ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਮੱਠੀ ਰਫ਼ਤਾਰ ਨਾਲ ਸ਼ੁਰੂਆਤ

ਤਸਵੀਰਾਂ ਹਿੰਦੀ ਤੋਂ ਹਨ, ਨੰਬਰ: 87, 88, 89, 90, 91
* 179 ਸੀਐੱਸਸੀ ਕੇਂਦਰਾਂ ’ਚ ਪ੍ਰਕਿਰਿਆ ਸ਼ੁਰੂ
* ‘ਆਪ’ ਯੂਥ ਵੱਲੋਂ ਘਰ-ਘਰ ਅਪਾਇੰਟਮੈਂਟ ਪੱਤਰੀਆਂ ਵੰਡੀਆਂ ਜਾ ਰਹੀਆਂ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਨਾਗਰਿਕਾਂ ਨੂੰ 10 ਲੱਖ ਰੁਪਏ ਤੱਕ ਦੀ ਕੈਸ਼ਲੈੱਸ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਪਹਿਲੇ ਦਿਨ ਮੱਠੀ ਰਫ਼ਤਾਰ ਨਾਲ ਹੋਈ। ਯੋਜਨਾ ਅਧੀਨ ਰਜਿਸਟ੍ਰੇਸ਼ਨ ਤੇ ਕਾਰਡ ਬਣਵਾਉਣ ਲਈ ਲੋਕਾਂ ’ਚ ਕਾਫੀ ਉਤਸ਼ਾਹ ਦਿਖਾਈ ਦਿੱਤਾ ਪਰ ਵਿਭਾਗੀ ਤਿਆਰੀਆਂ ਪੂਰੀਆਂ ਨਾ ਹੋਣ ਕਾਰਨ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਿਵਲ ਹਸਪਤਾਲ ਜਲੰਧਰ, ਫਿਲੌਰ ਤੇ ਨਕੋਦਰ ’ਚ ਪਹਿਲੇ ਦਿਨ ਕਾਰਡ ਬਣਾਉਣ ਲਈ ਕੈਂਪ ਸ਼ੁਰੂ ਨਹੀਂ ਹੋ ਸਕੇ। ਜ਼ਿਆਦਾਤਰ ਕੇਂਦਰਾਂ ’ਤੇ ਪ੍ਰਕਿਰਿਆ ਲਈ ਲੁੜੀਂਦਾ ਸਾਮਾਨ ਤੇ ਪੋਸਟਰ-ਬੈਨਰ ਨਾ ਪਹੁੰਚਣ ਕਾਰਨ ਕੰਮ ਸ਼ੁਰੂ ਨਹੀਂ ਹੋ ਪਾਇਆ। ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਦੱਸਿਆ ਕਿ ਯੋਜਨਾ ਦੀ ਸ਼ੁਰੂਆਤ ਮੌਕੇ ਵੀਰਵਾਰ ਨੂੰ ਮੋਹਾਲੀ ’ਚ ਉਦਘਾਟਨੀ ਸਮਾਰੋਹ ਸੀ, ਜਿਸ ਕਾਰਨ ਜ਼ਿਆਦਾਤਰ ਸਟਾਫ ਉਥੇ ਤਾਇਨਾਤ ਰਿਹਾ। ਸਿਵਲ ਹਸਪਤਾਲ ਜਲੰਧਰ, ਨਕੋਦਰ ਤੇ ਫਿਲੌਰ ’ਚ ਚੰਡੀਗੜ੍ਹ ਤੋਂ ਟੀਮਾਂ ਦੀ ਅਲਾਟਮੈਂਟ ਤੋਂ ਬਾਅਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ।
ਕਾਰਡ ਬਣਵਾਉਣ ਲਈ ਲੋਕਾਂ ’ਚ ਖਾਸਾ ਉਤਸ਼ਾਹ
ਸੂਬਾ ਸਰਕਾਰ ਵੱਲੋਂ ਜ਼ਿਲ੍ਹੇ ਭਰ ਦੇ 179 ਕਾਮਨ ਸਰਵਿਸ ਸੈਂਟਰਾਂ ’ਚ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਟੀਚਾ ਰੱਖਿਆ ਗਿਆ ਹੈ ਪਰ ਪਹਿਲੇ ਦਿਨ ਬਹੁਤ ਘੱਟ ਕੇਂਦਰਾਂ ’ਚ ਹੀ ਕੰਮ ਸ਼ੁਰੂ ਹੋ ਸਕਿਆ। ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਪਿੰਡਾਂ ’ਚ ਵੱਧ ਕੇਂਦਰਾਂ ’ਤੇ ਕੰਮ ਸ਼ੁਰੂ ਹੋਇਆ।
