ਚੰਨੀ, ਪਰਗਟ ਤੇ ਰਿੰਕੂ ਵੀ ਚੋਣ ਪ੍ਰਚਾਰ ’ਚ ਉਤਰੇ
ਸੰਸਦ ਮੈਂਬਰ ਚਰਨजीਤ ਸਿੰਘ ਚੰਨੀ ਤੇ ਸਾਬਕਾ ਸਾਂਸਦ ਸੁਸ਼ੀਲ ਰਿੰਕੂ ਵੀ ਚੋਣ ਪ੍ਰਚਾਰ ’ਚ ਉਤਰੇ
Publish Date: Thu, 11 Dec 2025 08:24 PM (IST)
Updated Date: Thu, 11 Dec 2025 08:27 PM (IST)

-ਸਾਰੀਆਂ ਪਾਰਟੀਆਂ ਨੇ ਪ੍ਰਚਾਰ ’ਚ ਲਗਾਇਆ ਪੂਰਾ ਜ਼ੋਰ -ਕੈਂਟ ’ਚ ਮੈਡਮ ਥਿਆੜਾ ਨੇ ਸੰਭਾਲੀ ਪ੍ਰਚਾਰ ਦੀ ਕਮਾਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਚਾਰ ਦਾ ਸ਼ੋਰ ਠੱਪ ਹੋ ਜਾਵੇਗਾ। ਉਸ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਪੱਧਰ ’ਤੇ ਪੂਰੀ ਤਾਕਤ ਲਗਾ ਦਿੱਤੀ ਹੈ। ਖ਼ਾਸ ਕਰਕੇ ਕਾਂਗਰਸ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਦਮਪੁਰ ਹਲਕੇ ਦੇ ਪਿੰਡਾਂ ’ਚ ਪਾਰਟੀ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣ ਉਮੀਦਵਾਰਾਂ ਦੇ ਹੱਕ ’ਚ ਮੀਟਿੰਗਾਂ ਕਰਕੇ ਸਮਰਥਨ ਮੰਗਿਆ। ਉਨ੍ਹਾਂ ਨਾਲ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਵੀ ਮੌਜੂਦ ਸਨ। ਦੂਜੇ ਪਾਸੇ, ਭਾਜਪਾ ਵੱਲੋਂ ਹਲਕੇ ’ਚ ਲਗਾਏ ਗਏ ਚੋਣ ਇੰਚਾਰਜਾਂ ਦੇ ਨਾਲ ਦੋ ਦਿਨ ਪਹਿਲਾਂ ਸਾਬਕਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਰਤਾਰਪੁਰ ਹਲਕੇ ਦੇ ਪਿੰਡ ਵਡਾਲਾ ’ਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਕਮੇਟੀ ਉਮੀਦਵਾਰਾਂ ਦੇ ਹੱਕ ’ਚ ਜਨ ਸਭਾ ਕੀਤੀ। ਸੁਸ਼ੀਲ ਰਿੰਕੂ ਨੇ ਸ਼ੁੱਕਰਵਾਰ ਨੂੰ ਵੀ ਕੈਂਟ ਹਲਕੇ ਦੇ ਪਿੰਡ ਜਮਸ਼ੇਰ ਤੇ ਭੋਡੇ ਸਪਰਾਏ ਤੇ ਆਦਮਪੁਰ ਹਲਕੇ ਦੇ ਡਰੋਲੀ ਕਲਾਂ ’ਚ ਪਾਰਟੀ ਉਮੀਦਵਾਰਾਂ ਲਈ ਰੈਲੀਆਂ ਕੀਤੀਆਂ। ਉੱਧਰ ਕੈਂਟ ਹਲਕੇ ’ਚ ਆਮ ਆਦਮੀ ਪਾਰਟੀ ਦੀ ਇੰਚਾਰਜ ਰਾਜਵਿੰਦਰ ਕੌਰ ਥਿਆੜਾ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਕਮੇਟੀ ਉਮੀਦਵਾਰਾਂ ਦੇ ਹੱਕ ’ਚ ਲਗਭਗ ਦਰਜਨ ਪਿੰਡਾਂ ’ਚ ਮੀਟਿੰਗਾਂ ਕੀਤੀਆਂ। ਰਾਜਵਿੰਦਰ ਕੌਰ ਥਿਆੜਾ ਨੇ ਦੱਸਿਆ ਕਿ ਪੂਰੇ ਦਿਨ ’ਚ ਦਾਦੂਵਾਲ, ਕੁੱਕੜ ਪਿੰਡ, ਫੋਲੜੀਵਾਲ, ਚੋਲਾਂਗ ਸਮੇਤ ਹੋਰ ਪਿੰਡਾਂ ’ਚ ਪ੍ਰਚਾਰ ਕੀਤਾ। ਪ੍ਰਚਾਰ ’ਚ ਪਾਰਟੀ ਦੇ ਸੀਨੀਅਰ ਲੀਡਰ ਨਾ ਪਹੁੰਚਣ ਬਾਰੇ ਪੁੱਛੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਜ਼ਿਆਦਾਤਰ ਲੀਡਰ ਆਪਣੇ-ਆਪਣੇ ਹਲਕਿਆਂ ’ਚ ਚੋਣ ਪ੍ਰਚਾਰ ’ਚ ਰੁੱਝੇ ਹਨ, ਇਸ ਕਾਰਨ ਹਲਕਾ ਪੱਧਰ ’ਤੇ ਹੀ ਇੰਚਾਰਜਾਂ ਨੇ ਮੋਰਚਾ ਸੰਭਾਲਿਆ ਹੋਇਆ ਹੈ। ਇਸਦੇ ਨਾਲ ਹੀ, ਕੈਂਟ ਹਲਕੇ ਤੋਂ ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਕੈਂਟ ਹਲਕੇ ਦੇ ਪਿੰਡ ਕਾਦੀਆਂਵਾਲੀ, ਸਲੀਮਪੁਰ ਮਸੰਦਾਂ, ਜਮਸ਼ੇਰ, ਬੰਬੀਆਂਵਾਲ, ਕੁੱਕੜ ਪਿੰਡ, ਕੋਟ ਕਲਾਂ, ਸਰਹਾਲੀ ਤੇ ਕੋਟ ਖੁਰਦ ’ਚ ਸ਼ੁੱਕਰਵਾਰ ਨੂੰ ਚੋਣ ਮੀਟਿੰਗਾਂ ਕਰਕੇ ਆਪ ਸਰਕਾਰ ’ਤੇ ਤਿੱਖੇ ਹਮਲੇ ਕੀਤੇ। ਚੋਣ ਪ੍ਰਚਾਰ ਸ਼ੁੱਕਰਵਾਰ ਨੂੰ ਮੁੱਕੇਗਾ, ਜਦਕਿ ਐਤਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 17 ਦਸੰਬਰ ਨੂੰ ਕੀਤੀ ਜਾਵੇਗੀ।