ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਵਿਖੇ ਸਥਿਤ ਤੇ 1920 ਵਿਚ 11 ਮੈਂਬਰਾਂ ਨਾਲ ਬਣੀ ‘ਦ ਲਾਂਬੜਾ ਕਾਂਗੜੀ ਮਲਟੀਪਰਪਜ਼ ਕੋਆਪੇ੍ਰਟਿਵ ਸਰਵਿਸ ਸੁਸਇਟੀ’ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਚੁੱਕੀ ਹੈ। 1999 ’ਚ ਤਤਕਾਲੀ ਜੁਆਇੰਟ ਰਜਿਸਟਰਾਰ ਕਾਹਨ ਸਿੰਘ ਪੰਨੂ ਵੱਲੋਂ ਸੁਸਾਇਟੀ ਨੂੰ ਤਰੱਕੀ ਦੇ ਰਾਹ ਅਤੇ ਪੂਰੀ ਦੁਨੀਆ ’ਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਮਕਸਦ ਨਾਲ ਗੋਦ ਲਿਆ ਗਿਆ ਸੀ।

ਜਸਵੰਤ ਭਾਗੋਵਾਲ, ਅੱਡਾ ਸਰਾਂ : ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਲਾਂਬੜਾ ਵਿਖੇ ਸਥਿਤ ਤੇ 1920 ਵਿਚ 11 ਮੈਂਬਰਾਂ ਨਾਲ ਬਣੀ ‘ਦ ਲਾਂਬੜਾ ਕਾਂਗੜੀ ਮਲਟੀਪਰਪਜ਼ ਕੋਆਪੇ੍ਰਟਿਵ ਸਰਵਿਸ ਸੁਸਇਟੀ’ ਆਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਚੁੱਕੀ ਹੈ। 1999 ’ਚ ਤਤਕਾਲੀ ਜੁਆਇੰਟ ਰਜਿਸਟਰਾਰ ਕਾਹਨ ਸਿੰਘ ਪੰਨੂ ਵੱਲੋਂ ਸੁਸਾਇਟੀ ਨੂੰ ਤਰੱਕੀ ਦੇ ਰਾਹ ਅਤੇ ਪੂਰੀ ਦੁਨੀਆ ’ਚ ਆਪਣੀ ਵੱਖਰੀ ਪਛਾਣ ਬਣਾਉਣ ਦੇ ਮਕਸਦ ਨਾਲ ਗੋਦ ਲਿਆ ਗਿਆ ਸੀ। ਅੱਜ ਇਹ ਸਹਿਕਾਰੀ ਸਭਾ ਜ਼ਿਲ੍ਹਾ, ਸੂਬਾ, ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਅਨੇਕਾਂ ਸਨਮਾਨ ਪ੍ਰਾਪਤ ਕਰ ਚੁੱਕੀ ਹੈ।
ਸੁਸਾਇਟੀ ਦੀਆਂ ਪ੍ਰਾਪਤੀਆਂ ਸਬੰਧੀ ਪ੍ਰਾਜੈਕਟ ਮੈਨੇਜਰ ਤੇ ਸਕੱਤਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਕਾਹਨ ਸਿੰਘ ਪੰਨੂ ਵੱਲੋਂ 24 ਸਾਲ ਪਹਿਲਾਂ ਲਿਆ ਸੁਪਨਾ ਹੁਣ ਪੂਰਾ ਹੋ ਰਿਹਾ ਹੈ। ਇਹ ਸੁਸਾਇਟੀ ਆਪਣੇ ਫੰਡਾਂ ਨਾਲ ਕੰਮ ਕਰਦੀ ਹੈ। ਹੁਣ ਸੁਸਾਇਟੀ ਦਾ ਕਾਰੋਬਾਰ ਕਾਫ਼ੀ ਵੱਡਾ ਹੋ ਚੁੱਕਿਆ ਹੈ। ਇਸ ਸੁਸਾਇਟੀ ਦੇ ਹਰ ਕੰਮ ਨੂੰ ਡਿਜ਼ੀਟਲ ਸਿਸਟਮ ਨਾਲ ਜੋੜਿਆ ਗਿਆ ਹੈ ਜਿਸ ਵਿਚ ਕੰਪਿਊਟਰ, ਟੈਬ, ਜੀਪੀਐੱਸ, ਸੀਸੀਟੀਵੀ ਕੈਮਰਾ ਦੀ ਵਰਤੋਂ ਕੀਤੀ ਜਾਂਦੀ ਹੈ।
ਕਰੀਬ 15 ਸਾਲ ਪਹਿਲਾਂ ਸੁਸਾਇਟੀ ਨੇ ਇਕ ਟਰੈਕਟਰ ਤੇ ਕੁਝ ਖੇਤੀਬਾੜੀ ਨਾਲ ਸਬੰਧਤ ਔਜਾਰ ਖ਼ਰੀਦੇ ਸਨ। ਹੌਲੀ-ਹੌਲੀ ਇਸ ਸੁਸਾਇਟੀ ਵੱਲੋਂ ਨਵੀਂ ਤਕਨੀਕ ਦੇ ਔਜਾਰ ਖ਼ਰੀਦ ਕਰਦਿਆਂ ਅੱਜ ਸੁਸਾਇਟੀ ਦੇ ਕੋਲ ਲਗਪਗ ਹਰ ਪ੍ਰਕਾਰ ਦੀ ਖੇਤੀ ਮਸ਼ੀਨਰੀ ਮੌਜੂਦ ਹੈ। ਜਿਸ ਵਿਚ 5 ਟਰੈਕਟਰ, 3 ਲੇਜਰ ਲੈਵਲਰ, 1 ਝੋਨੇ ਦੀ ਬਿਜਾਈ ਵਾਲੀ ਮਸ਼ੀਨ, 1 ਝੋਨੇ ਕੱਢਣ ਵਾਲੀ ਮਸ਼ੀਨ, 2 ਚੌਪਰ, 2 ਹੈਪੀ ਸੀਡਰ, 5 ਰੋਟਾਵੀਟਰ, ਡਿਸਕਾਂ, ਟਿੱਲਰ ਕਣਕ ਵਾਲੀਆਂ ਮਸ਼ੀਨਾਂ, ਡਰਿੱਲਾਂ, ਟਰਾਲੀਆਂ ਆਦਿ ਸ਼ਾਮਲ ਹੈ।
------------------
ਗੋਬਰ ਗੈਸ ਪਲਾਂਟ ਨਾਲ ਦਿੱਤੀ ਲੋਕਾਂ ਨੂੰ ਸਹੂਲਤ
ਸੁਸਇਟੀ ਨੇ ਗੋਬਰ ਗੈਸ ਪਲਾਂਟ ਲਗਾਇਆ ਹੈ। ਜਿਸ ਨਾਲ ਭਾਰਤ ਸਰਕਾਰ ਦੀ ਸਵੱਛ ਭਾਰਤ ਯੋਜਨਾ ਦੇ ਅਨੁਸਾਰ ਇਕ ਤਾਂ ਪਿੰਡ ਨੂੰ ਸਾਫ਼ ਸੁਥਰਾ ਬਣਾਇਆ ਗਿਆ ਹੈ ਤੇ ਦੂਜਾ ਪਿੰਡ ਦਾ ਗੋਹਾ ਇਕੱਠਾ ਕਰ ਕੇ ਖਾਦ ਤਿਆਰ ਕੀਤੀ ਜਾਂਦੀ ਹੈ। ਪਿੰਡ ਵਾਸੀਆਂ ਨੂੰ ਪਾਈਪਲਾਈਨ ਰਾਹੀਂ ਮੀਟਰ ਲਗਾ ਕੇ ਗੈਸ ਦੀ ਘਰਾਂ ਵਿਚ ਸਪਲਾਈ ਕੀਤੀ ਜਾ ਰਹੀ ਹੈ। ਜੋ ਘਰ ਇਸਦੀ ਵਰਤੋਂ ਕਰ ਰਹੇ ਹਨ ਉਨ੍ਹਾਂ ਨੂੰ ਲਗਪਗ 276 ਰੁਪਏ ਦੇ ਹਿਸਾਬ ਨਾਲ ਇਕ ਗੈਸ ਸਿਲੰਡਰ ਦੇ ਬਰਾਬਰ ਇਸ ਦਾ ਬਿੱਲ ਦੇਣਾ ਪੈਂਦਾ ਹੈ ਤੇ ਪਿੰਡ ਵਾਸੀਆਂ ਨੂੰ 600 ਰੁਪਏ ਤੋਂ 800 ਰੁਪਏ ’ਚ 5000 ਲੀਟਰ ਦਾ ਦੇਸੀ ਖਾਦ ਦਾ ਟੈਂਕਰ ਵੀ ਮਿਲ ਜਾਂਦਾ ਹੈ। ਇਸ ਪੂਰੇ ਪ੍ਰਾਜੈਕਟ ਨੂੰ ਵੀ ਡਿਜੀਟਲ ਤਕਨੀਕ ਨਾਲ ਹੈਂਡਲ ਕੀਤਾ ਜਾ ਰਿਹਾ ਹੈ।
-----------------------
ਮਾਡਲ ਵਾਟਰ ਟ੍ਰੀਟਮੈਂਟ ਪਲਾਂਟ
ਘਰਾਂ ਵਿੱਚੋਂ ਨਿਕਲਣ ਵਾਲੇ ਗੰਦੇ ਪਾਣੀ ਨੂੰ ਸਾਫ਼ ਕਰਨ ਲਈ ਲਗਾਇਆ ਟ੍ਰੀਟਮੈਂਟ ਪਲਾਂਟ ਇਸ ਪਾਣੀ ਨੂੰ ਸਾਫ਼ ਕਰ ਕੇ ਸਿੰਚਾਈ ਦੇ ਕੰਮਾਂ ’ਚ ਵਰਤਿਆ ਜਾ ਸਕੇ। ਇਹ ਪ੍ਰਾਜੈਕਟ ਧਰਤੀ ਹੇਠਲੇ ਪਾਣੀ ਦੇ ਡਿਗਦੇ ਪੱਧਰ ਨੂੰ ਬਚਾਉਣ ਲਈ ਮਾਡਲ ਦੇ ਰੂਪ ਵਿਚ ਵਿਕਸਤ ਕੀਤਾ ਗਿਆ ਹੈ।
ਵੱਖ-ਵੱਖ ਸਮੱਗਰੀ ਪੀਸਣ ਵਾਲੀਆਂ ਮਸ਼ੀਨਾਂ ਸਥਾਪਤ ਕਰਨਾ
ਸੁਸਾਇਟੀ ਅਧੀਨ ਪੈਂਦੇ ਪਿੰਡ ਡਡਿਆਣਾ ਕਲਾਂ ਵਿਚ ਪ੍ਰਾਇਮਰੀ ਪ੍ਰੋਸੈਸਿੰਗ ਸੈਂਟਰ ਅੰਡਰ 73 ਲੱਖ ਰੁਪਏ ਦੀ ਲਾਗਤ ਨਾਲ ਫਲੋਰ ਮਿੱਲ, ਸਪੈਲਰ, ਮਿੰਨੀ ਸੈਲਰ ਮਸਾਲੇ ਤੇ ਹੋਰ ਵੱਖ-ਵੱਖ ਕਿਸਮ ਦੀ ਸਮੱਗਰੀ ਪੀਸਣ ਵਾਲੀਆਂ ਆਧੁਨਿਕ ਮਸ਼ੀਨਾਂ ਸਥਾਪਤ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ।
--------------------------
ਲੋਕਾਂ ਦੀ ਮਦਦ ਲਈ ਅਨੇਕਾਂ ਸਹੂਲਤਾਂ
