਹੋ ਗਈ। ਕੁਝ ਸਮੇਂ ਬਾਅਦ ਉਸ ਨੂੰ ਮੈਸੇਜ ਆਇਆ ਕਿ ਜੇ ਤੁਹਾਡੇ ਨਾਲ ਠੱਗੀ ਹੋਈ ਹੈ ਤਾਂ ਲਿੰਕ ’ਤੇ ਕਲਿੱਕ ਕਰੋ। ਰਿਫੰਡ ਦੇ ਲਾਲਚ ’ਚ ਮਹਿਲਾ ਨੇ ਜਿਵੇਂ ਹੀ ਲਿੰਕ ਖੋਲ੍ਹਿਆ, ਉਸ ਦਾ ਮੋਬਾਈਲ ਹੈਂਗ ਹੋ ਗਿਆ ਤੇ ਸਕ੍ਰੀਨ ਬਲੈਂਕ ਹੋ ਗਈ। ਥੋੜ੍ਹੀ ਦੇਰ ਬਾਅਦ ਖਾਤੇ ਤੋਂ ਇਕ ਲੱਖ ਤੋਂ ਵੱਧ ਰੁਪਏ ਨਿਕਲ ਚੁੱਕੇ ਸਨ। ਬਾਅਦ ’ਚ ਪਤਾ ਲੱਗਿਆ ਕਿ ਲਿੰਕ ਰਾਹੀਂ ਫੋਨ ਦੀ ਸਕ੍ਰੀਨ ਐਕਸੈਸ ਕਰ ਲਈ ਗਈ ਸੀ।
-----------------------------
ਕੋਟਸ)---ਸਰਕਾਰ, ਬੈਂਕ ਜਾਂ ਪੁਲਿਸ ਕਦੇ ਵੀ ਰਿਫੰਡ ਜਾਂ ਸ਼ਿਕਾਇਤ ਲਈ ਲਿੰਕ ਭੇਜ ਕੇ ਨਿੱਜੀ ਜਾਣਕਾਰੀ ਨਹੀਂ ਮੰਗਦੇ। ਅਜਿਹੇ ਸਾਰੇ ਮੈਸੇਜ ਪੂਰੀ ਤਰ੍ਹਾਂ ਫਰਜ਼ੀ ਹੁੰਦੇ ਹਨ। ਅਸ਼ੋਕ ਕੁਮਾਰ ਨੇ ਦੱਸਿਆ ਕਿ ਜਿਵੇਂ ਹੀ ਕੋਈ ਵਿਅਕਤੀ ਅਜਿਹੇ ਲਿੰਕ ’ਤੇ ਕਲਿੱਕ ਕਰਦਾ ਹੈ ਤਾਂ ਉਸ ਦੇ ਮੋਬਾਈਲ ’ਚ ਸਪਾਈਵੇਅਰ ਜਾਂ ਸਕ੍ਰੀਨ ਸ਼ੇਅਰਿੰਗ ਐਪ ਇੰਸਟਾਲ ਹੋ ਜਾਂਦੀ ਹੈ, ਜਿਸ ਨਾਲ ਅਪਰਾਧੀ ਓਟੀਪੀ, ਪਾਸਵਰਡ ਤੇ ਬੈਂਕ ਡੀਟੇਲ ਵੇਖ ਲੈਂਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਲਿੰਕ ਦੀ ਸੱਚਾਈ ਜਾਣੇ ਬਿਨਾਂ ਉਸ ਨੂੰ ਨਾ ਖੋਲ੍ਹੋ। ਸਾਵਧਾਨੀ ਹੀ ਬਚਾਅ ਹੈ। ਕਿਸੇ ਵੀ ਕਿਸਮ ਦੀ ਠੱਗੀ ਹੋਣ ਦੀ ਸਥਿਤੀ ’ਚ ਤੁਰੰਤ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਓ। - ਧਨਪ੍ਰੀਤ ਕੌਰ, ਪੁਲਿਸ ਕਮਿਸ਼ਨਰ।
------------------------
ਇਸ ਨਵੀਂ ਠੱਗੀ ਤੋਂ ਕਿਵੇਂ ਬਚੀਏ
* ਕਿਸੇ ਵੀ ਅਣਜਾਣ ਲਿੰਕ ’ਤੇ ਕਲਿੱਕ ਨਾ ਕਰੋ, ਭਾਵੇਂ ਮੈਸੇਜ ਕਿੰਨਾ ਵੀ ਭਰੋਸੇਯੋਗ ਕਿਉਂ ਨਾ ਲੱਗੇ।
* ਬੈਂਕ, ਪੁਲਿਸ ਜਾਂ ਕਿਸੇ ਸਰਕਾਰੀ ਏਜੰਸੀ ਦੇ ਨਾਂ ’ਤੇ ਆਏ ਮੈਸੇਜ ਦੀ ਪਹਿਲਾਂ ਅਧਿਕਾਰਕ ਵੈੱਬਸਾਈਟ ਜਾਂ ਹੈਲਪਲਾਈਨ ਤੋਂ ਪੁਸ਼ਟੀ ਕਰੋ।
* ਮੋਬਾਈਲ ’ਚ ਅਣਜਾਣ ਐਪ ਇੰਸਟਾਲ ਨਾ ਹੋਣ ਦਿਓ ਤੇ ਸਮੇਂ-ਸਮੇਂ ’ਤੇ ਸੁਰੱਖਿਆ ਅਪਡੇਟ ਕਰੋ।
* ਜੇ ਠੱਗੀ ਹੋ ਜਾਵੇ ਤਾਂ ਤੁਰੰਤ 1930 ਸਾਈਬਰ ਹੈਲਪਲਾਈਨ ’ਤੇ ਕਾਲ ਕਰੋ ਜਾਂ cybercrime.gov.in ’ਤੇ ਸ਼ਿਕਾਇਤ ਦਰਜ ਕਰਵਾਓ।