ਐੱਚਐੱਮਵੀ ਨਾਰੀ ਸਸ਼ਕਤੀਕਰਨ ਲਈ ਵਚਨਬੱਧ : ਡਾ. ਖੋਸਲਾ
ਐੱਚਐੱਮਵੀ ’ਚ ਰਾਸ਼ਟਰੀ ਮਹਿਲਾ ਕਮਿਸ਼ਨ ਤੇ ਯੁਵਾ ਮੰਥਨ ਵੱਲੋਂ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ
Publish Date: Sat, 06 Dec 2025 07:03 PM (IST)
Updated Date: Sat, 06 Dec 2025 07:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਐੱਚਐੱਮਵੀ ’ਚ ਪ੍ਰਿੰਸੀਪਲ ਪ੍ਰੋ. ਏਕਤਾ ਖੋਸਲਾ ਦੀ ਰਹਿਨੁਮਾਈ ਹੇਠ ਰਾਸ਼ਟਰੀ ਮਹਿਲਾ ਕਮਿਸ਼ਨ ਤੇ ਯੁਵਾ ਮੰਥਨ ਦੇ ਸਹਿਯੋਗ ਨਾਲ ਮਹਿਲਾ ਸੁਰੱਖਿਆ, ਸਸ਼ਕਤੀਕਰਨ, ਜਿਨਸੀ ਸ਼ੋਸ਼ਣ ਤੇ ਸਾਈਬਰ ਕ੍ਰਾਈਮ ਜਾਗਰੂਕਤਾ ’ਤੇ ਇਕ ਰੋਜ਼ਾ ਰਾਸ਼ਟਰੀ ਸੈਮੀਨਾਰ ਕਰਵਾਇਆ। ਸੈਮੀਨਾਰ ਦੀ ਅਗਵਾਈ ਆਈਸੀਸੀ ਕਮੇਟੀ ਨੇ ਡਾ. ਅੰਜਨਾ ਭਾਟੀਆ ਤੇ ਪ੍ਰੋਤਿਮਾ ਮੰਡੇਰ ਦੇ ਸਹਿਯੋਗ ਨਾਲ ਕੀਤੀ। ਮੁੱਖ ਮਹਿਮਾਨ ਰਾਮ ਅਵਤਾਰ (ਰਾਸ਼ਟਰੀ ਮਹਿਲਾ ਕਮਿਸ਼ਨ), ਵਿਸ਼ੇਸ਼ ਮਹਿਮਾਨ ਨਵਦੀਪ ਕੌਰ (ਏਡੀਸੀ ਰੂਰਲ) ਤੇ ਸਨਾ ਕੌਸ਼ਲ (ਮੀਡੀਆ ਹੈੱਡ, ਐੱਨਸੀਡਬਲਯੂ) ਸਨ। ਜਸਟਿਸ (ਰਿ.) ਐੱਨਕੇ ਸੂਦ ਗੈਸਟ ਆਫ਼ ਆਨਰ ਵਜੋਂ ਹਾਜ਼ਰ ਰਹੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਕਿਹਾ ਕਿ ਐੱਚਐੱਮਵੀ ਪਿਛਲੇ 100 ਸਾਲਾਂ ਤੋਂ ਨਾਰੀ ਸਸ਼ਕਤੀਕਰਨ ਲਈ ਪ੍ਰਤੀਬੱਧ ਹੈ ਤੇ ਇਹ ਸੈਮੀਨਾਰ ‘ਵਿਕਸਿਤ ਭਾਰਤ 2047’ ਦੇ ਵਿਜ਼ਨ ਨੂੰ ਮਜ਼ਬੂਤ ਕਰਦਾ ਹੈ। ਜਸਟਿਸ ਸੂਦ ਨੇ ਜਿਨਸੀ ਸ਼ੋਸ਼ਣ ਦੇ ਕੇਸਾਂ ’ਚ ਬੇਝਿਜਕ ਅੱਗੇ ਆਉਣ ਦੀ ਲੋੜ ’ਤੇ ਜ਼ੋਰ ਦਿੱਤਾ। ਰਾਮ ਅਵਤਾਰ ਨੇ ਐੱਨਸੀਡਬਲਯੂ ਤੇ ਯੁਵਾ ਮੰਥਨ ਦੀਆਂ ਪਹਿਲਕਦਮੀਆਂ ਲਿੰਗ ਸਮਾਨਤਾ, ਸਾਈਬਰ ਸੁਰੱਖਿਆ ਤੇ ਸੁਰੱਖਿਅਤ ਕੈਂਪਸ ਬਾਰੇ ਜਾਣਕਾਰੀ ਦਿੱਤੀ। ਸਨਾ ਕੌਸ਼ਲ ਨੇ 2013 ਦੇ ਪੀਓਐੱਸਐੱਚ ਐਕਟ ਤੇ ‘ਕੈਂਪਸ ਕਾਲਿੰਗ’ ਮੁਹਿੰਮ ਬਾਰੇ ਵਿਸਥਾਰ ਨਾਲ ਦੱਸਿਆ ਤੇ ਹਰ ਸੰਸਥਾ ’ਚ ਆਈਸੀਸੀ ਸੈੱਲ ਬਣਾਉਣ ਲਈ ਪ੍ਰੇਰਿਤ ਕੀਤਾ। ਕਾਲਜ ਨੇ 5 ਵਿਦਿਆਰਥਣਾਂ ਹਿਮਾਂਸ਼ੀ, ਪਾਹੁਲ ਜੱਬਲ, ਕਿਰਨ, ਮੋਹਿਨੀ ਤੇ ਕਮਲਪ੍ਰੀਤ ਨੂੰ ਪੀਓਐੱਸਐੱਚ ਅੰਬੈਸਡਰ ਨਿਯੁਕਤ ਕੀਤਾ। ਸੰਗੀਤ ਵਿਭਾਗ ਨੇ ਨਾਰੀ ਸਸ਼ਕਤੀਕਰਨ ’ਤੇ ਗੀਤ ਤੇ ਲੁੱਡੀ ਪੇਸ਼ ਕੀਤੀ। ਧੰਨਵਾਦ ਪ੍ਰੋਤਿਮਾ ਮੰਡੇਰ ਨੇ ਅਦਾ ਕੀਤਾ ਤੇ ਮੰਚ ਸੰਚਾਲਨ ਡਾ. ਅੰਜਨਾ ਭਾਟੀਆ ਨੇ ਕੀਤਾ। ਸੈਮੀਨਾਰ ਦਾ ਸਮਾਪਨ ਰਾਸ਼ਟਰੀ ਗਾਨ ਨਾਲ ਕੀਤਾ ਗਿਆ। ਸਮਾਗਮ ’ਚ ਕਾਲਜ ਦੇ ਡੀਨਜ਼, ਅਧਿਆਪਕ ਤੇ ਨਾਨ-ਟੀਚਿੰਗ ਸਟਾਫ ਹਾਜ਼ਰ ਰਿਹਾ।