- ਕਰੀਬ 12 ਸਾਲ ਪਹਿਲਾਂ ਇੰਡੀਅਨ ਆਇਲ ਕੰਪਨੀ ਤੋਂ ਲਾਇਸੈਂਸ ਲੈ ਕੇ ਡੀਜ਼ਲ ਪੰਪ ਚਲਾਇਆ ਜਾ ਰਿਹਾ ਹੈ। ਜਿਸ ਨਾਲ ਮੈਂਬਰਾਂ ਨੂੰ ਦੂਰੋਂ ਤੇਲ ਲੈ ਕੇ ਆਉਣ ਤੋਂ ਛੁਟਕਾਰਾ ਮਿਲਿਆ ਹੈ। ਹੁਣ ਮੈਂਬਰਾਂ ਨੂੰ ਸੁਸਾਇਟੀ ਦੇ ਪੰਪ ਤੋਂ ਸ਼ੁੱਧ ਤੇ ਪੂਰਾ ਤੇਲ ਮਿਲਦਾ ਹੈ।
- ਬਿਮਾਰ ਲੋਕਾਂ ਨੂੰ ਹਸਪਤਾਲ ਤੱਕ ਲਿਜਾਣ ਲਈ ਆਪਣੀ ਐਂਬੂਲੈਸ ਰੱਖੀ ਗਈ ਹੈ ਜੋ 24 ਘੰਟੇ ਤਿਆਰ ਹੁੰਦੀ ਹੈ।
- ਇਫਕੋ ਅਤੇ ਕ੍ਰਿਭਕੋ ’ਚ 40 ਲੱਖ ਦੇ ਸ਼ੇਅਰ ਪਾਏ ਹੋਏ ਹਨ ਇਹਨਾਂ ਕੰਪਨੀਆਂ ਤੋਂ ਸੁਸਾਇਟੀ ਨੂੰ ਹਰ ਸਾਲ 20 ਫ਼ੀਸਦੀ ਦੇ ਕਰੀਬ ਡਿਵੀਡੈਂਡ ਪ੍ਰਾਪਤ ਹੋ ਰਿਹਾ ਹੈ।
- ਖੇਤੀ ਦੇ ਸਬੰਧ ’ਚ ਆ ਰਹੀਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਨਾਬਾਰਡ ਦੇ ਸਹਿਯੋਗ ਨਾਲ ਇਕ ਕਿਸਾਨ ਕਲੱਬ ਤੇ ਖੇਤੀਬਾੜੀ ਮਹਿਕਮੇ ਦੇ ਸਹਿਯੋਗ ਨਾਲ ਕੈਂਪ ਲਗਾ ਕਿ ਕਿਸਾਨਾਂ ਨੂੰ ਫ਼ਸਲਾਂ ਦੀ ਸੰਭਾਲ ਬਾਰੇ ਜਾਣਕਾਰੀ ਮੁਹੱਈਆ ਕਰਵਾਉਣਾ।
- ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਦੇ ਮਕਸਦ ਨਾਲ 2007 ਵਿਚ ਸੁਸਾਇਟੀ ਵੱਲੋਂ ਹੈਲਥ ਕਲੱਬ ਬਣਾਇਆ ਗਿਆ ਹੈ।
- ਆਪਣੇ ਮੈਂਬਰਾਂ ਨੂੰ ਸਹੀ ਰੇਟ ’ਤੇ ਖਾਦਾਂ ਤੇ ਕਰਿਆਨੇ ਦਾ ਸਾਮਾਨ ਮੁਹੱਈਆ ਕਰਵਾਇਆ ਜਾਂਦਾ ਹੈ।
- ਬੱਚਿਆਂ ਲਈ ਮੁਫ਼ਤ ਟੇ੍ਰਨਿੰਗ ਕੋਰਸ ਹਨ, ਜਿਵੇਂ ਕਿ ਕੰਪਿਊਟਰ, ਸਿਲਾਈ ਕਢਾਈ ਤੇ ਬਿਊਟੀ ਪਾਰਲਰ ਦੀ ਸਿਖਲਾਈ।
- ਬਿਮਾਰਾਂ ਲਈ ਫਿਜ਼ੀਓਥੈਰੇਪੀ ਸੈਂਟਰ ਵੀ ਖੋਲ੍ਹਿਆ ਹੋਇਆ ਹੈ।