ਗੇਟ ਲਾਉਣ ’ਤੇ ਨਿਗਮ ਨੇ ਨੋਟਿਸ ਜਾਰੀ ਕੀਤਾ
ਗੁਰੂ ਗੋਬਿੰਦ ਸਿੰਘ ਐਵੀਨਿਊ ’ਚ ਗੇਟ ਲਗਾਉਣ ’ਤੇ ਨਗਰ ਨਿਗਮ ਨੇ ਨੋਟਿਸ ਜਾਰੀ ਕੀਤਾ
Publish Date: Mon, 08 Dec 2025 10:18 PM (IST)
Updated Date: Mon, 08 Dec 2025 10:21 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੇਟ ਲਾ ਕੇ ਕਾਲੋਨੀ ਦੇ ਰਸਤੇ ਬੰਦ ਕਰਨ ਦੇ ਮਾਮਲੇ ’ਚ ਨਗਰ ਨਿਗਮ ਨੇ ਪਹਿਲੀ ਵਾਰ ਕਾਰਵਾਈ ਕੀਤੀ ਹੈ। ਗੁਰੂ ਗੋਬਿੰਦ ਸਿੰਘ ਐਵੀਨਿਊ ’ਚ ਲਾਏ ਗਏ ਗੇਟਾਂ ਨੂੰ ਲੈ ਕੇ ਨਗਰ ਨਿਗਮ ਨੇ ਨੋਟਿਸ ਜਾਰੀ ਕੀਤਾ ਹੈ ਤੇ ਕਾਲੋਨੀ ਦੇ ਲੋਕਾਂ ਤੋਂ ਜਵਾਬ ਮੰਗਿਆ ਹੈ। ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਏਟੀਪੀ ਨੇ ਗੇਟਾਂ ਦੇ ਮਾਮਲੇ ’ਚ ਭੇਜੇ ਗਏ ‘ਕਾਰਨ ਦੱਸੋ’ ਨੋਟਿਸ ’ਚ ਕਿਹਾ ਹੈ ਕਿ ਸ਼ਿਕਾਇਤ ਮਿਲੀ ਹੈ ਕਿ ਗੁਰੂ ਗੋਬਿੰਦ ਸਿੰਘ ਐਵੇਨਿਊ ਕਾਲੋਨੀ ਦੀਆਂ ਗਲੀਆਂ ’ਚ ਗੈਰ-ਕਾਨੂੰਨੀ ਤਰੀਕੇ ਨਾਲ ਗੇਟ ਲਾਏ ਗਏ ਹਨ, ਜੋ ਬਿਲਡਿੰਗ ਬਾਇਲਾਜ਼ ਦੀ ਉਲੰਘਣਾ ਹੈ। ਨਿਗਮ ਨੇ ਇਸ ਪੱਤਰ ਰਾਹੀਂ ਦਿਸ਼ਾ-ਨਿਰਦੇਸ਼ ਦਿੱਤੇ ਹਨ ਕਿ ਜੇ ਉਨ੍ਹਾਂ ਨੇ ਨਗਰ ਨਿਗਮ ਜਲੰਧਰ ਤੋਂ ਕਿਸੇ ਵੀ ਤਰ੍ਹਾਂ ਦੀ ਪ੍ਰਵਾਨਗੀ ਲਈ ਹੈ ਤਾਂ ਉਸਦੇ ਦਸਤਾਵੇਜ਼ ਇਸ ਪੱਤਰ ਦੇ ਜਾਰੀ ਹੋਣ ਦੇ ਤਿੰਨ ਦਿਨਾਂ ਦੇ ਅੰਦਰ ਨਿਗਮ ’ਚ ਜਮ੍ਹਾਂ ਕਰਵਾਓ। ਅਜਿਹਾ ਨਾ ਕਰਨ ’ਤੇ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ, 1976 ਦੇ ਸੈਕਸ਼ਨ 246-ਏ ਅਧੀਨ ਕਾਰਵਾਈ ਕੀਤੀ ਜਾਵੇਗੀ, ਜਿਸ ਦਾ ਖਰਚਾ ਲੋਕਾਂ ਨੂੰ ਭੁਗਤਣਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਕੁਝ ਲੋਕਾਂ ਨੇ ਕਾਰਪੋਰੇਸ਼ਨ ਨੂੰ ਸ਼ਿਕਾਇਤ ਦਿੱਤੀ ਸੀ ਕਿ ਲਾਏ ਗਏ ਗੇਟਾਂ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਤੇ ਗੇਟ ਬੰਦ ਹੋਣ ਕਾਰਨ ਉਹ ਦੂਜੀਆਂ ਕਾਲੋਨੀਆਂ ’ਚ ਨਹੀਂ ਜਾ ਸਕਦੇ। ਗੁਰੂ ਗੋਬਿੰਦ ਸਿੰਘ ਐਵੇਨਿਊ ’ਚ ਕਈ ਗੇਟ ਲਗਾਏ ਗਏ ਹਨ ਤੇ ਇਸ ਨੂੰ ਲੈ ਕੇ ਲੰਮੇ ਸਮੇਂ ਤੋਂ ਵਿਵਾਦ ਚੱਲ ਰਿਹਾ ਹੈ। ਸ਼ਹਿਰ ’ਚ ਲੋਕਾਂ ਨੇ ਸੁਰੱਖਿਆ ਦੇ ਮੱਦੇਨਜ਼ਰ ਆਪੋ-ਆਪਣੀ ਕਾਲੋਨੀ ਦੀ ਐਂਟਰੀ ’ਤੇ ਗੇਟ ਲਗਾ ਦਿੱਤੇ ਹਨ। ਮਾਡਲ ਟਾਊਨ ’ਚ ਗੇਟ ਲਾਉਣ ਦਾ ਮਾਮਲਾ ਤਾਂ ਕੋਰਟ ਤੱਕ ਪੁੱਜ ਗਿਆ ਸੀ। ਆਦਰਸ਼ ਨਗਰ ’ਚ ਵੀ ਗੇਟ ਲਾਉਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ ਤੇ ਨਗਰ ਨਿਗਮ ਦੇ ਦਖਲ ਦੇ ਬਾਅਦ ਇੱਥੇ ਗੇਟ ਲਗਾਉਣ ਦਾ ਕੰਮ ਰੋਕਿਆ ਗਿਆ ਸੀ। ਸ਼ਹਿਰ ’ਚ ਹੋਰ ਵੀ ਕਈ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਜਿੱਥੇ ਐਂਟਰੀ ਗੇਟ ਨੂੰ ਲੈ ਕੇ ਲੋਕਾਂ ’ਚ ਵਿਵਾਦ ਉਭਰਿਆ।