* ਸ਼ਹਿਰ ਦੇ ਵਾਰਡ ਨੰਬਰ 70 ’ਚ ਕੌਂਸਲਰ ਜਤਿਨ ਗੁਲਾਟੀ ਦੇ ਦਫ਼ਤਰ ’ਚ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਲਗਪਗ 110 ਲੋਕਾਂ ਵੱਲੋਂ ਆਧਾਰ ਕਾਰਡ ਤੇ ਵੋਟਰ ਕਾਰਡ ਦੀਆਂ ਕਾਪੀਆਂ ਜਮ੍ਹਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਿੱਥੇ ਵੋਟਰ ਕਾਰਡਾਂ ਵਿੱਚ ਖਾਮੀਆਂ ਮਿਲ ਰਹੀਆਂ ਹਨ, ਉਨ੍ਹਾਂ ਨੂੰ ਠੀਕ ਵੀ ਕਰਵਾਇਆ ਜਾ ਰਿਹਾ ਹੈ। ਵਾਰਡ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਘਰ-ਘਰ ਜਾ ਕੇ ਅਪਾਇੰਟਮੈਂਟ ਪੱਤਰੀਆਂ ਤਿਆਰ ਕਰਕੇ ਵੰਡੀਆਂ ਜਾ ਰਹੀਆਂ ਹਨ। ਕੁਝ ਲੋਕਾਂ ਦੀ ਰਜਿਸਟ੍ਰੇਸ਼ਨ ਵੀ ਕਰ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਕੰਮ ਤੇਜ਼ ਹੋਵੇਗਾ।
* ਚਰਨਜੀਤਪੁਰਾ ਵਾਸੀ ਸੁਮੇਸ਼ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਨੂੰ ਦੂਜੇ ਨੰਬਰ ’ਤੇ ਅਪਾਇੰਟਮੈਂਟ ਪੱਤਰੀ ਮਿਲੀ ਹੈ ਅਤੇ ਸ਼ੁੱਕਰਵਾਰ ਨੂੰ ਦੱਸੇ ਗਏ ਸੀਐਸਸੀ ਕੇਂਦਰ ’ਚ ਜਾ ਕੇ ਰਜਿਸਟ੍ਰੇਸ਼ਨ ਕਰਵਾਉਣਗੇ। ਉਨ੍ਹਾਂ ਕਿਹਾ ਕਿ ਕਾਰਡ ਬਣਨ ਨਾਲ ਬਿਮਾਰੀਆਂ ’ਤੇ ਆਉਣ ਵਾਲਾ ਖਰਚ ਬਚੇਗਾ।
* ਬਾਂਸਾ ਬਾਜ਼ਾਰ ਵਾਸੀ ਹਰੀਸ਼ ਕੁਮਾਰ ਨੇ ਪਹਿਲੇ ਸਲਾਟ ਵਿੱਚ ਹੀ ਰਜਿਸਟ੍ਰੇਸ਼ਨ ਹੋਣ ’ਤੇ ਖੁਸ਼ੀ ਜਤਾਈ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਅਰਜ਼ੀ ਦੇਣ ਮਗਰੋਂ ਵੀਰਵਾਰ ਨੂੰ ਹੀ ਉਨ੍ਹਾਂ ਦੀ ਰਜਿਸਟ੍ਰੇਸ਼ਨ ਪੂਰੀ ਹੋ ਗਈ। ਅਪਾਇੰਟਮੈਂਟ ਪ੍ਰਣਾਲੀ ਕਾਰਨ ਸੀਐਸਸੀ ’ਤੇ ਭੀੜ ਨਹੀਂ ਹੋਈ ਅਤੇ ਬਿਨਾਂ ਕਿਸੇ ਰੁਕਾਵਟ ਦੇ ਕਾਰਵਾਈ ਮੁਕੰਮਲ ਹੋਈ। ਕੇਂਦਰ ਮਾਲਕ ਨੇ ਦੋ ਹਫਤਿਆਂ ਵਿੱਚ ਕਾਰਡ ਮਿਲਣ ਦੀ ਗੱਲ ਕਹੀ ਹੈ।
