ਈਐੱਸਆਈ ਹਸਪਤਾਲ ’ਚ ਮੋਟਰ ਖਰਾਬ, ਪਾਣੀ ਦੀ ਕਿਲ੍ਹਤ
ਈਐੱਸਆਈ ਹਸਪਤਾਲ ’ਚ ਮੋਟਰ ਖਰਾਬ, ਪਾਣੀ ਦੀ ਕਿਲ੍ਹਤ
Publish Date: Sat, 17 Jan 2026 08:21 PM (IST)
Updated Date: Sat, 17 Jan 2026 08:24 PM (IST)

-ਟੈਂਕਰ ਮੰਗਵਾ ਕੇ ਪਾਣੀ ਦੀ ਸਮੱਸਿਆ ਦਾ ਕੀਤਾ ਜਾ ਰਿਹਾ ਹੱਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਈਐੱਸਆਈ ਹਸਪਤਾਲ ’ਚ ਪਾਣੀ ਦੀ ਸਪਲਾਈ ਕਰਨ ਵਾਲੀ ਮੋਟਰ ਖਰਾਬ ਹੋਣ ਕਾਰਨ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਹਸਪਤਾਲ ’ਚ ਪਾਣੀ ਦੀ ਕਮੀ ਕਾਰਨ ਮਰੀਜ਼ਾਂ ਦੇ ਨਾਲ-ਨਾਲ ਕੰਪਲੈਕਸ ’ਚ ਰਹਿਣ ਵਾਲੇ ਲੋਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ ਹਸਪਤਾਲ ਪ੍ਰਸ਼ਾਸਨ ਵੱਲੋਂ ਮੋਟਰ ਨੂੰ ਠੀਕ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰਵਾਉਣ ਦੀ ਗੱਲ ਕੀਤੀ ਗਈ ਹੈ। ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਮੋਟਰ ਤਿੰਨ ਦਿਨ ਪਹਿਲਾਂ ਖਰਾਬ ਹੋਈ ਸੀ, ਜਿਸ ਨੂੰ ਠੀਕ ਕਰਵਾਇਆ ਗਿਆ ਸੀ ਪਰ ਸ਼ੁੱਕਰਵਾਰ ਨੂੰ ਦੁਬਾਰਾ ਖਰਾਬ ਹੋਣ ਨਾਲ ਸਮੱਸਿਆ ਹੋਰ ਵੀ ਗੰਭੀਰ ਬਣ ਗਈ। ਈਐੱਸਆਈ ਹਸਪਤਾਲ ’ਚ ਮੋਟਰ ਖਰਾਬ ਹੋਣ ਕਾਰਨ ਓਪੀਡੀ, ਵਾਰਡਾਂ, ਆਪਰੇਸ਼ਨ ਥੀਏਟਰ ਦੇ ਨਾਲ-ਨਾਲ ਈਐੱਸਆਈਸੀ ਦੇ ਕੁਆਰਟਰਾਂ ਤੇ ਆਯੁਰਵੇਦਿਕ ਵਿਭਾਗ ਦੇ ਦਫ਼ਤਰ ’ਚ ਵੀ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੀ। ਲੋਕਾਂ ਨੂੰ ਪਾਣੀ ਨੇੜਲੀਆਂ ਕਾਲੋਨੀਆਂ ਤੋਂ ਲਿਆਉਣਾ ਪਿਆ। ਹਸਪਤਾਲ ਦੀ ਓਪੀਡੀ ਤੇ ਵਾਰਡਾਂ ਦੇ ਪਖਾਨਿਆਂ ’ਚ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਗੰਦਗੀ ਦਾ ਮਾਹੌਲ ਬਣਿਆ ਰਿਹਾ। ਪਾਣੀ ਦੀ ਸਮੱਸਿਆ ਨੂੰ ਲੈ ਕੇ ਹਸਪਤਾਲ ਸਟਾਫ਼ ਨੂੰ ਵੀ ਕਾਫ਼ੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਪਖਾਨਿਆਂ ’ਚ ਪਾਣੀ ਨਾ ਹੋਣ ਕਰਕੇ ਗੰਦਗੀ ਫੈਲੀ ਹੋਈ ਹੈ ਤੇ ਪੀਣ ਵਾਲੇ ਪਾਣੀ ਦੀ ਵੀ ਕਮੀ ਹੈ। ਪੀਣ ਲਈ ਪਾਣੀ ਨੇੜਲੇ ਮੁਹੱਲਿਆਂ ਤੋਂ ਲਿਆ ਜਾ ਰਿਹਾ ਹੈ। ਈਐੱਸਆਈ ਹਸਪਤਾਲ ਦੀ ਐੱਮਐੱਸ ਡਾ. ਜੋਤੀ ਸ਼ਰਮਾ ਨੇ ਕਿਹਾ ਕਿ ਟੈਂਕੀ ਨਾਲ ਜੁੜੀ ਖਰਾਬ ਮੋਟਰ ਨੂੰ ਠੀਕ ਕਰਵਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਕਰਮਚਾਰੀਆਂ ਵੱਲੋਂ ਜਲਦੀ ਹੀ ਮੋਟਰ ਠੀਕ ਕਰਵਾ ਕੇ ਪਾਣੀ ਦੀ ਸਪਲਾਈ ਬਹਾਲ ਕਰਨ ਦੀ ਗੱਲ ਕੀਤੀ ਗਈ ਹੈ। ਫਿਲਹਾਲ ਸਮੱਸਿਆ ਦਾ ਹੱਲ ਕਰਨ ਲਈ ਪਾਣੀ ਦੇ ਟੈਂਕਰ ਮੰਗਵਾ ਲਏ ਗਏ ਹਨ।