ਕੂੜਾ ਪ੍ਰਬੰਧਨ ਦੇ 143 ਕਰੋੜ ਦੇ ਪ੍ਰਾਜੈਕਟ ਦੇ ਵਿਰੋਧ ’ਚ ਨਗਰ ਨਿਗਮ ਮੁੱਖ ਦਫ਼ਤਰ ਬੰਦ, ਮੇਅਰ-ਕਮਿਸ਼ਨਰ ਹਾਊਸ ਦਾ ਘਿਰਾਓ
ਕੂੜਾ ਪ੍ਰਬੰਧਨ ਦੇ 143 ਕਰੋੜ ਦੇ ਪ੍ਰਾਜੈਕਟ ਦੇ ਵਿਰੋਧ ’ਚ ਨਗਰ ਨਿਗਮ ਮੁੱਖ ਦਫ਼ਤਰ ਬੰਦ, ਮੇਅਰ-ਕਮਿਸ਼ਨਰ ਹਾਊਸ ਦਾ ਘਿਰਾਓ
Publish Date: Mon, 24 Nov 2025 08:53 PM (IST)
Updated Date: Mon, 24 Nov 2025 08:55 PM (IST)

-ਮੇਅਰ ਵੱਲੋਂ ਟੈਂਡਰ ਖੋਲ੍ਹਣ ਦੀ ਤਰੀਕ 10 ਦਿਨ ਟਾਲਣ ’ਤੇ ਧਰਨਾ ਖ਼ਤਮ, 28 ਨਵੰਬਰ ਨੂੰ ਯੂਨੀਅਨਾਂ ਕਰਨਗੀਆਂ ਪੂਰੇ ਪੰਜਾਬ ’ਚ ਹੜਤਾਲ ਦਾ ਫ਼ੈਸਲਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸ਼ਹਿਰ ’ਚ ਕੂੜਾ ਪ੍ਰਬੰਧਨ ਦੇ 143 ਕਰੋੜ ਰੁਪਏ ਦੇ ਪ੍ਰਾਜੈਕਟ ਦੇ ਵਿਰੋਧ ’ਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਤੇ ਇਸ ਨਾਲ ਜੁੜੀਆਂ ਯੂਨੀਅਨਾਂ ਨੇ ਸੋਮਵਾਰ ਨੂੰ ਪੂਰਾ ਕੰਮਕਾਜ ਠੱਪ ਕਰ ਦਿੱਤਾ। 24 ਨਵੰਬਰ ਨੂੰ 143 ਕਰੋੜ ਦੇ ਪ੍ਰਾਜੈਕਟ ਦੇ ਦੋ ਟੈਂਡਰ ਖੋਲ੍ਹੇ ਜਾਣੇ ਸਨ। ਸਵੇਰੇ ਹੀ ਯੂਨੀਅਨਾਂ ਨੇ ਮੇਅਰ-ਕਮਿਸ਼ਨਰ ਹਾਊਸ ਦੇ ਘਿਰਾਓ ਦੀ ਤਿਆਰੀ ਕਰ ਲਈ ਪਰ ਇਸ ਤੋਂ ਪਹਿਲਾਂ ਹੀ ਨਗਰ ਨਿਗਮ ਮੁੱਖ ਦਫ਼ਤਰ ਨੂੰ ਤਾਲਾ ਲਾ ਕੇ ਬੰਦ ਕਰਵਾ ਦਿੱਤਾ। ਨਿਗਮ ਦੇ ਦੋਵੇਂ ਸ਼ਟਰਾਂ ਦੇ ਸਾਹਮਣੇ ਟ੍ਰੈਕਟਰ-ਟ੍ਰਾਲੀਆਂ ਖੜ੍ਹੀਆਂ ਕਰ ਦਿੱਤੀਆਂ ਗਈਆਂ ਤੇ ਬਾਕੀ ਗੇਟ ਵੀ ਬੰਦ ਕਰਵਾ ਦਿੱਤੇ। ਇਸ ਤੋਂ ਬਾਅਦ ਯੂਨੀਅਨ ਮੈਂਬਰਾਂ ਨੇ ਪਹਿਲਾਂ ਸ਼੍ਰੀ ਰਾਮ ਚੌਕ ’ਚ ਧਰਨਾ ਦਿੱਤਾ ਤੇ ਫਿਰ ਮਾਡਲ ਟਾਊਨ ’ਚ ਮੇਅਰ-ਕਮਿਸ਼ਨਰ ਹਾਊਸ ਤੱਕ ਪੈਦਲ ਮਾਰਚ ਕਰਕੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਨੂੰ ਦੇਖਦੇ ਹੋਏ ਪੁਲਿਸ ਨੇ ਮੇਅਰ ਹਾਊਸ ਦੇ ਨੇੜੇ ਨਾਕਾਬੰਦੀ ਕਰ ਲਈ ਤੇ ਟ੍ਰੈਫਿਕ ਨੂੰ ਵੀ ਡਾਇਵਰਟ ਕਰ ਦਿੱਤਾ। ਯੂਨੀਅਨਾਂ ਨੇ ਨਿਗਮ ਦੀ ਅਰਥੀ ਕੱਢ ਕੇ ਨਾਅਰੇਬਾਜ਼ੀ ਕੀਤੀ। ਯੂਨੀਅਨ ਲੀਡਰ ਸੰਨੀ ਸਹੋਤਾ ਨੇ ਕਿਹਾ ਕਿ ਪੰਜਾਬ ਸਰਕਾਰ ਨਗਰ ਨਿਗਮਾਂ ਚ ਨਿੱਜੀਕਰਨ ਲਾਗੂ ਕਰ ਰਹੀ ਹੈ, ਜੋ ਮੁਲਾਜ਼ਮਾਂ ਦੇ ਅਧਿਕਾਰਾਂ ਦੀ ਉਲੰਘਣਾ ਹੈ। ਜੇ ਇਹ ਟੈਂਡਰ ਰੱਦ ਨਾ ਕੀਤਾ ਗਿਆ ਤਾਂ ਪੰਜਾਬ-ਭਰ ਦੀਆਂ ਯੂਨੀਅਨਾਂ ਸਫਾਈ ਤੇ ਸੀਵਰੇਜ ਨਾਲ ਜੁੜੇ ਸਾਰੇ ਕੰਮ ਠੱਪ ਕਰ ਦੇਣਗੀਆਂ। ਦੁਪਹਿਰ ਕਰੀਬ 12.30 ਵਜੇ ਮੇਅਰ ਵਨੀਤ ਧੀਰ ਤੇ ਕਮਿਸ਼ਨਰ ਸੰਦੀਪ ਰਿਸ਼ੀ ਮੌਕੇ ’ਤੇ ਪੁੱਜੇ ਤੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਮਾਮਲੇ ’ਤੇ ਸਰਕਾਰ ਨਾਲ ਗੱਲ ਕਰਨਗੇ ਤੇ ਫਿਲਹਾਲ ਟੈਂਡਰ ਖੋਲ੍ਹਣ ਦੀ ਤਰੀਕ ਪਾ ਰਹੇ ਹਨ। ਇਸ ਤੋਂ ਬਾਅਦ ਯੂਨੀਅਨਾਂ ਨੇ ਧਰਨਾ ਖਤਮ ਕਰ ਦਿੱਤਾ ਤੇ ਕਰੀਬ ਇਕ ਵਜੇ ਨਿਗਮ ਮੁੱਖ ਦਫ਼ਤਰ ਮੁੜ ਖੁੱਲ੍ਹਿਆ। ਹਾਲਾਂਕਿ ਦਫ਼ਤਰ ਬੰਦ ਰਹਿਣ ਨਾਲ ਬਹੁਤ ਸਾਰੇ ਲੋਕ ਬਿਨਾ ਕੰਮ ਹੋਏ ਵਾਪਸ ਮੁੜੇ। --- 28 ਨੂੰ ਜਲੰਧਰ ’ਚ ਹੋਵੇਗਾ ਪੰਜਾਬ-ਭਰ ਦੀ ਹੜਤਾਲ ਦਾ ਫ਼ੈਸਲਾ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੱਨੀ ਸਹੋਤਾ ਨੇ ਕਿਹਾ ਕਿ ਡੋਰ-ਟੂ-ਡੋਰ ਕੂੜਾ ਇਕੱਠਾ ਦਾ ਕੰਮ 143 ਕਰੋੜ ’ਚ ਨਿੱਜੀ ਕੰਪਨੀਆਂ ਨੂੰ ਦੇਣ ਦੀ ਤਿਆਰੀ ਹੈ। ਇਹ ਕੰਮ ਸਰਕਾਰ ਆਪਣੇ ਚਹੇਤੇ ਠੇਕਾਦਾਰਾਂ ਨੂੰ ਸੌਂਪਣ ਜਾ ਰਹੀ ਹੈ। ਜੇ ਇਹ ਟੈਂਡਰ ਪਾਸ ਕੀਤਾ ਗਿਆ ਤਾਂ ਸਾਰੀ ਯੂਨੀਅਨਾਂ ਹੜਤਾਲ ’ਤੇ ਚੱਲੀਆਂ ਜਾਣਗੀਆਂ। 