* ਪੀਪਲ ਵਾਲੇ ਚੌਕ ਨੇੜੇ ਰਹਿਣ ਵਾਲੇ ਭੂਪਿੰਦਰ ਸਿੰਘ ਤੇ ਉਨ੍ਹਾਂ ਦੀ ਪਤਨੀ ਪਰਮਜੀਤ ਕੌਰ ਨੇ ਦੱਸਿਆ ਕਿ ਕਾਰਡ ਬਣਵਾਉਣ ਲਈ ਸਾਰੇ ਦਸਤਾਵੇਜ਼ ਇਲਾਕਾ ਕੌਂਸਲਰ ਜਤਿਨ ਗੁਲਾਟੀ ਕੋਲ ਜਾਂਚ ਕਰਵਾ ਦਿੱਤੇ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਪਾਇੰਟਮੈਂਟ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਸੀਐਸਸੀ ਕੇਂਦਰ ’ਚ ਜਾ ਕੇ ਰਜਿਸਟ੍ਰੇਸ਼ਨ ਕਰਵਾ ਲਈ ਜਾਵੇਗੀ। ਉਨ੍ਹਾਂ ਇਸ ਪ੍ਰਕਿਰਿਆ ਦਾ ਸਵਾਗਤ ਕੀਤਾ।
ਪਿੰਡ ਤੇ ਵਾਰਡ ਪੱਧਰ ’ਤੇ ਟੀਮਾਂ ਤਾਇਨਾਤ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਆਮ ਆਦਮੀ ਪਾਰਟੀ ਯੂਥ ਦੋਆਬਾ ਦੇ ਇੰਚਾਰਜ ਗੁਰਵਿੰਦਰ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਵਾਰਡ ਅਤੇ ਪਿੰਡ ਪੱਧਰ ’ਤੇ ਨੌਜਵਾਨਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ, ਜੋ ਘਰ-ਘਰ ਜਾ ਕੇ ਅਪਾਇੰਟਮੈਂਟ ਪੱਤਰੀਆਂ ਤਿਆਰ ਕਰ ਕੇ ਵੰਡ ਰਹੀਆਂ ਹਨ। ਪਹਿਲੇ ਦਿਨ ਉਦਘਾਟਨ ਸਮਾਰੋਹ ਤੇ ਅਪਾਇੰਟਮੈਂਟ ਬਣਾਉਣ ਦਾ ਕੰਮ ਕੀਤਾ ਗਿਆ, ਜਦਕਿ ਸ਼ੁੱਕਰਵਾਰ ਨੂੰ ਟੀਮਾਂ ਪੂਰੇ ਜੋਸ਼ ਨਾਲ ਮੈਦਾਨ ਵਿੱਚ ਉਤਰਣਗੀਆਂ ਤੇ ਸ਼ਨਿਚਰਵਾਰ ਨੂੰ ਕੰਮ ਪੂਰੀ ਰਫ਼ਤਾਰ ਫੜੇਗਾ। ਉਨ੍ਹਾਂ ਦੱਸਿਆ ਕਿ ਮੋਬਾਇਲ ਐਪ ਰਾਹੀਂ ਅਪਾਇੰਟਮੈਂਟ ਪੱਤਰੀ ਤਿਆਰ ਕੀਤੀ ਜਾ ਰਹੀ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਸਰਕਾਰ ਵੱਲੋਂ ਪੂਰਾ ਹੋਮਵਰਕ ਕਰਨ ਮਗਰੋਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ। ਐਪ ’ਚ ਆਧਾਰ ਤੇ ਵੋਟਰ ਕਾਰਡ ਦੀ ਮੈਚਿੰਗ ਕਰ ਕੇ ਜਾਣਕਾਰੀ ਦੀ ਪੁਸ਼ਟੀ ਕੀਤੀ ਜਾਂਦੀ ਹੈ। ਘੋਸ਼ਣਾ ਪੱਤਰ ਭਰਨ ਅਤੇ ਈ-ਆਧਾਰ ਵੈਰੀਫਿਕੇਸ਼ਨ ਤੋਂ ਬਾਅਦ ਰਜਿਸਟ੍ਰੇਸ਼ਨ ਪੂਰੀ ਕੀਤੀ ਜਾਂਦੀ ਹੈ, ਜਿਸ ਨਾਲ ਨਕਲੀ ਅਤੇ ਫਰਜ਼ੀ ਦਸਤਾਵੇਜ਼ਾਂ ਦੀ ਪਛਾਣ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਕੁਝ ਸੀਐਸਸੀ ਕੇਂਦਰ ਕੰਮ ਕਰਨ ਵਿੱਚ ਰੁਚੀ ਨਹੀਂ ਦਿਖਾ ਰਹੇ, ਜਿਨ੍ਹਾਂ ਨੂੰ ਸੂਚੀ ਤੋਂ ਬਾਹਰ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਥਾਂ ਨਵੇਂ ਕੇਂਦਰ ਸ਼ਾਮਲ ਕੀਤੇ ਜਾ ਰਹੇ ਹਨ।
