ਆਦਰਸ਼ ਨਗਰ–ਜੇਪੀ ਨਗਰ ਸਮੇਤ ਸ਼ਹਿਰ ਦੀਆਂ ਅੱਠ ਸੜਕਾਂ ਕਮਰਸ਼ੀਅਲ ਦਾ ਐਲਾਨ, ਨਿਗਮ ਨੂੰ ਮਿਲ ਸਕਦੇ ਹਨ 80 ਕਰੋੜ

ਆਦਰਸ਼ ਨਗਰ–ਜੇਪੀ ਨਗਰ ਮੁੱਖ ਤੌਰ ’ਤੇ ਸ਼ਾਮਲ, ਨਿਗਮ ਨੂੰ ਮਿਲ ਸਕਦੇ ਹਨ 80 ਕਰੋੜ
ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਨਗਰ ਨਿਗਮ ਹਾਊਸ ’ਚ 6 ਰਿਹਾਇਸ਼ੀ ਸਕੀਮਾਂ ਦੀਆਂ 8 ਸੜਕਾਂ ਨੂੰ ਕਮਰਸ਼ੀਅਲ ਐਲਾਨਣ ਦਾ ਪ੍ਰਸਤਾਵ ਪਾਸ ਹੋ ਗਿਆ ਹੈ। ਇਸ ਨਾਲ ਇਨ੍ਹਾਂ ਸੜਕਾਂ ’ਤੇ ਹੋ ਰਹੇ ਗੈਰਕਾਨੂੰਨੀ ਨਿਰਮਾਣ ਰੁਕਣਗੇ ਤੇ ਮਨਜ਼ੂਰਸ਼ੁਦਾ ਕਮਰਸ਼ਲ ਇਮਾਰਤਾਂ ਬਣਣ ਨਾਲ ਨਿਗਮ ਨੂੰ ਵਧੀਆ ਰੈਵਿਨਿਊ ਵੀ ਮਿਲੇਗਾ। ਨਿਗਮ ਇਨ੍ਹਾਂ ਸੜਕਾਂ ’ਤੇ ਬਣੀਆਂ ਕਈ ਗੈਰ-ਕਾਨੂੰਨੀ ਕਮਰਸ਼ੀਅਲ ਇਮਾਰਤਾਂ ਨੂੰ ਰੈਗੂਲਰ ਕਰ ਕੇ ਵੀ ਕਾਫੀ ਆਮਦਨ ਕਰ ਸਕਦਾ ਹੈ। ਉਮੀਦ ਹੈ ਕਿ ਇਨ੍ਹਾਂ ਰਸਤਿਆਂ ਦੇ ਕਮਰਸ਼ੀਅਲ ਐਲਾਨ ਹੋਣ ਨਾਲ ਨਗਰ ਨਿਗਮ ਨੂੰ 80 ਕਰੋੜ ਰੁਪਏ ਤੋਂ ਵੱਧ ਰੈਵੇਨਿਊ ਮਿਲ ਸਕਦਾ ਹੈ। ਮਨਜ਼ੂਰਸ਼ੁਦਾ ਕਮਰਸ਼ੀਅਲ ਇਮਾਰਤਾਂ ’ਚ ਸੜਕ ਤੋਂ ਕੁਝ ਫੁੱਟ ਪਿੱਛੇ ਨਿਰਮਾਣ ਕਰਨਾ ਲਾਜ਼ਮੀ ਹੁੰਦਾ ਹੈ ਤੇ ਪਾਰਕਿੰਗ ਲਈ ਵੀ ਥਾਂ ਛੱਡਣੀ ਪੈਂਦੀ ਹੈ, ਇਸ ਨਾਲ ਟ੍ਰੈਫ਼ਿਕ ਸਿਸਟਮ ਵੀ ਬਿਹਤਰ ਹੋਵੇਗਾ।
ਨਗਰ ਨਿਗਮ ਨੇ ਸਾਲ 2006 ’ਚ ਵੀ 14 ਸੜਕਾਂ ਨੂੰ ਕਮਰਸ਼ੀਅਲ ਕੀਤਾ ਸੀ। ਇਸ ਤੋਂ ਇਲਾਵਾ ਨਿਗਮ ਨੇ ਸ਼ਹਿਰ ਦੇ ਕੋਰ ਏਰੀਆ ਨਾਲ ਜੁੜੀਆਂ ਸੜਕਾਂ ਨੂੰ ਕਮਰਸ਼ੀਅਲ ਐਲਾਨ ਕਰਨ ਦਾ ਪ੍ਰਸਤਾਵ ਬਣਾ ਕੇ ਲੋਕਲ ਬਾਡੀ ਡਿਪਾਰਟਮੈਂਟ ਨੂੰ ਭੇਜਿਆ ਹੈ, ਜੋ ਜਲਦੀ ਮਨਜ਼ੂਰ ਹੋ ਸਕਦਾ ਹੈ। ਨਿਗਮ ਨੇ ਜਿਨ੍ਹਾਂ ਸੜਕਾਂ ਨੂੰ ਕਮਰਸ਼ੀਅਲ ਐਲਾਨ ਕੀਤਾ ਹੈ, ਉਨ੍ਹਾਂ ’ਤੇ ਕਾਫੀ ਕਮਰਸ਼ੀਅਲ ਇਮਾਰਤਾਂ ਪਹਿਲਾਂ ਹੀ ਬਣ ਚੁੱਕੀਆਂ ਹਨ। ਕਮਰਸ਼ੀਅਲ ਇਮਾਰਤਾਂ ਲਈ ਸੜਕ 60 ਫੁੱਟ ਚੌੜੀ ਹੋਣੀ ਜਰੂਰੀ ਹੈ ਪਰ ਇਹ ਸੜਕਾਂ ਇਸ ਤੋਂ ਘੱਟ ਚੌੜੀਆਂ ਹਨ, ਜਿਸ ਕਰ ਕੇ ਮਨਜ਼ੂਰੀ ਨਹੀਂ ਮਿਲਦੀ ਸੀ। ਹੁਣ ਬਿਨਾਂ ਮਨਜ਼ੂਰੀ ਬਣੀਆਂ ਇਮਾਰਤਾਂ ਨੂੰ ਵੀ ਨਿਗਮ ਰੈਗੂਲਰ ਕਰੇਗਾ, ਜਿਸ ਨਾਲ ਪੁਰਾਣੀਆਂ ਤੇ ਨਵੀਆਂ ਦੋਨਾਂ ਇਮਾਰਤਾਂ ਤੋਂ ਨਿਗਮ ਨੂੰ ਰੈਵੇਨਿਊ ਮਿਲੇਗਾ।
ਇਨ੍ਹਾਂ ਸੜਕਾਂ ਨੂੰ ਕਮਰਸ਼ੀਅਲ ਐਲਾਨਿਆ ਗਿਆ
ਵਿਕਾਸ ਸਕੀਮ ਗੁਜਰਾਲ ਨਗਰ ਤਹਿਤ ਮਹਾਵੀਰ ਮਾਰਗ ਤੋਂ ਕੈਨਾਲ ਰੋਡ–ਅਵਤਾਰ ਨਗਰ ਰੋਡ ’ਤੇ ਪਲਾਟ ਨੰਬਰ 7, 8, 17 ਤੋਂ 21 ਤੱਕ ਦੀ ਸੜਕ ਨੂੰ ਕਮਰਸ਼ੀਅਲ ਘੋਸ਼ਿਤ ਕਰਨ ਦਾ ਪ੍ਰਸਤਾਵ ਹਾਊਸ ’ਚ ਪਾਸ ਕੀਤਾ ਗਿਆ ਹੈ। ਇਸ ਰੋਡ ’ਤੇ 75 ਫੀਸਦੀ ਕਮਰਸ਼ੀਅਲ ਇਮਾਰਤਾਂ ਹਨ। ਰੋਡ ਕਮਰਸ਼ੀਅਲ ਹੋਣ ਨਾਲ ਨਿਗਮ ਨੂੰ 3.15 ਕਰੋੜ ਰੁਪਏ ਰੈਵੇਨਿਊ ਮਿਲਣ ਦਾ ਅਨੁਮਾਨ ਹੈ।
ਵਿਕਾਸ ਸਕੀਮ ਆਦਰਸ਼ ਨਗਰ ਤਹਿਤ ਚਿੱਕ-ਚਿੱਕ ਹਾਊਸ ਤੋਂ ਪਲਾਟ ਨੰਬਰ 120 ਤੱਕ। ਇਸ ਰੋਡ ’ਤੇ 60 ਫੀਸਦੀ ਕਮਰਸ਼ੀਅਲ ਇਮਾਰਤਾਂ ਬਣ ਚੁੱਕੀਆਂ ਹਨ। ਕਮਰਸ਼ੀਅਲ ਬਣਨ ’ਤੇ ਨਿਗਮ ਨੂੰ 7.95 ਕਰੋੜ ਰੁਪਏ ਦਾ ਰੈਵੇਨਿਊ ਮਿਲ ਸਕਦਾ ਹੈ।
