ਨਾ ਬੱਚਿਆਂ ਲਈ ਰਿਸ਼ਤੇ ਆ ਰਹੇ, ਨਾ ਵਿਕ ਰਹੇ ਘਰ, ਲੋਕ ਬਿਮਾਰੀਆਂ ਦਾ ਸਾਹਮਣਾ ਕਰ ਰਹੇ ਹਨ
ਹਰ ਬੂੰਦ ਹੋਵੇ ਸਾਫ਼,
Publish Date: Fri, 09 Jan 2026 09:02 PM (IST)
Updated Date: Fri, 09 Jan 2026 09:06 PM (IST)

ਹਰ ਬੂੰਦ ਹੋਵੇ ਸਾਫ਼, ਹਰ ਘੁੱਟ ਹੋਵੇ ਸਾਫ਼ ਜਾਸ, ਜਲੰਧਰ : ਸ਼ਹਿਰ ਦੇ ਇਕ ਇਲਾਕੇ ’ਚ ਲੋਕਾਂ ਦੀ ਸਮਾਜਿਕ ਜ਼ਿੰਦਗੀ ’ਤੇ ਨਗਰ ਨਿਗਮ ਦਾ ਪ੍ਰਭਾਵ ਭਾਰੀ ਪੈ ਰਿਹਾ ਹੈ। ਇਸ ਇਲਾਕੇ ’ਚ ਲੋਕਾਂ ਦੇ ਘਰਾਂ ’ਚ ਰਿਸ਼ਤੇਦਾਰ ਨਹੀਂ ਆਉਂਦੇ। ਬੱਚਿਆਂ ਦੇ ਰਿਸ਼ਤੇ ਨਹੀਂ ਹੋ ਰਹੇ। ਲੋਕ ਇਸ ਖੇਤਰ ਤੋਂ ਆਪਣਾ ਘਰ ਵੇਚ ਕੇ ਜਾਣਾ ਚਾਹੁੰਦੇ ਹਨ ਪਰ ਵਿਕ ਨਹੀਂ ਰਹੇ। ਇਸ ਦਾ ਕਾਰਨ ਹੈ ਇੱਥੇ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਗਲੀਆਂ ’ਚ ਖੜ੍ਹਾ ਸੀਵਰ ਦਾ ਪਾਣੀ। ਇਹ ਇਲਾਕਾ ਵਾਰਡ ਨੰਬਰ 2 ਦੇ ਟ੍ਰਾਂਸਪੋਰਟ ਨਗਰ ਤੇ ਫੋਕਲ ਪੁਆਇੰਟ ਨਾਲ ਜੁੜੇ ਹਰਗੋਬਿੰਦ ਨਗਰ, ਬਚਿੰਤ ਨਗਰ, ਪਰਸ਼ੂਰਾਮ ਨਗਰ ਤੇ ਗਦਈਪੁਰ-ਰੇਰੂ ਨੇੜੇ ਦੀਆਂ ਕਾਲੋਨੀਆਂ ਹਨ। ‘ਅਦਾਰਾ ਜਾਗਰਣ’ ਦੀ ਟੀਮ ਜਦੋਂ ਜਾਗਰਣ ਤੁਹਾਡੇ ਦੁਆਰ ਮੁਹਿੰਮ ਤਹਿਤ ਖੇਤਰ ਦੀਆਂ ਸਮੱਸਿਆਵਾਂ ’ਤੇ ਲੋਕਾਂ ਨਾਲ ਗੱਲ ਕਰਨ ਪੁੱਜੀ ਤਾਂ ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੱਜ ਕੇ ਭੜਾਸ ਕੱਢੀ। ਲੋਕਾਂ ਦਾ ਕਹਿਣਾ ਹੈ ਕਿ ਤਿੰਨ ਸਾਲਾਂ ਤੋਂ ਇਸ ਇਲਾਕੇ ’ਚ ਅਜਿਹੇ ਹੀ ਹਾਲਾਤ ਹਨ। ਪਹਿਲੇ ਦੋ ਸਾਲਾਂ ਤੱਕ ਤਾਂ ਸੜਕਾਂ ’ਤੇ ਸੀਵਰ ਦਾ ਪਾਣੀ ਹੀ ਭਰਿਆ ਰਿਹਾ। ਹੁਣ ਇਕ ਸਾਲ ਤੋਂ ਇਸ ਸਮੱਸਿਆ ਨੂੰ ਦੂਰ ਕਰਨ ਲਈ ਕੰਮ ਤਾਂ ਹੋ ਰਿਹਾ ਹੈ ਪਰ ਹਾਲੇ ਵੀ ਕਈ ਗਲੀਆਂ ’ਚ ਸੀਵਰੇਜ ਦਾ ਪਾਣੀ ਭਰਿਆ ਰਹਿੰਦਾ ਹੈ ਤੇ ਇਸ ਕਾਰਨ ਲੋਕਾਂ ਦੇ ਘਰਾਂ ’ਚ ਦੂਸ਼ਿਤ ਪੀਣ ਵਾਲੇ ਪਾਣੀ ਦੀ ਸਪਲਾਈ ਹੋ ਰਹੀ ਹੈ। ਤਿੰਨ ਸਾਲਾਂ ਦੌਰਾਨ ਕਈ ਵਾਰ ਲੋਕਾਂ ਨੇ ਇਲਾਕੇ ’ਚ ਹੀ ਧਰਨੇ ਦਿੱਤੇ ਤੇ ਕਈ ਵਾਰ ਨਗਰ ਨਿਗਮ ’ਚ ਵੀ ਪ੍ਰਦਰਸ਼ਨ ਕੀਤਾ। ਇਸ ਦੇ ਬਾਵਜੂਦ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਹੀਆਂ। ਇਸ ਨਾਲ ਇਲਾਕਾ ਨਿਵਾਸੀ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰ ਰਹੇ ਹਨ। ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਚਿਕਨਗੁਨੀਆ, ਡਾਇਰੀਆ, ਟਾਇਫਾਈਡ ਤੇ ਚਮੜੀ ਦੇ ਰੋਗ ਹੋ ਰਹੇ ਹਨ। ਲੋਕਾਂ ਦਾ ਇਹ ਵੀ ਦਾਅਵਾ ਹੈ ਕਿ ਇਲਾਕੇ ਦੇ ਕਈ ਲੋਕ ਕਿਡਨੀ ਦੇ ਰੋਗ ਤੋਂ ਪੀੜਤ ਹੋ ਚੁੱਕੇ ਹਨ। --- ਲਖਵਿੰਦਰ ਸਿੰਘ ਕਾਲਾ, ਤਰਸੇਮ ਲਾਲ, ਜੋਗਿੰਦਰ ਪ੍ਰਧਾਨ ਤੇ ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਕਈ ਗਲੀਆਂ ਤਾਂ ਅਜਿਹੀਆਂ ਹਨ ਜਿੱਥੇ ਇਕ ਸਾਲ ਤੋਂ ਸੀਵਰੇਜ ਦਾ ਪਾਣੀ ਖੜ੍ਹਾ ਹੈ। ਇਸ ਨਾਲ ਖਰਾਬ ਹੋ ਚੁੱਕੀਆਂ ਪਾਣੀ ਦੀ ਸਪਲਾਈ ਦੀ ਪਾਈਪਾਂ ਰਾਹੀਂ ਸੀਵਰ ਮਿਕਸ ਪਾਣੀ ਘਰਾਂ ਤੱਕ ਪੁੱਜ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਲੋਕ ਇਸ ਇਲਾਕੇ ’ਚ ਬੱਚਿਆਂ ਦਾ ਰਿਸ਼ਤਾ ਲੈ ਕੇ ਵੀ ਆਉਂਦੇ ਹਨ ਤਾਂ ਇੱਥੋਂ ਦੇ ਹਾਲਾਤ ਦੇਖ ਕੇ ਵਾਪਸ ਚਲੇ ਜਾਂਦੇ ਹਨ। ਕੋਈ ਵੀ ਆਪਣੇ ਬੱਚੇ ਦਾ ਵਿਆਹ ਇਸ ਇਲਾਕੇ ਵਿਚ ਨਹੀਂ ਕਰਨਾ ਚਾਹੁੰਦਾ। ਹੁਣ ਤਾਂ ਨੇੜੇ ਦੇ ਰਿਸ਼ਤੇਦਾਰਾਂ ਨੇ ਵੀ ਇੱਥੇ ਆਉਣਾ ਬੰਦ ਕਰ ਦਿੱਤਾ ਹੈ। ਇਲਾਕਾ ਨਿਵਾਸੀ ਰਾਜਨ ਕੁਮਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਕ ਨੇੜਲੇ ਰਿਸ਼ਤੇਦਾਰ ਆਪਣਾ ਘਰ ਉਨ੍ਹਾਂ ਨੂੰ ਕਿਸ਼ਤਾਂ ’ਤੇ ਦੇ ਕੇ ਚਲੇ ਗਏ ਹਨ। ਉਹ ਦੂਜੇ ਇਲਾਕੇ ’ਚ ਵਸ ਗਏ ਹਨ। ਇੱਥੇ ਹੁਣ ਕੋਈ ਰਹਿਣਾ ਨਹੀਂ ਚਾਹੁੰਦਾ ਪਰ ਮੁਸ਼ਕਲ ਇਹ ਹੈ ਕਿ ਮਕਾਨ ਅੱਧੀ ਕੀਮਤ ਤੇ ਵੀ ਨਹੀਂ ਵਿਕ ਰਹੇ। ਜਿਨ੍ਹਾਂ ਕੋਲ ਸਮਰੱਥਾ ਸੀ, ਉਹ ਦੂਜੇ ਇਲਾਕਿਆਂ ’ਚ ਚਲੇ ਗਏ ਹਨ ਪਰ ਇਸ ਇਲਾਕੇ ’ਚ ਜ਼ਿਆਦਾਤਰ ਲੋਕ ਆਰਥਿਕ ਤੌਰ ਤੇ ਇੰਨੇ ਮਜ਼ਬੂਤ ਨਹੀਂ ਹਨ ਕਿ ਇੱਥੋਂ ਮਕਾਨ ਵੇਚਣ ਤੋਂ ਬਿਨਾਂ ਦੂਜੇ ਥਾਂ ਮਕਾਨ ਖਰੀਦ ਸਕਣ। --- ਆਬਾਦੀ ਮੁਕਾਬਲੇ ਬੁਨਿਆਂਢੀ ਢਾਂਚਾ ਕਮਜ਼ੋਰ, ਸਿਆਸਤ ਵੀ ਹਾਵੀ ਲੋਕਾਂ ਨਾਲ ਗੱਲਬਾਤ ਕਰਨ ਲਈ ਪੁੱਜੀ ਜਾਗਰਣ ਟੀਮ ਨੇ ਵਾਰਡ ਨੰਬਰ 2 ਦੇ ਕਾਂਗਰਸੀ ਕੌਂਸਲਰ ਹਰਪ੍ਰੀਤ ਵਾਲੀਆ ਨਾਲ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ’ਚ ਕੋਈ ਸ਼ੱਕ ਨਹੀਂ ਕਿ ਦੂਸ਼ਿਤ ਪਾਣੀ ਦੀ ਸਮੱਸਿਆ ਤੇ ਸੀਵਰੇਜ ਜਾਮ ਨੇ ਉਨ੍ਹਾਂ ਦੇ ਵਾਰਡ ਇਲਾਕੇ ਦੇ ਵੱਡੇ ਹਿੱਸੇ ਦੇ ਲੋਕਾਂ ਦੀ ਜ਼ਿੰਦਗੀ ਪ੍ਰਭਾਵਿਤ ਕੀਤੀ ਹੋਈ ਹੈ। ਕਈ ਘਰ ਤਾਂ ਅਜਿਹੇ ਹਨ ਜਿਨ੍ਹਾਂ ਦੇ ਬਾਹਰ ਇਕ ਸਾਲ ਤੋਂ ਸੀਵਰੇਜ ਦਾ ਪਾਣੀ ਖੜ੍ਹਾ ਹੈ। ਟਿਊਬਵੈੱਲ ਦੀ ਘੱਟ ਸਮਰੱਥਾ ਕਾਰਨ ਵੀ ਦੂਸ਼ਿਤ ਪਾਣੀ ਦੀ ਸਪਲਾਈ ਹੋ ਰਹੀ ਹੈ। ਇਲਾਕੇ ’ਚ ਪਾਣੀ ਤੇ ਸੀਵਰੇਜ ਦੀ ਪਾਈਪ ਲਾਈਨ ਛੋਟੀ ਹੈ, ਜਦਕਿ ਆਬਾਦੀ ਕਾਫੀ ਵਧ ਗਈ ਹੈ ਤੇ ਇਸ ਕਾਰਨ ਵੀ ਦੂਸ਼ਿਤ ਪਾਣੀ ਤੇ ਸੀਵਰੇਜ ਜਾਮ ਦੀ ਸਮੱਸਿਆ ਹੈ। ਇਸ ਇਲਾਕੇ ’ਚ ਸਮੱਸਿਆ ਨੂੰ ਦੂਰ ਕਰਨ ਲਈ ਨਗਰ ਨਿਗਮ ਨੂੰ ਪੂਰੀ ਤਰ੍ਹਾਂ ਫੋਕਸ ਕਰਨਾ ਹੋਵੇਗਾ ਪਰ ਕਈ ਵਾਰ ਮੇਅਰ-ਕਮਿਸ਼ਨਰ ਨੂੰ ਮਿਲਣ ਦੇ ਬਾਵਜੂਦ ਲੋਕਾਂ ਦੇ ਕੰਮ ਨਹੀਂ ਹੋ ਰਹੇ। ਵਾਲੀਆ ਨੇ ਕਿਹਾ ਕਿ ਉਹ ਇਸ ਸਮੱਸਿਆ ਨੂੰ ਦੂਰ ਕਰਨ ਲਈ ਇਕ ਸਾਲ ਤੋਂ ਕੋਸ਼ਿਸ਼ ਕਰ ਰਹੇ ਹਨ। ਨਵਾਂ ਡਿਸਪੋਜ਼ਲ ਲਾਉਣ ਲਈ ਨਗਰ ਨਿਗਮ ਦਾ ਟੈਂਡਰ ਸਿਰੇ ਨਹੀਂ ਚੜ੍ਹ ਰਿਹਾ, ਕਿਉਂਕਿ ਮਾਰਕੀਟ ’ਚ ਮਟੀਰੀਅਲ ਦੇ ਰੇਟ ਟੈਂਡਰ ਦੇ ਅੰਦਾਜ਼ੇ ਮੁਕਾਬਲੇ ਕਾਫੀ ਜ਼ਿਆਦਾ ਹਨ। ਇਹ ਕੰਮ ਲਗਪਗ 49 ਲੱਖ ਦਾ ਹੈ। ਵਿਧਾਇਕ ਬਾਵਾ ਹੈਨਰੀ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਉਹ ਨਗਰ ਨਿਗਮ ਨੂੰ 49 ਲੱਖ ਰੁਪਏ ਦੇਣ ਲਈ ਤਿਆਰ ਹਨ, ਡਿਸਪੋਜ਼ਲ ਦਾ ਕੰਮ ਜਲਦੀ ਸ਼ੁਰੂ ਹੋਣਾ ਚਾਹੀਦਾ ਹੈ। ਕੌਂਸਲਰ ਦਾ ਦਾਅਵਾ ਹੈ ਕਿ ਉਹ ਕਾਂਗਰਸ ਤੋਂ ਹਨ ਇਸ ਲਈ ਹਾਕਮ ਧਿਰ ਦੇ ਆਗੂ ਉਨ੍ਹਾਂ ਦੇ ਵਾਰਡ ’ਚ ਜਾਣਬੁੱਝ ਕੇ ਕੰਮ ਨਹੀਂ ਹੋਣ ਦੇ ਰਹੇ। ਕੌਂਸਲਰ ਦਾ ਦਾਅਵਾ ਹੈ ਕਿ ਇਲਾਕੇ ’ਚ ਸੁਪਰ ਸੱਕਸ਼ਨ ਮਸ਼ੀਨ ਦਾ ਕੰਮ ਮਨਜ਼ੂਰ ਹੋਇਆ। ਇਸ ਕੰਮ ਦਾ ਬਿੱਲ ਵੀ ਪਾਸ ਹੋ ਗਿਆ ਪਰ ਕੰਮ 10 ਫ਼ੀਸਦੀ ਵੀ ਨਹੀਂ ਕੀਤਾ ਗਿਆ।