ਘੱਟ ਭੁਗਤਾਨ ਕਾਰਨ ਸੀਐੱਸਸੀ ਧਾਰਕ ਕਰ ਰਹੇ ਨੇ ਕਿਨਾਰਾ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਰਜਿਸਟ੍ਰੇਸ਼ਨ ਤੇ ਕਾਰਡ ਵੰਡਣ ਦੇ ਕੰਮ ਲਈ ਕੁਝ ਕਾਮਨ ਸਰਵਿਸ ਸੈਂਟਰਾਂ ਦੇ ਮਾਲਕ ਘੱਟ ਭੁਗਤਾਨ ਕਾਰਨ ਕੰਮ ਤੋਂ ਕਿਨਾਰਾ ਕਰ ਰਹੇ ਹਨ। ਸੀਐੱਸਸੀ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਕ ਵਿਅਕਤੀ ਦੀ ਰਜਿਸਟ੍ਰੇਸ਼ਨ ਲਈ 4 ਰੁਪਏ ਤੇ ਕਾਰਡ ਤਿਆਰ ਹੋਣ ਮਗਰੋਂ ਪਹੁੰਚਾਉਣ ਲਈ ਪ੍ਰਤੀ ਕਾਰਡ 3 ਰੁਪਏ ਤੈਅ ਕੀਤੇ ਗਏ ਹਨ, ਜੋ ਬਹੁਤ ਘੱਟ ਹਨ। ਕੰਮ ਜ਼ਿਆਦਾ ਤੇ ਭੁਗਤਾਨ ਘੱਟ ਹੋਣ ਕਾਰਨ ਉਹ ਇਸ ਕੰਮ ਲਈ ਸਹਿਮਤੀ ਨਹੀਂ ਦੇ ਰਹੇ। ਇਸ ਸਬੰਧੀ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਹਾਲ ਹੀ ਵਿਚ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਹੋਈ ਮੀਟਿੰਗ ਵਿਚ ਸੀਐੱਸਸੀ ਕੇਂਦਰਾਂ ਨੂੰ 20 ਰੁਪਏ ਤੇ ਕਾਰਡ ਵੰਡਣ ਲਈ 3 ਰੁਪਏ ਦੇਣ ਬਾਰੇ ਗੱਲ ਕੀਤੀ ਗਈ ਹੈ।
ਪਹਿਲੇ ਦਿਨ ਰਜਿਸਟ੍ਰੇਸ਼ਨ ਦੀ ਰਫ਼ਤਾਰ ਰਹੀ ਮੱਠੀ
ਸੂਬੇ ’ਚ 10 ਲੱਖ ਰੁਪਏ ਤੱਕ ਦੀ ਮੁਫ਼ਤ ਸਿਹਤ ਸੇਵਾ ਦੇਣ ਲਈ ਵੀਰਵਾਰ ਨੂੰ ਮੋਹਾਲੀ ’ਚ ਯੋਜਨਾ ਦਾ ਉਦਘਾਟਨ ਕੀਤਾ ਗਿਆ। ਪਰ ਪਹਿਲੇ ਦਿਨ ਜ਼ਿਲ੍ਹੇ ਭਰ ’ਚ ਰਜਿਸਟ੍ਰੇਸ਼ਨ ਦੀ ਰਫ਼ਤਾਰ ਮੱਠੀ ਰਹੀ, ਜਿਸ ਕਾਰਨ ਲੋਕਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪਿੰਡਾਂ ਵਿਚ ਵੀ ਗਿਣਤੀ ਦੇ ਕੇਂਦਰਾਂ ’ਤੇ ਹੀ ਸੇਵਾਵਾਂ ਸ਼ੁਰੂ ਹੋ ਸਕੀਆਂ। ਲੋਕ ਜਾਣਕਾਰੀ ਲਈ ਸਿਹਤ ਵਿਭਾਗ ਦੇ ਦਫ਼ਤਰਾਂ ਦੇ ਗੇੜੇ ਲਗਾਉਂਦੇ ਰਹੇ। ਹਾਲਾਂਕਿ 179 ਕੇਂਦਰਾਂ ’ਚ ਰਜਿਸਟ੍ਰੇਸ਼ਨ ਕਰਨ ਦੀ ਯੋਜਨਾ ਸੀ, ਪਰ ਪਹਿਲੇ ਦਿਨ ਗਿਣਤੀ ਨਾਂ ਮਾਤਰ ਰਹੀ। ਉੱਥੇ ਹੀ ਕੰਪਿਊਟਰ ਆਪ੍ਰੇਟਰਾਂ ਵੱਲੋਂ ਘੱਟ ਭੁਗਤਾਨ ਕਾਰਨ ਨਾਰਾਜ਼ਗੀ ਪ੍ਰਗਟਾਈ ਗਈ ਤੇ ਕਈਆਂ ਨੇ ਕੰਮ ਤੋਂ ਹੱਥ ਖਿੱਚ ਲਿਆ। ਸਿਹਤ ਵਿਭਾਗ ਨੇ ਭੁਗਤਾਨ ਵਧਾਉਣ ਬਾਰੇ ਸਰਕਾਰ ਵੱਲੋਂ ਭਰੋਸਾ ਦਿੱਤਾ ਹੈ।