ਪਾਸ਼ ਮਾਰਕੀਟ ’ਚੋਂ ਟਰਾਂਸਫਾਰਮਰ ਹਟਾਉਣ ਦੀ ਮੰਗ
ਸ਼ਿਵਾਨੀ ਪਾਰਕ ਦੇ ਸਾਹਮਣੇ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ ਕਰਕੇ ਮਾਡਲ ਟਾਊਨ ਵਾਸੀਆਂ ’ਚ ਰੋਸ
Publish Date: Thu, 27 Nov 2025 08:08 PM (IST)
Updated Date: Thu, 27 Nov 2025 08:11 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਸ਼ਿਵਾਨੀ ਪਾਰਕ ਮਾਡਲ ਟਾਊਨ ਦੇ ਸਾਹਮਣੇ ਲੱਗੇ ਬਿਜਲੀ ਦੇ ਟ੍ਰਾਂਸਫਾਰਮਰ ਕਰਕੇ ਇਲਾਕਾ ਵਾਸੀਆਂ ’ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜਲਦ ਹੀ ਇਸ ਟਰਾਂਸਫਾਰਮਰ ਨੂੰ ਇਸ ਥਾਂ ਤੋਂ ਹਟਾ ਕੇ ਕਿਸੇ ਹੋਰ ਥਾਂ ’ਤੇ ਲਾਇਆ ਜਾਵੇ। ਇਸ ਸਬੰਧੀ ਰੋਸ ਪ੍ਰਗਟ ਕਰਦੇ ਹੋਏ ਮਾਡਲ ਟਾਊਨ ਵਾਸੀ ਤਜਿੰਦਰ ਸਿੰਘ, ਰਜਤ, ਵਿਕਾਸ ਮਲਹੋਤਰਾ, ਮਨੀਸ਼ ਅਗਰਵਾਲ, ਚਟਵਾਲ, ਵਿਕਾਸ ਚੋਪੜਾ, ਹਰੀਸ਼ ਸਚਦੇਵਾ, ਹਰਸ਼ ਅਰੋੜਾ ਤੇ ਰਜਤ ਛਾਬੜਾ ਨੇ ਕਿਹਾ ਕਿ ਕਈ ਵਾਰ ਇਸ ਟਰਾਂਸਫਾਰਮਰ ’ਚ ਅੱਗ ਦੀਆਂ ਚੰਗਿਆੜੀਆਂ ਦੇਖਣ ਨੂੰ ਮਿਲਦੀਆਂ ਹਨ। ਇਨ੍ਹਾਂ ਥਾਵਾਂ ’ਤੇ ਦੁਕਾਨਦਾਰਾਂ ਦੀਆਂ ਕਈ ਗੱਡੀਆਂ ਵੀ ਖੜ੍ਹੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਕਿਸੇ ਵੇਲੇ ਵੀ ਭਾਰੀ ਨੁਕਸਾਨ ਹੋ ਸਕਦਾ ਹੈ। ਦੁਕਾਨਦਾਰ ਤੇ ਇਲਾਕਾ ਵਾਸੀ ਵਿਭਾਗ ਦੀ ਅਣਗਹਿਲੀ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਜੇਕਰ ਜਲਦ ਹੀ ਇਸ ਟਰਾਂਸਫਾਰਮ ਨੂੰ ਇਸ ਥਾਂ ਤੋਂ ਹਟਾ ਕੇ ਕਿਸੇ ਹੋਰ ਥਾਂ ’ਤੇ ਸ਼ਿਫਟ ਨਹੀਂ ਕੀਤਾ ਗਿਆ ਤਾਂ ਦੁਕਾਨਦਾਰ ਸੰਘਰਸ਼ ਕਰਨ ਨੂੰ ਮਜਬੂਰ ਹੋ ਜਾਣਗੇ।