ਵਾਰਡ ’ਚ ਸਫਾਈ ਨਾ ਹੋਣ ਕਾਰਨ ਮੁਹੱਲਾ ਵਾਸੀ ਪਰੇਸ਼ਾਨ
ਵਾਰਡ ’ਚ ਸਫਾਈ ਨਾ ਹੋਣ ਕਾਰਨ ਮੁਹੱਲਾ ਵਾਸੀ ਪ੍ਰੇਸ਼ਾਨ
Publish Date: Thu, 20 Nov 2025 07:28 PM (IST)
Updated Date: Thu, 20 Nov 2025 07:28 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਵਾਰਡ ਨੰਬਰ ਪੰਜ ਦੇ ਮੁਹੱਲਾ ਚੌਧਰੀਆਂ ’ਚ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਮੱਛਰ ਮੱਖੀਆਂ ਪੈਦਾ ਹੋਣ ਕਰਕੇ ਬਿਮਾਰੀਆਂ ਫੈਲਣ ਦਾ ਡਰ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਦੇ ਵਾਰਡ ’ਚ ਕੋਈ ਸਫ਼ਾਈ ਮੁਲਾਜ਼ਮ ਨਹੀਂ ਆ ਰਿਹਾ। ਇਸ ਕਾਰਨ ਗਲੀਆਂ ’ਚ ਕੂੜਾ ਖਿਲਰਿਆ ਪਿਆ ਹੈ। ਵਾਰਡ ਵਾਸੀ ਬਲਰਾਮ, ਸ੍ਰਿਸ਼ਟੀ, ਨਵਜੋਤ ਸਿੰਘ, ਬੱਬੂ, ਕਾਤੂ ਤੇ ਹੋਰਨਾਂ ਨੇ ਦੱਸਿਆ ਕਿ ਉਹ ਸਫਾਈ ਨਾ ਹੋਣ ਦਾ ਮਾਮਲਾ ਇਲਾਕਾ ਕੌਂਸਲਰ ਤੇ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆ ਚੁੱਕੇ ਹਨ। ਇਸ ਦੇ ਬਾਵਜੂਦ ਵਾਰਡ ’ਚ ਸਾਫ-ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਵਾਰਡ ਵਾਸੀਆਂ ਨੇ ਮੰਗ ਕੀਤੀ ਕਿ ਇਲਾਕੇ ’ਚ ਕੂੜਾ ਚੁੱਕਣ ਦਾ ਪ੍ਰਬੰਧ ਤੁਰੰਤ ਕਰਵਾਇਆ ਜਾਵੇ। ਵਾਰਡ ਦੇ ਕੌਂਸਲਰ ਰਾਜ ਕੁਮਾਰ ਸੰਧੂ ਨਾਲ ਸਫਾਈ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਵਾਰਡ ’ਚ ਜਲਦ ਹੀ ਸਫਾਈ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਸਹਿਰ ਵਾਸੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ ਪਰ ਕੁਝ ਲੋਕਾਂ ਵੱਲੋਂ ਸਵੱਛਤਾ ਨੂੰ ਅਣਗੌਲਿਆਂ ਕਰ ਕੇ ਥਾਂ-ਥਾਂ ’ਤੇ ਕੂੜਾ ਸੁੱਟਿਆ ਜਾਂਦਾ ਹੈ। ਓਧਰ ਨਗਰ ਕੌਂਸਲ ਦੀ ਸੈਨਟਰੀ ਅਫਸਰ ਦੀਪ ਮਾਲਾ ਨੇ ਸੰਪਰਕ ਕਰਨ ’ਤੇ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਨਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਸ਼ਤਾਬਦੀ ਦਿਵਸ ਕਾਰਨ ਸ਼ਹਿਰ ਦੇ ਸਫਾਈ ਸੇਵਕਾਂ ਦੀ ਡਿਊਟੀ ਉਥੇ ਲੱਗੀ ਹੋਈ ਹੈ। ਮੁਲਾਜ਼ਮਾਂ ਦੀ ਘਾਟ ਕਾਰਨ ਇਹ ਸਮੱਸਿਆ ਆ ਰਹੀ ਹੈ ਪਰ ਆਉਣ ਵਾਲੇ ਦਿਨਾਂ ’ਚ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।