ਭਲਕੇ ਜਲੰਧਰ ਪੁੱਜੇਗਾ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ
ਵਿਧਾਇਕ ਤੇ ਡਿਪਟੀ ਕਮਿਸ਼ਨਰ ਵੱਲੋਂ ਨਗਰ ਕੀਰਤਨ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ
Publish Date: Wed, 19 Nov 2025 07:42 PM (IST)
Updated Date: Wed, 19 Nov 2025 07:43 PM (IST)

-ਵਿਧਾਇਕਾ ਤੇ ਡੀਸੀ ਵੱਲੋਂ ਨਗਰ ਕੀਰਤਨ ਦੀਆਂ ਤਿਆਰੀਆਂ ਤੇ ਪ੍ਰਬੰਧਾਂ ਦੀ ਸਮੀਖਿਆ --ਨਗਰ ਕੀਰਤਨ ਦੇ ਰਸਤੇ ’ਤੇ ਲੰਗਰ ਸੇਵਾ ਤੇ ਹੋਰ ਲੁੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੇ 350 ਵਰ੍ਹੇ ਨੂੰ ਸਮਰਪਿਤ ਕਰਵਾਏ ਜਾ ਰਹੇ ਯਾਦਗਾਰੀ ਸਮਾਗਮਾਂ ਦੀ ਲੜੀ ਤਹਿਤ 21 ਨਵੰਬਰ ਨੂੰ ਜਲੰਧਰ ਵਿਖੇ ਪੁੱਜਣ ਵਾਲੇ ਨਗਰ ਕੀਰਤਨ ਦੇ ਵਿਸ਼ਰਾਮ ਤੇ ਸੰਗਤਾਂ ਦੇ ਠਹਿਰਾਅ ਸਬੰਧੀ ਪ੍ਰਬੰਧਾਂ ਦਾ ਅੱਜ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਤੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਜਾਇਜ਼ਾ ਲਿਆ। ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇਸ ਸਬੰਧੀ ਹੋਈ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 20 ਨਵੰਬਰ ਨੂੰ ਗੁਰਦਾਸਪੁਰ ਤੋਂ ਆਰੰਭ ਹੋਣ ਵਾਲਾ ਨਗਰ ਕੀਰਤਨ 21 ਨਵੰਬਰ ਨੂੰ ਜਲੰਧਰ ’ਚ ਪ੍ਰਵੇਸ਼ ਕਰੇਗਾ ਤੇ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਲਈ ਰਵਾਨਾ ਹੋਵੇਗਾ। ਉਨ੍ਹਾਂ ਦੱਸਿਆ ਕਿ 21 ਨਵੰਬਰ ਰਾਤ ਨੂੰ ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ ਵਿਖੇ ਨਗਰ ਕੀਰਤਨ ਦਾ ਵਿਸ਼ਰਾਮ ਹੋਵੇਗਾ। ਇਸ ਮੌਕੇ ਐੱਸਐੱਸਪੀ ਜਲੰਧਰ (ਦਿਹਾਤੀ) ਹਰਵਿੰਦਰ ਸਿੰਘ ਵਿਰਕ, ਕਮਿਸ਼ਨਰ ਨਗਰ ਨਿਗਮ ਜਲੰਧਰ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ ਤੇ ਡਿਪਟੀ ਕਮਿਸ਼ਨਰ ਆਫ ਪੁਲਿਸ ਨਰੇਸ਼ ਡੋਗਰਾ ਵੀ ਮੌਜੂਦ ਸਨ। ਵਿਧਾਇਕ ਤੇ ਡਿਪਟੀ ਕਮਿਸ਼ਨਰ ਨੇ ਜਲੰਧਰ ਦੇ ਵੱਖ-ਵੱਖ ਸਥਾਨਾਂ ਤੋਂ ਹੋ ਕੇ ਗੁਜ਼ਰਨ ਵਾਲੇ ਨਗਰ ਕੀਰਤਨ ਦੇ ਰਸਤਿਆਂ ’ਤੇ ਲੰਗਰ ਸੇਵਾ ਦੀਆਂ ਤਿਆਰੀਆਂ, ਮੈਡੀਕਲ ਸਹਾਇਤਾ, ਟ੍ਰੈਫਿਕ ਪ੍ਰਬੰਧਾਂ, ਸੁਰੱਖਿਆ ਤੇ ਸੰਗਤ ਦੇ ਠਹਿਰਾਅ ਸਬੰਧੀ ਇੰਤਜ਼ਾਮਾਂ ਦਾ ਜਾਇਜ਼ਾ ਲੈਂਦਿਆਂ ਸਬੰਧਤ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ਾ ਦਿੱਤੇ। ਉਨ੍ਹਾਂ ਸਪੱਸ਼ਟ ਕਿਹਾ ਕਿ ਧਾਰਮਿਕ ਮਹੱਤਤਾ ਵਾਲੇ ਇਸ ਸਮਾਗਮ ’ਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਨਗਰ ਕੀਰਤਨ ਦੇ ਪੂਰੇ ਰਸਤੇ ’ਤੇ ਸਾਫ-ਸਫਾਈ, ਲੰਗਰ ਦੀ ਵਿਵਸਥਾ, ਪੀਣ ਵਾਲੇ ਪਾਣੀ, ਸੁਰੱਖਿਆ, ਮੈਡੀਕਲ ਟੀਮਾਂ, ਟ੍ਰੈਫਿਕ ਕੰਟਰੋਲ, ਸਟ੍ਰੀਟ ਲਾਈਟਾਂ ਆਦਿ ਦੇ ਪ੍ਰਬੰਧ ਯਕੀਨੀ ਬਣਾਉਣ ਤੋਂ ਇਲਾਵਾ ਨਗਰ ਕੀਰਤਨ ਦੇ ਰਸਤੇ ’ਤੇ ਜੇਕਰ ਕਿਤੇ ਕੋਈ ਬਿਜਲੀ/ਟੈਲੀਕਾਮ ਆਦਿ ਦੀਆਂ ਨੀਵੀਂਆਂ ਤਾਰਾਂ ਲਟਕ ਰਹੀਆਂ ਹਨ, ਨੂੰ ਤੁਰੰਤ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਗੁਰਦੁਆਰਾ ਡੇਰਾ ਸੰਤਗੜ੍ਹ ਸਾਹਿਬ ਵਿਖੇ ਨਗਰ ਕੀਰਤਨ ਦੇ ਵਿਸ਼ਰਾਮ ਸਬੰਧੀ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਨਿਰਵਿਘਨ ਬਿਜਲੀ ਸਪਲਾਈ, ਢੁੱਕਵੀਂ ਪਾਰਕਿੰਗ ਤੋਂ ਇਲਾਵਾ ਸੰਗਤ ਦੀ ਸੁਵਿਧਾ ਲਈ ਸਾਰੇ ਜ਼ਰੂਰੀ ਇੰਤਜ਼ਾਮ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਤਾਂ ਜੋ ਨਗਰ ਕੀਰਤਨ ’ਚ ਸ਼ਾਮਲ ਹੋਣ ਵਾਲੀ ਸੰਗਤ ਨੂੰ ਕੋਈ ਅਸੁਵਿਧਾ ਪੇਸ਼ ਨਾ ਆਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਨਵਦੀਪ ਕੌਰ, ਜੁਆਇੰਟ ਕਮਿਸ਼ਨਰ ਨਗਰ ਨਿਗਮ ਮਨਦੀਪ ਕੌਰ ਤੇ ਸੁਮਨਦੀਪ ਕੌਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਸਿੱਖ ਜੱਥੇਬੰਦੀਆਂ ਦੇ ਨੁਮਾਇੰਦੇ ਮੌਜੂਦ ਸਨ।