ਵਿਕਾਸ ਸਕੀਮ ਆਦਰਸ਼ ਨਗਰ ਤਹਿਤ ਕਪੂਰਥਲਾ ਚੌਕ ਤੋਂ ਕਪੂਰਥਲਾ ਰੋਡ ’ਤੇ ਪਲਾਟ ਨੰਬਰ 417 ਤੋਂ 407 ਤੱਕ। 60 ਫੀਸਦੀ ਕਮਰਸ਼ੀਅਲ ਇਮਾਰਤਾਂ ਹਨ। ਨਿਗਮ ਨੂੰ ਸੀਐੱਲਯੂ ਤੋਂ 5.92 ਕਰੋੜ ਰੁਪਏ ਦਾ ਰੈਵੇਨਿਊ ਮਿਲ ਸਕਦਾ ਹੈ।
ਵਿਕਾਸ ਸਕੀਮ ਜੇਪੀ ਨਗਰ ’ਚ ਗੁਰਦੁਆਰਾ ਸਾਹਿਬ ਆਦਰਸ਼ ਨਗਰ ਤੋਂ ਹਰਬੰਸ ਨਗਰ ਰੋਡ ਤੱਕ 40 ਫੁੱਟ ਚੌੜੀ ਤੇ 1768 ਫੁੱਟ ਲੰਬੀ ਸੜਕ। ਇੱਥੇ 65 ਫੀਸਦੀ ਕਮਰਸ਼ੀਅਲ ਇਮਾਰਤਾਂ ਹਨ। ਨਗਰ ਨਿਗਮ ਨੂੰ 18.14 ਕਰੋੜ ਰੁਪਏ ਮਿਲ ਸਕਦੇ ਹਨ।
ਵਿਕਾਸ ਸਕੀਮ ਜੇਪੀ ਨਗਰ ’ਚ ਗੁਰਦੁਆਰਾ ਸਾਹਿਬ ਆਦਰਸ਼ ਨਗਰ ਤੋਂ ਝੰਡੀਆਂਵਾਲਾ ਪੀਰ ਤੱਕ ਦੀ ਰੋਡ ’ਤੇ 70 ਫੀਸਦੀ ਕਮਰਸ਼ੀਅਲ ਇਮਾਰਤਾਂ ਹਨ। 720 ਫੁੱਟ ਲੰਬੀ ਇਹ ਰੋਡ ਕਮਰਸ਼ੀਅਲ ਹੋਣ ’ਤੇ 16.41 ਕਰੋੜ ਰੁਪਏ ਰੈਵੇਨਿਊ ਮਿਲਣ ਦਾ ਅਨੁਮਾਨ ਹੈ।
ਟੀਪੀ ਸਕੀਮ ਸੀਡੀ ਤਿਵਾਰੀ–ਨਿਊ ਕਾਲੋਨੀ, ਅਗਰਵਾਲ ਢਾਬੇ ਦੇ ਪਿੱਛੇ 625 ਫੁੱਟ ਲੰਬੀ ਸੜਕ। 90 ਫੀਸਦੀ ਕਮਰਸ਼ੀਅਲ ਇਮਾਰਤਾਂ ਹਨ। ਨਿਗਮ ਨੂੰ 10.96 ਕਰੋੜ ਰੁਪਏ ਰੈਵੇਨਿਊ ਮਿਲ ਸਕਦਾ ਹੈ।
ਵਿਕਾਸ ਸਕੀਮ ਮਾਸਟਰ ਤਾਰਾ ਸਿੰਘ ਨਗਰ ’ਚ ਕਮਲ ਪੈਲੇਸ ਚੌਕ ਤੋਂ ਡੀਸੀ ਦਫ਼ਤਰ ਰੋਡ ’ਤੇ ਪਲਾਟ ਨੰਬਰ 350 ਤੋਂ 312 ਤੱਕ। ਇਸ ਤੋਂ ਨਿਗਮ ਨੂੰ ਵੱਡਾ ਵਿੱਤੀ ਲਾਭ ਹੋਣ ਦੀ ਉਮੀਦ ਹੈ।
ਵਿਕਾਸ ਸਕੀਮ ਮੋਤਾ ਸਿੰਘ ਨਗਰ ’ਚ ਨੂਰਮਹਲ ਰੋਡ ਤੋਂ ਰੇਲਵੇ ਲਾਈਨ ਅਤੇ ਨਕੋਦਰ, ਕੂਲ ਰੋਡ ਪੈਪੋ ਚੌਕ ਤੋਂ ਲਿਬਰਟੀ ਚੌਕ ਤੱਕ। ਕਮਰਸ਼ੀਅਲ ਮਨਜ਼ੂਰੀ ਮਿਲਣ ’ਤੇ ਨਿਗਮ ਨੂੰ 10.89 ਕਰੋੜ ਰੁਪਏ ਰੈਵੇਨਿਊ ਮਿਲ ਸਕਦਾ ਹੈ।