ਉੱਚੀਆਂ-ਨੀਵੀਆਂ ਇੰਟਰਲਾਕ ਟਾਈਲਾਂ ਤੋਂ ਡਿੱਗ ਕੇ ਸੱਟਾਂ ਲੁਆ ਰਹੇ ਨੇ ਰਾਹਗੀਰ
ਇੰਟਰਲਾਕ ਟਾਈਲਾਂ ਸਹੀ ਢੰਗ ਨਾਲ ਨਾ ਲੱਗਣ ਕਾਰਨ ਵਾਹਨ ਚਾਲਕਾਂ ਨੂੰ ਆ ਰਹੀ ਪਰੇਸ਼ਾਨੀ
Publish Date: Wed, 26 Nov 2025 05:20 PM (IST)
Updated Date: Wed, 26 Nov 2025 05:23 PM (IST)

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਬੀਰ ਪਿੰਡ ਗੇਟ ਨੂੰ ਜਾਂਦੀ ਸੜਕ ’ਤੇ ਪੈਂਦੇ ਰੇਲਵੇ ਫਾਟਕ ਦੇ ਦੋਵੇਂ ਪਾਸੇ ਲਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਲੋਕਾਂ ਲਈ ਸਹੂਲਤ ਦੀ ਥਾਂ ਸਮੱਸਿਆ ਦਾ ਕਾਰਨ ਬਣੀਆਂ ਹੋਈਆਂ ਹਨ। ਇੱਥੇ ਲਾਈਆਂ ਗਈਆਂ ਇੰਟਰਲਾਕਿੰਗ ਟਾਈਲਾਂ ਸਹੀ ਨਾ ਹੋਣ ਕਾਰਨ ਲੋਕ ਹਾਦਸਿਆ ਦਾ ਸ਼ਿਕਾਰ ਹੋ ਰਹੇ ਹਨ। ਰੇਲਵੇ ਵਿਭਾਗ ਵੱਲੋਂ ਬਣਾਈ ਗਈ ਨਵੀਂ ਸੜਕ ਦਾ ਪੱਧਰ ਮੌਜੂਦਾ ਸੜਕ ਦੇ ਪੱਧਰ ਤੋਂ 7 ਤੋਂ 8 ਇੰਚ ਉੱਚਾ ਕੀਤਾ ਗਿਆ ਹੈ। ਫਾਟਕ ਦੇ ਦੋਵੇਂ ਪਾਸੇ ਸੜਕ ਦਾ ਪੱਧਰ ਉੱਚਾ ਹੋਣ ਕਾਰਨ ਦੂਰੋਂ ਦੇਖਣਾ ਮੁਸ਼ਕਲ ਹੋ ਜਾਂਦਾ ਹੈ ਤੇ ਜਦੋਂ ਵਾਹਨ ਸਵਾਰ ਇਨ੍ਹਾਂ ਦੇ ਨੇੜੇ ਪੁੱਜਦੇ ਹਨ ਤਾਂ ਟਾਈਲਾਂ ’ਤੇ ਚੜ੍ਹਨ ਮੌਕੇ ਵਾਹਨ ਤਿਲਕਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਹਰ ਰੋਜ਼ ਕਈ ਦੋਪਹੀਆ ਵਾਹਨ ਸਵਾਰ ਡਿੱਗ ਰਹੇ ਹਨ ਤੇ ਜ਼ਖਮੀ ਹੋ ਰਹੇ ਹਨ ਤੇ ਰੇਲਵੇ ਵਿਭਾਗ ਦੀ ਇਸ ਗਲਤੀ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਸਥਾਨਕ ਵਾਸੀਆਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਸੜਕ ਬਣਾਉਂਦੇ ਸਮੇਂ ਰੇਲਵੇ ਪ੍ਰਸ਼ਾਸਨ ਨੂੰ ਸੜਕ ਨੂੰ ਪੱਧਰਾ ਕਰਨਾ ਚਾਹੀਦਾ ਸੀ ਤੇ ਉੱਚਾਈ ਠੀਕ ਰੱਖਣੀ ਚਾਹੀਦੀ ਸੀ। ਢਲਾਣ ਠੀਕ ਢੰਗ ਨਾਲ ਬਣਾਉਣੀ ਚਾਹੀਦੀ ਸੀ। ਰੇਲਵੇ ਵਿਭਾਗ ਵੱਲੋਂ ਇਕ ਮਹੀਨੇ ਬਾਅਦ ਵੀ ਸੜਕ ਦੀ ਮੁਰੰਮਤ ਨਾ ਕਰਨ ਤੋਂ ਇਹ ਸੰਕੇਤ ਮਿਲਦਾ ਹੈ ਕਿ ਰੇਲਵੇ ਵਿਭਾਗ ਕਿਸੇ ਵੱਡੇ ਹਾਦਸੇ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ। ਲੋਕਾਂ ਨੇ ਖੁਦ ਅਸਥਾਈ ਹੱਲ ਕਰਨ ਲਈ ਸੜਕ ਦੇ ਦੋਵੇਂ ਪਾਸੇ ਮਿੱਟੀ ਸੁੱਟ ਦਿੱਤੀ ਪਰ ਉਹ ਵੀ ਉੱਡ-ਪੁੱਡ ਗਈ ਹੈ, ਜਿਸ ਨਾਲ ਸਥਿਤੀ ਜਿਉਂ ਦੀ ਤਿਉਂ ਹੀ ਬਣੀ ਹੋਈ ਹੈ। ਇਸ ਸਮੱਸਿਆ ਦਾ ਹੱਲ ਨਾ ਕੀਤੇ ਜਾਣ ਕਾਰਨ ਲੋਕਾਂ ’ਚ ਰੇਲਵੇ ਅਧਿਕਾਰੀਆਂ ਪ੍ਰਤੀ ਗੁੱਸਾ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਤੇ ਉੱਥੋਂ ਲੰਘ ਰਹੇ ਰਾਹਗੀਰਾਂ ਦੀ ਮੰਗ ਹੈ ਕਿ ਰੇਲਵੇ ਪ੍ਰਸ਼ਾਸਨ ਨੂੰ ਸੜਕ ਦਾ ਨਿਰਮਾਣ ਮੁੜ ਸਹੀ ਢੰਗ ਨਾਲ ਕਰਨਾ ਚਾਹੀਦਾ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਨਕੋਦਰ ਕੰਮ ਕਰਨ ਵਾਲੇ ਮਕੈਨਿਕ ਕਿਸ਼ਨ ਕੁਮਾਰ ਨੇ ਦੱਸਿਆ ਕਿ ਉਹ ਹਰ ਰੋਜ਼ ਨੂਰਮਹਿਲ ਤੋਂ ਨਕੋਦਰ ਕੰਮ ਲਈ ਆਉਂਦਾ ਹੈ। ਇਨ੍ਹਾਂ ਟਾਈਲਾਂ ਕਾਰਨ ਉਹ ਕਈ ਬਾਰ ਡਿੱਗਣ ਤੋਂ ਬਚਿਆ ਹੈ ਤੇ ਕਈ ਰਾਹਗੀਰਾਂ ਨੂੰ ਡਿੱਗਣ ਤੋਂ ਬਾਅਦ ਉਸ ਨੇ ਚੁੱਕਿਆ ਹੈ ਤੇ ਹਰਦੀਪ ਸਿੰਘ ਜੋ ਕਿ ਨਕੋਦਰ ਤੋਂ ਨੂਰਮਹਿਲ ਕੰਮ ’ਤੇ ਜਾਂਦੇ ਹਨ, ਨੇ ਦੱਸਿਆ ਕਿ ਇਨ੍ਹਾਂ ਟਾਈਲਾਂ ਨਾਲੋਂ ਤਾਂ ਪਹਿਲੀ ਸੜਕ ਹੀ ਠੀਕ ਸੀ। ਡਾ. ਹਰੀਸ਼ ਜੋ ਕਿ ਨਕੋਦਰ ਤੋਂ ਹਰ ਰੋਜ ਲਿਤਰਾ ਜਾਂਦੇ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਰਸਤੇ ’ਤੇ ਆਵਾਜਾਈ ਬਹੁਤ ਹੈ ਇਸ ਲਈ ਸਬੰਧਤ ਵਿਭਾਗ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ।