ਸਿਹਤ ਬੀਮਾ ਯੋਜਨਾ ਪੁਰਾਣੀਆਂ ਗਾਰੰਟੀਆਂ ਵਾਂਗ ਸਿਰਫ਼ ਸ਼ਗੂਫਾ : ਕਾਲੀਆ
ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਪੁਰਾਣੀਆਂ ਗਾਰੰਟੀਆਂ ਵਾਂਗ ਸਿਰਫ਼ ਸ਼ਗੂਫਾ : ਕਾਲੀਆ
Publish Date: Fri, 23 Jan 2026 08:54 PM (IST)
Updated Date: Fri, 23 Jan 2026 08:57 PM (IST)

ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ 65 ਲੱਖ ਪਰਿਵਾਰਾਂ ਲਈ ਲਾਂਚ ਕੀਤੀ ਗਈ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ, ਜਿਸ ਦੇ ਅਧੀਨ ਲਗਪਗ 3 ਕਰੋੜ ਲੋਕਾਂ ਨੂੰ 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ ਕਵਰ ਦੇਣ ਦਾ ਦਾਅਵਾ ਕੀਤਾ ਜਾ ਰਿਹਾ ਹੈ l ਪਹਿਲੀ ਨਜ਼ਰ ’ਚ ਭਾਵੇਂ ਲੋਕ-ਹਿਤੈਸ਼ੀ ਦਿਸਦੀ ਹੈ ਪਰ ਅਸਲ ਵਿੱਚ ਇਹ ਯੋਜਨਾ ਕਈ ਗੰਭੀਰ ਸਵਾਲਾਂ ਨੂੰ ਜਨਮ ਦੇ ਰਹੀ ਹੈ, ਕਿਉਂਕਿ ਸਿਹਤ ਬੀਮਾ ਯੋਜਨਾ ਲਈ ਸਟੇਟ ਹੈਲਥ ਏਜੰਸੀ ਵੱਲੋਂ ਇਕ ਲੱਖ ਰੁਪਏ ਦੀ ਬੀਮਾ ਕਵਰ ਦੇ ਹਿਸਾਬ ਨਾਲ ਪ੍ਰੀਮੀਅਮ ਅਦਾ ਕੀਤਾ ਜਾ ਰਿਹਾ ਹੈ, ਬਾਕੀ ਦੀ 9 ਲੱਖ ਰੁਪਏ ਦੀ ਰਕਮ ਕਿੱਥੋਂ ਲਿਆਂਦੀ ਜਾਵੇਗੀ l ਇਹ ਦੋਸ਼ ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ, ਸਾਬਕਾ ਮੰਤਰੀ ਤੇ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਏ। ਕਾਲੀਆ ਨੇ ਦੱਸਿਆ ਕਿ 2 ਜਨਵਰੀ ਨੂੰ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਹਾਜ਼ਰੀ ’ਚ ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨਾਲ ਇਕ ਐੱਮਓਯੂ ਸਾਈਨ ਕੀਤਾ ਗਿਆ, ਜਿਸ ਅਨੁਸਾਰ ਸਿਰਫ਼ ਇਕ ਲੱਖ ਰੁਪਏ ਦੀ ਬੀਮਾ ਕਵਰ ਲਈ ਪ੍ਰੀਮੀਅਮ ਸਟੇਟ ਹੈਲਥ ਏਜੰਸੀ ਵੱਲੋਂ ਅਦਾ ਕੀਤਾ ਜਾਵੇਗਾ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਸਰਕਾਰ 10 ਲੱਖ ਰੁਪਏ ਤੱਕ ਦੇ ਇਲਾਜ ਦਾ ਦਾਅਵਾ ਕਰ ਰਹੀ ਹੈ ਤਾਂ ਬਾਕੀ 9 ਲੱਖ ਰੁਪਏ ਦੀ ਜ਼ਿੰਮੇਵਾਰੀ ਕੌਣ ਨਿਭਾਏਗਾ, ਇਸ ਬਾਰੇ ਸਰਕਾਰ ਨੇ ਅਜੇ ਤੱਕ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ। ਮਨੋਰੰਜਨ ਕਾਲੀਆ ਨੇ ਪੰਜਾਬ ਦੀ ਮਾਲੀ ਹਾਲਤ ਉੱਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਸੂਬੇ ਉੱਤੇ ਪਹਿਲਾਂ ਹੀ 4.35 ਲੱਖ ਕਰੋੜ ਰੁਪਏ ਤੋਂ ਵੱਧ ਕਰਜ਼ਾ ਚੜ੍ਹ ਚੁੱਕਾ ਹੈ। ਪੀਐੱਸਪੀਸੀਐੱਲ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਦੇ 10,500 ਕਰੋੜ ਰੁਪਏ ਅਜੇ ਤੱਕ ਬਕਾਇਆ ਹਨ। ਇਸ ਤੋਂ ਇਲਾਵਾ ਸਰਕਾਰੀ ਮੁਲਾਜ਼ਮਾਂ ਦਾ ਡੀਏ ਨਹੀਂ ਦਿੱਤਾ ਗਿਆ ਤੇ ਪੀਆਰਟੀਸੀ ਨੂੰ ਵੀ ਸੈਂਕੜੇ ਕਰੋੜ ਰੁਪਏ ਦੇਣੇ ਬਾਕੀ ਹਨ।