ਮਸਕਟ ’ਚ ਫਸੀ ਮਾਂ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਤੋਂ ਤਰਸੀ
ਮਸਕਟ ’ਚ ਫਸੀ ਮਾਂ ਆਪਣੇ ਪੁੱਤ ਦਾ ਆਖਰੀ ਵਾਰ ਮੂੰਹ ਦੇਖਣ ਤੋਂ ਤਰਸੀ
Publish Date: Sun, 18 Jan 2026 08:50 PM (IST)
Updated Date: Mon, 19 Jan 2026 04:21 AM (IST)

- ਬੱਚੇ ਦੀ ਲਾਸ਼ ਹਫ਼ਤੇ ਤੋਂ ਸਸਕਾਰ ਦੀ ਉਡੀਕ ’ਚ - ਮਾਮਲਿਆਂ ਨੂੰ ਵਿਦੇਸ਼ ਮੰਤਰਾਲੇ ਦੇ ਧਿਆਨ ’ਚ ਲਿਆ ਕੇ ਛੇਤੀ ਹੱਲ ਕਰਨ ਦੀ ਮੰਗ ਕੀਤੀ : ਸੰਤ ਸੀਚੇਵਾਲ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਗੁਰਬਤ ਕਾਰਨ ਪੰਜਾਬ ਸਮੇਤ ਦੇਸ਼ ਦੇ ਕਈ ਪਰਿਵਾਰਾਂ ਦੀਆਂ ਔਰਤਾਂ ਨੂੰ ਸੱਤ ਸਮੁੰਦਰਾਂ ਪਾਰ ਰੋਜ਼ੀ-ਰੋਟੀ ਖਾਤਰ ਪਰਵਾਸ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਪਰਦੇਸ ਦੀ ਇਹ ਕਮਾਈ ਕਈ ਵਾਰ ਇੰਨੀ ਮਹਿੰਗੀ ਪੈ ਜਾਂਦੀ ਹੈ ਕਿ ਇਕ ਮਾਂ ਨੁੰ ਆਪਣੇ ਪੁੱਤਰ ਤੇ ਇਕ ਪਤਨੀ ਨੂੰ ਆਪਣੇ ਪਤੀ ਦਾ ਆਖਰੀ ਵਾਰ ਮੂੰਹ ਦੇਖਣਾ ਵੀ ਨਸੀਬ ਨਹੀਂ ਹੋ ਰਿਹਾ। ਓਮਾਨ ’ਚ ਫਸੀਆਂ ਦੋ ਭਾਰਤੀ ਔਰਤਾਂ ਦੇ ਅਜਿਹੇ ਹੀ ਦਰਦ ਭਰੇ ਮਾਮਲੇ ਸਾਹਮਣੇ ਆਏ ਹਨ ਜਿਥੇ ਮਨੁੱਖਤਾ ਨੂੰ ਸ਼ਰਮਸਾਰ ਹੋਣਾ ਪੈ ਰਿਹਾ ਹੈ। ਚਾਲੀ ਮੁਕਤਿਆਂ ਦੀ ਪਵਿੱਤਰ ਧਰਤੀ ਨਾਲ ਸਬੰਧਤ ਮੰਗਾ ਸਿੰਘ ਨੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਰਾਹੀਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਸਕਟ ’ਚ ਫਸੀ ਉਸ ਦੀ ਪਤਨੀ ਨੂੰ ਤੁਰੰਤ ਵਾਪਸ ਭਾਰਤ ਲਿਆਂਦਾ ਜਾਵੇ, ਤਾਂ ਜੋ ਉਹ ਆਪਣੇ ਅੱਠ ਸਾਲਾਂ ਦੇ ਪੁੱਤਰ ਨਵਦੀਪ ਦਾ ਆਖਰੀ ਵਾਰ ਮੂੰਹ ਦੇਖ ਸਕੇ। ਨਵਦੀਪ ਦੀ ਪਿਛਲੇ ਹਫ਼ਤੇ ਬੱਲਡ ਕੈਂਸਰ ਕਾਰਨ ਮੌਤ ਹੋ ਚੁੱਕੀ ਹੈ ਪਰ ਮਾਂ ਦੀ ਗ਼ੈਰ-ਹਾਜ਼ਰੀ ਕਾਰਨ ਉਸਦੀ ਮ੍ਰਿਤਕ ਦੇਹ ਹਫ਼ਤੇ ਤੋਂ ਹਸਪਤਾਲ ’ਚ ਪਈ ਹੋਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨਵਦੀਪ ਦਾ ਸਸਕਾਰ ਉਸ ਦੀ ਮਾਂ ਆਉਣ ਤੇ ਕੀਤਾ ਜਾਵੇਗਾ। ਮੰਗਾ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਦੀ ਬੀਮਾਰੀ ਦੇ ਇਲਾਜ ਨੇ ਪਰਿਵਾਰ ਨੂੰ ਕਰਜ਼ੇ ਹੇਠ ਦਬਾ ਦਿੱਤਾ ਸੀ। ਇਸੇ ਮਜ਼ਬੂਰੀ ਵੱਸ ਪਿਛਲੇ ਸਾਲ ਸਤੰਬਰ ਮਹੀਨੇ ਉਸਦੀ ਪਤਨੀ ਓਮਾਨ ਕਮਾਈ ਕਰਨ ਗਈ ਸੀ। ਏਜੰਟਾਂ ਵੱਲੋਂ ਝਾਂਸਾ ਦਿੱਤਾ ਗਿਆ ਕਿ ਮਸਕਟ ਵਿੱਚ ਘਰੇਲੂ ਕੰਮ ਦੇ ਬਦਲੇ ਹਰ ਮਹੀਨੇ 25 ਤੋਂ 30 ਹਜ਼ਾਰ ਰੁਪਏ ਤਨਖਾਹ ਮਿਲੇਗੀ। ਮੰਗਾ ਸਿੰਘ ਨੇ ਦੱਸਿਆ ਕਿ ਉਸਦੀ ਪਤਨੀ ਤਿੰਨ ਮਹੀਨੇ ਤੱਕ ਬਿਨਾਂ ਕਿਸੇ ਸ਼ਿਕਾਇਤ ਦੇ ਸਖ਼ਤ ਮਿਹਨਤ ਕਰਦੀ ਰਹੀ। ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਉਨਾ ਦਾ ਪੁੱਤਰ ਨਵਦੀਪ ਕੈਂਸਰ ਤੋਂ ਪੀੜਤ ਹੈ ਅਤੇ ਉਸਦੀ ਹਾਲਤ ਨਾਜ਼ੁਕ ਹੈ, ਤਾਂ ਉਸਨੇ ਤੁਰੰਤ ਭਾਰਤ ਵਾਪਸ ਆਉਣ ਦੀ ਬੇਨਤੀ ਕੀਤੀ। ਇਸ ਦੇ ਬਾਵਜੂਦ, ਜਿਸ ਪਰਿਵਾਰ ਕੋਲ ਉਹ ਕੰਮ ਕਰ ਰਹੀ ਸੀ, ਉਨ੍ਹਾਂ ਵੱਲੋਂ ਵਾਪਸੀ ਦੇ ਬਦਲੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ। ਏਨੇ ਪੈਸੇ ਦੇਣ ਤੋਂ ਅਸਮਰਥ ਉਸਦੀ ਪਤਨੀ ਆਪਣੇ ਪੁੱਤਰ ਨੂੰ ਮਿਲਣ ਲਈ ਮਿੰਨਤਾਂ ਕਰਦੀ ਰਹੀ, ਪਰ ਉਸਨੂੰ ਵਾਪਸ ਨਹੀਂ ਭੇਜਿਆ ਗਿਆ। ਜਿਸ ਕਾਰਨ ਉਸ ਦੀ ਪਤਨੀ ਆਪਣੇ ਨਵਦੀਪ ਨੂੰ ਆਖਰੀ ਵਾਰ ਗਲੇ ਵੀ ਨਹੀਂ ਲਾ ਸਕੀ। ਇਸ ਤੋਂ ਇਲਾਵਾ, ਤਰਨਤਾਰਨ ਜ਼ਿਲ੍ਹੇ ਨਾਲ ਸੰਬੰਧਿਤ ਇਕ ਹੋਰ ਦਰਦਨਾਕ ਮਾਮਲਾ ਵੀ ਸਾਹਮਣੇ ਆਇਆ ਹੈ, ਜਿੱਥੇ ਓਮਾਨ ਵਿੱਚ ਫਸੀ ਇਕ ਔਰਤ ਆਪਣੇ ਪਤੀ ਰਸਲ ਸਿੰਘ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਨਹੀਂ ਹੋ ਸਕੀ। ਪਰਿਵਾਰ ਵੱਲੋਂ ਕਈ ਦਿਨ ਤੱਕ ਸਸਕਾਰ ਇਸ ਆਸ ਵਿੱਚ ਰੋਕਿਆ ਰੱਖਿਆ ਗਿਆ ਕਿ ਸ਼ਾਇਦ ਪਤਨੀ ਆਖਰੀ ਵਾਰ ਆਪਣੇ ਪਤੀ ਦਾ ਮੂੰਹ ਦੇਖ ਸਕੇ, ਪਰ ਅਜਿਹਾ ਨਹੀਂ ਹੋ ਸਕਿਆ ਅਤੇ ਮਜ਼ਬੂਰਨ ਸਸਕਾਰ ਕਰਨਾ ਪਿਆ। ਪੀੜਤ ਔਰਤ ਦੀ ਵਾਪਸੀ ਅਜੇ ਤੱਕ ਵੀ ਤੈਅ ਨਹੀਂ ਹੋ ਸਕੀ। ਇਸ ਪੀੜਤ ਪਰਿਵਾਰ ਵੱਲੋਂ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਨਾਲ ਮੁਲਾਕਾਤ ਕਰਕੇ ਮਦੱਦ ਦੀ ਗੁਹਾਰ ਲਗਾਈ ਗਈ ਹੈ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਉਨ੍ਹਾਂ ਵੱਲੋਂ ਤੁਰੰਤ ਇਹਨਾਂ ਮਾਮਲਿਆਂ ਨੂੰ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ ਅਤੇ ਇਸਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਓਮਾਨ ਵਿੱਚ ਅਜਿਹੇ ਕੇਸ ਅਕਸਰ ਸਾਹਮਣੇ ਆਉਂਦੇ ਹਨ, ਪਰ ਇਹ ਦੋ ਮਾਮਲੇ ਬਹੁਤ ਹੀ ਗੰਭੀਰ ਅਤੇ ਮਨੁੱਖਤਾ ਨੂੰ ਝਿੰਜੋੜਨ ਵਾਲੇ ਹਨ—ਜਿੱਥੇ ਇੱਕ ਮਾਂ ਨੂੰ ਉਸਦੇ ਬੱਚੇ ਦੇ ਸਸਕਾਰ ਲਈ ਤੜਪਾਇਆ ਗਿਆ ਅਤੇ ਇੱਕ ਪਤਨੀ ਨੂੰ ਪਤੀ ਦੇ ਅੰਤਿਮ ਸੰਸਕਾਰ ਤੋਂ ਵੀ ਵੰਚਿਤ ਕਰ ਦਿੱਤਾ ਗਿਆ। ਉਹਨਾਂ ਮੁੜ ਤੋਂ ਅਪੀਲ ਕੀਤੀ ਕਿ ਬਿਨਾਂ ਪੂਰੀ ਜਾਣਕਾਰੀ ਦੇ ਵਿਦੇਸ਼ਾਂ ਵਿੱਚ ਜਾਣ ਤੋਂ ਗੁਰੇਜ਼ ਕੀਤਾ ਜਾਵੇ, ਕਿਉਂਕਿ ਕਈ ਸਾਡੇ ਵੱਲੋਂ ਲਿਆ ਗਿਆ ਇਹ ਫੈਸਲਾ ਸਾਡੀ ਜ਼ਿੰਦਗੀ ਲਈ ਬਹੁਤ ਖਤਰਨਾਕ ਬਣ ਜਾਂਦਾ ਹੈ।