28 ਨਵੰਬਰ ਨੂੰ ਜਲੰਧਰ ਨਗਰ ਨਿਗਮ ਕੰਪਲੈਕਸ ’ਚ ਸਾਰੀਆਂ ਯੂਨੀਅਨਾਂ ਦੀ ਮੀਟਿੰਗ ਸੱਦੀ ਗਈ ਹੈ, ਜਿੱਥੇ ਪੰਜਾਬ ਦੇ ਸਾਰੇ ਨਗਰ ਨਿਗਮ, ਨਗਰ ਕੌਂਸਲਾਂ ਤੇ ਪੰਚਾਇਤਾਂ ਦੇ ਨੁਮਾਇੰਦਿਆਂ ਵੱਲੋਂ ਹੜਤਾਲ ਬਾਰੇ ਅੰਤਿਮ ਫ਼ੈਸਲਾ ਹੋਵੇਗਾ। ਹੜਤਾਲ ਹੋਈ ਤਾਂ ਸਾਰੇ ਪੰਜਾਬ ’ਚ ਕੂੜਾ ਲਿਫਟਿੰਗ, ਸੀਵਰੇਜ, ਸਫਾਈ, ਵਾਟਰ ਸਪਲਾਈ, ਫਿਟਰ-ਕੁੱਲੀ, ਫਾਇਰ ਬ੍ਰਿਗੇਡ, ਮਾਲੀ-ਬੇਲਦਾਰ ਆਦਿ ਸਾਰਾ ਕੰਮ ਠੱਪ ਹੋ ਜਾਵੇਗਾ। ਧਰਨੇ ’ਚ ਪਵਨ ਅਗਨੀਹੋਤਰੀ, ਪਵਨ ਬਾਬਾ, ਅਸ਼ੋਕ ਭੀਲ, ਸੱਨੀ ਸੈਠੀ, ਗੌਰਵ ਗਿੱਲ, ਹੀਰੋ ਸਭਰਵਾਲ, ਅਨਿਲ ਸਭਰਵਾਲ, ਛੋਟਾ ਰਾਜੂ, ਅਮਰ ਕਲਿਆਣ, ਕਰਣ ਠਾਪਰ, ਵਿੱਕੀ ਸਹੋਤਾ, ਸਿਕੰਦਰ ਗਿੱਲ, ਹਰਜੀਤ ਬੋਬੀ, ਰਜਿੰਦਰ ਸਭਰਵਾਲ, ਨੋਨਾ ਪ੍ਰਧਾਨ, ਰਾਜਨ ਨਾਹਰ, ਵਿਜੈ ਸੋੰਧੀ, ਸਤਨਾਮ ਸਿੰਘ, ਹੀਰਾ ਲਾਲ, ਨਰੇਸ਼ ਲੱਲਾ, ਪ੍ਰਦੀਪ ਸਰਬਟੇ, ਵਿਨੋਦ ਸਹੋਤਾ, ਸ਼ਾਮ ਲਾਲ ਗਿੱਲ ਸਣੇ ਕਈ ਆਗੂ ਮੌਜੂਦ ਰਹੇ। --- ਯੂਨੀਅਨਾਂ ਦੇ ਦੂਜੇ ਗਰੁੱਪ ਨੇ ਕੀਤੀ ਕੂੜਾ ਲਿਫਟਿੰਗ ਉੱਧਰ ਨਗਰ ਨਿਗਮ ਦੀਆਂ ਦੂਜੀਆਂ ਯੂਨੀਅਨਾਂ ਨੇ ਰੁਟੀਨ ਵਾਂਗ ਕੰਮ ਕੀਤਾ ਤੇ ਸ਼ਹਿਰ ’ਚ ਕੂੜਾ ਲਿਫਟਿੰਗ ਜਾਰੀ ਰੱਖੀ। ਬੰਟੂ ਸੱਭਰਵਾਲ ਤੇ ਸ਼ੰਮੀ ਲੂਥਰ ਦੀ ਅਗਵਾਈ ਵਾਲੀਆਂ ਯੂਨੀਅਨਾਂ ਨੇ ਆਦਰਸ਼ ਨਗਰ ਚੌਪਾਟੀ, ਮੱਛੀ ਮਾਰਕੀਟ ਸਮੇਤ ਸਾਰੇ ਮੁੱਖ ਡੰਪਾਂ ਤੋਂ ਕੂੜਾ ਉਠਵਾਇਆ। ਇਸ ਨਾਲ ਸ਼ਹਿਰ ਦੀ ਸਫਾਈ ਵਿਵਸਥਾ ’ਤੇ ਵੱਡਾ ਅਸਰ ਨਹੀਂ ਪਿਆ।